Cyber Crime : ਪਾਲਿਸੀ ਬੰਦ ਕਰਵਾਉਣ ਲਈ ਆਏ ਲਿੰਕ 'ਤੇ ਕਲਿੱਕ ਕਰਨਾ ਪਿਆ ਮਹਿੰਗਾ, ਖਾਤੇ 'ਚੋਂ 95 ਹਜ਼ਾਰ ਰੁਪਏ ਗਾਇਬ
ਪੀੜਤ ਨੇ ਦੱਸਿਆ ਕਿ 10 ਹਜ਼ਾਰ ਰੁਪਏ ਦੀ ਐਂਟਰੀ ਉਸੇ ਸਮੇਂ ਹੋ ਗਈ ਸੀ, ਜਦਕਿ ਬਾਅਦ ਵਿੱਚ 40 ਹਜ਼ਾਰ ਅਤੇ 45 ਹਜ਼ਾਰ ਰੁਪਏ ਦੀਆਂ ਹੋਰ ਐਂਟਰੀਆਂ ਰਾਹੀਂ ਰਕਮ ਕਢਵਾਈ ਗਈ। ਮਾਮਲੇ ਦਾ ਪਤਾ ਲੱਗਦੇ ਹੀ ਉਸ ਨੇ ਤੁਰੰਤ ਆਪਣਾ ਕਰੈਡਿਟ ਕਾਰਡ ਬਲਾਕ ਕਰਵਾਇਆ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਅਤੇ ਸਬੰਧਤ ਬੈਂਕ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ।
Publish Date: Fri, 25 Sep 2026 03:34 PM (IST)
Updated Date: Fri, 25 Sep 2026 03:39 PM (IST)
ਦੀਪਕ ਬਾਂਸਲ ਪੰਜਾਬੀ ਜਾਗਰਣ ਤਪਾ ਮੰਡੀ : ਆਨਲਾਈਨ ਠੱਗੀ ਕਰਨ ਵਾਲੇ ਸਾਈਬਰ ਅਪਰਾਧੀ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਹਰ ਰੋਜ਼ ਨਵੇਂ ਤਰੀਕੇ ਅਪਣਾ ਰਹੇ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਤਪਾ ਮੰਡੀ 'ਚ ਸਾਹਮਣੇ ਆਈ ਹੈ, ਜਿੱਥੇ ਕਰੈਡਿਟ ਕਾਰਡ ਦੀ ਪਾਲਿਸੀ ਬੰਦ ਕਰਵਾਉਣ ਬਹਾਨੇ ਇਕ ਵਿਅਕਤੀ ਨੂੰ ਲਿੰਕ ਭੇਜ ਕੇ ਉਸ ਦੇ ਖਾਤੇ 'ਚੋਂ ਕਰੀਬ 95 ਹਜ਼ਾਰ ਰੁਪਏ ਕਢਵਾ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਪੁੱਤਰ ਧਰਮਪਾਲ ਨੇ ਦੱਸਿਆ ਕਿ ਉਸ ਕੋਲ ਇੱਕ ਕਰੈਡਿਟ ਕਾਰਡ ਦੀ ਪਾਲਿਸੀ ਚੱਲ ਰਹੀ ਸੀ। ਇਸ ਦੌਰਾਨ ਉਸ ਨੂੰ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆ। ਫੋਨ ਕਰਨ ਵਾਲੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਕ੍ਰੈਡਿਟ ਕਾਰਡ ’ਤੇ ਪਾਲਿਸੀ ਚੱਲ ਰਹੀ ਹੈ ਅਤੇ ਜੇਕਰ ਉਹ ਇਸ ਨੂੰ ਬੰਦ ਕਰਵਾਉਣਾ ਚਾਹੁੰਦਾ ਹੈ ਤਾਂ ਉਸ
ਨੂੰ ਇਕ ਲਿੰਕ ਭੇਜਿਆ ਜਾ ਰਿਹਾ ਹੈ। ਕਥਿਤ ਤੌਰ ’ਤੇ ਉਸ ਵਿਅਕਤੀ ਨੇ ਪਾਲਿਸੀ ਬੰਦ ਕਰਨ ਦੀ ਕਾਰਵਾਈ ਲਈ ਲਿੰਕ ’ਤੇ ਕਲਿੱਕ ਕਰਨ ਲਈ ਕਿਹਾ।
ਮੁਨੀਸ਼ ਕੁਮਾਰ ਅਨੁਸਾਰ ਜਿਵੇਂ ਹੀ ਉਸ ਨੇ ਭੇਜੇ ਗਏ ਲਿੰਕ ’ਤੇ ਕਲਿੱਕ ਕੀਤਾ ਤਾਂ ਉਸ ਦੇ ਮੋਬਾਈਲ ਨਾਲ ਛੇੜਛਾੜ ਹੋ ਗਈ ਅਤੇ ਉਸ ਨੂੰ ਆਪਣੇ ਫੋਨ 'ਚੋਂ ਓਟੀਪੀ ਸਬੰਧੀ ਗਤੀਵਿਧੀਆਂ ਦਾ ਪਤਾ ਲੱਗਿਆ। ਇਸ ਤੋਂ ਬਾਅਦ ਕੁਝ ਹੀ ਸਮੇਂ 'ਚ ਉਸ ਦੇ ਖਾਤੇ 'ਚੋਂ ਪੈਸੇ ਕਢਵਾਉਣ ਦੀਆਂ ਐਂਟਰੀਆਂ ਹੋਣ ਲੱਗ ਪਈਆਂ। ਉਸ ਨੇ ਦੱਸਿਆ ਕਿ ਕੁੱਲ 3-4 ਐਂਟਰੀਆਂ ਰਾਹੀਂ ਉਸ ਦੇ ਖਾਤੇ 'ਚੋਂ 95 ਹਜ਼ਾਰ ਰੁਪਏ ਕੱਢ ਲਏ ਗਏ।
ਪੀੜਤ ਨੇ ਦੱਸਿਆ ਕਿ 10 ਹਜ਼ਾਰ ਰੁਪਏ ਦੀ ਐਂਟਰੀ ਉਸੇ ਸਮੇਂ ਹੋ ਗਈ ਸੀ, ਜਦਕਿ ਬਾਅਦ ਵਿੱਚ 40 ਹਜ਼ਾਰ ਅਤੇ 45 ਹਜ਼ਾਰ ਰੁਪਏ ਦੀਆਂ ਹੋਰ ਐਂਟਰੀਆਂ ਰਾਹੀਂ ਰਕਮ ਕਢਵਾਈ ਗਈ। ਮਾਮਲੇ ਦਾ ਪਤਾ ਲੱਗਦੇ ਹੀ ਉਸ ਨੇ ਤੁਰੰਤ ਆਪਣਾ ਕਰੈਡਿਟ ਕਾਰਡ ਬਲਾਕ ਕਰਵਾਇਆ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਅਤੇ ਸਬੰਧਤ ਬੈਂਕ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ।
ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਇਸ ਸਬੰਧੀ ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐੱਸਐੱਸਪੀ ਨੂੰ ਵੀ ਦਰਖਾਸਤ ਦੇ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਅਤੇ ਸਾਈਬਰ ਕ੍ਰਾਈਮ ਵਿਭਾਗ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਆਨਲਾਈਨ ਠੱਗੀ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀ ਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾਵੇ ਅਤੇ ਉਸ ਦੇ ਖਾਤੇ ਵਿੱਚੋਂ ਕਢਵਾਈ ਗਈ 95 ਹਜ਼ਾਰ ਰੁਪਏ ਦੀ ਰਕਮ ਵਾਪਸ ਦਿਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।