- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
7 ਸਤੰਬਰ 2026 ਨੂੰ ਸਕੂਲ ਸੰਘੇੜਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜਿਸ 'ਚ ਕਮੇਟੀ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਮੈਂਬਰਾਂ ਵਲੋਂ ਪਿੰਡ ਤੇ ਗੁਆਂਢ 'ਚ ਕੀਤੀ ਪੁੱਛਗਿੱਛ ਦੌਰਾਨ ਬੱਚੇ ਨਾਲ ਹੁੰਦੀ ਕੁੱਟਮਾਰ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਕਮੇਟੀ ਨੇ ਐਸ.ਐਚ.ਓ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਨੇੜਲੇ ਪਿੰਡ ਸੰਘੇੜਾ ਵਿਖੇ ਇੱਕ ਮਾਸੂਮ ਬੱਚੇ ਨਾਲ ਅਣਮਨੁੱਖੀ ਤਸ਼ੱਦਦ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 5 ਸਾਲਾ ਬੱਚੇ 'ਤੇ ਉਸ ਦੀ ਮਤਰਈ ਮਾਂ (ਚਾਚੀ, ਜਿਸ ਨੂੰ ਬੱਚਾ ਗੋਦ ਦਿੱਤਾ ਗਿਆ ਸੀ) ਵੱਲੋਂ ਕਥਿਤ ਤੌਰ 'ਤੇ ਗਰਮ ਤਵੇ, ਲੋਹੇ ਦੇ ਚਿਮਟੇ ਤੇ ਡੰਡਿਆਂ ਨਾਲ ਕੁੱਟਮਾਰ ਕਰਕੇ ਸਰੀਰ ਨੂੰ ਸਾੜਨ ਦੇ ਗੰਭੀਰ ਨਿਸ਼ਾਨ ਦਿੱਤੇ ਗਏ।
ਸਕੂਲ ਦੀ ਪਸਵਕ ਕਮੇਟੀ ਵਲੋਂ ਸ਼ਿਕਾਇਤ
ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚਾ ਸਰੀਰ 'ਤੇ ਡੂੰਘੀਆਂ ਸੱਟਾਂ ਤੇ ਸੜਨ ਦੇ ਨਿਸ਼ਾਨਾਂ ਨਾਲ ਸਰਕਾਰੀ ਸਕੂਲ ਪਹੁੰਚਿਆ। ਬੱਚੇ ਦੀ ਹਾਲਤ ਵੇਖ ਕੇ ਸਕੂਲ ਪ੍ਰਸ਼ਾਸਨ ਚਿੰਤਤ ਹੋ ਗਿਆ। 7 ਸਤੰਬਰ 2026 ਨੂੰ ਸਕੂਲ ਸੰਘੇੜਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜਿਸ 'ਚ ਕਮੇਟੀ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਮੈਂਬਰਾਂ ਵਲੋਂ ਪਿੰਡ ਤੇ ਗੁਆਂਢ 'ਚ ਕੀਤੀ ਪੁੱਛਗਿੱਛ ਦੌਰਾਨ ਬੱਚੇ ਨਾਲ ਹੁੰਦੀ ਕੁੱਟਮਾਰ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਕਮੇਟੀ ਨੇ ਐਸ.ਐਚ.ਓ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਸੋਸ਼ਲ ਮੀਡੀਆ ਵਾਇਰਲ ਵੀਡੀਓ ਤੋਂ ਬਾਅਦ ਸੰਸਥਾਵਾਂ ਪੁੱਜੀਆਂ
ਬੱਚੇ ਦੀਆਂ ਸੱਟਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਦੀ ਸਮਾਜਸੇਵੀ ਸੰਸਥਾ ‘ਅਪਣਾ ਫਰਜ਼ ਸੇਵਾ ਸੋਸਾਇਟੀ’ ਦੇ ਮੁਖੀ ਜਥੇਦਾਰ ਸਤਪਾਲ ਸਿੰਘ ਪਾਲ ਖਰੋੜ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਪੰਚਾਇਤ, ਪੁਲਿਸ ਤੇ ਬਾਲ ਵਿਕਾਸ ਵਿਭਾਗ ਦੀ ਮਦਦ ਨਾਲ ਬੱਚੇ ਨੂੰ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ।
ਪੀੜਤ ਬੱਚੇ ਤੇ ਪਿਤਾ ਦੇ ਬਿਆਨ
ਪਿਤਾ ਮੂਲ ਚੰਦ ਨੇ ਦੱਸਿਆ ਕਿ ਪਤਨੀ ਦੀ ਮੌਤ ਤੋਂ ਬਾਅਦ, ਉਸ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੇ ਪੁੱਤਰ ਨੂੰ ਆਪਣੇ ਵੱਡੇ ਭਰਾ ਨੂੰ ਗੋਦ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ। ਪਿਤਾ ਨੇ ਦੱਸਿਆ ਕਿ ਉਹ ਸਵੇਰੇ ਮਜ਼ਦੂਰੀ 'ਤੇ ਚਲਾ ਜਾਂਦਾ ਸੀ, ਜਿਸ ਕਾਰਨ ਉਸ ਨੂੰ ਘਰ 'ਚ ਹੁੰਦੇ ਤਸ਼ੱਦਦ ਦਾ ਪਤਾ ਨਹੀਂ ਲੱਗ ਸਕਿਆ।ਖੁਦ ਬੱਚੇ ਨੇ ਦੱਸਿਆ ਕਿ ਉਸ ਦੀ ਚਾਚੀ ਉਸ ਨੂੰ ਡੰਡਿਆਂ ਨਾਲ ਕੁੱਟਦੀ, ਗਰਮ ਤਵੇ-ਚਿਮਟੇ ਨਾਲ ਦਾਗਦੀ ਤੇ ਕੜਕਦੀ ਧੁੱਪ 'ਚ ਹੱਥਾਂ 'ਚ ਪਾਣੀ ਦੀ ਭਾਰੀ ਬੋਤਲ ਫੜਾ ਕੇ ਘੰਟਿਆਂ ਬੱਧੀ ਖੜ੍ਹਾ ਰੱਖਦੀ ਸੀ।
ਡਾਕਟਰੀ ਰਿਪੋਰਟ ਅਤੇ ਪੁਲਿਸ ਕਾਰਵਾਈ
ਸਿਵਲ ਹਸਪਤਾਲ ਦੇ ਡਾਕਟਰ ਅੰਕੁਸ਼ ਜਿੰਦਲ ਨੇ ਦੱਸਿਆ ਕਿ ਬੱਚੇ ਦੇ ਸਰੀਰ 'ਤੇ ਸੱਟਾਂ ਤੇ ਸੜਨ ਦੇ ਕਈ ਪੁਰਾਣੇ ਤੇ ਨਵੇਂ ਨਿਸ਼ਾਨ ਹਨ। ਫਿਲਹਾਲ ਬੱਚਾ ਖ਼ਤਰੇ ਤੋਂ ਬਾਹਰ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਮੈਡੀਕਲ ਰਿਪੋਰਟ ਆਉਣ ’ਤੇ ਹੋਵੇਗੀ ਕਾਰਵਾਈ : ਪੁਲਿਸ ਥਾਣਾ ਸਿਟੀ-1 ਬਰਨਾਲਾ ਦੇ ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਮੈਡੀਕਲ ਰਿਪੋਰਟ ਮਿਲਣ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਦੋਸ਼ੀ ਮਹਿਲਾ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।