ਪੰਚਾਇਤੀ ਸਿਆਸਤ 'ਚ ਵੱਡਾ ਧਮਾਕਾ: ਖੁੱਡੀ ਕਲਾਂ ਦੇ ਸਰਪੰਚ 'ਤੇ ਡਿੱਗੀ ਮੁਅੱਤਲੀ ਦੀ ਗਾਜ, ਲੱਗੇ ਸਨ ਨਾਜਾਇਜ਼ ਕਬਜ਼ੇ ਦੇ ਦੋਸ਼ ਪੰਜਾਬ ਦੀ ਪੇਂਡੂ ਸਿਆਸਤ ’ਚ ਧੜੇਬੰਦੀ ਅਤੇ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ, ਪਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿੱਚ ਸਿਆਸੀ ਪਾਰਾ ਉਸ ਵੇਲੇ ਪੂਰੀ ਤਰ੍ਹਾਂ ਗਰਮਾ ਗਿਆ ਜਦੋਂ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਸਿਮੀ ਨੂੰ ਸਰਪੰਚੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਜਿੱਥੇ ਸ਼ਿਕਾਇਤਕਰਤਾ ਧਿਰ ਇਸ ਨੂੰ ਕਾਨੂੰਨ ਦੀ ਜਿੱਤ ਦੱਸ ਰਹੀ ਹੈ, ਉੱਥੇ ਹੀ ਮੁਅੱਤਲ ਸਰਪੰਚ ਨੇ ਇਸ ਨੂੰ ਸੱਤਾ ਪੱਖ ਦੀ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।
Publish Date: Tue, 07 Jul 2026 04:08 PM (IST)
Updated Date: Tue, 07 Jul 2026 04:10 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਪੰਜਾਬ ਦੀ ਪੇਂਡੂ ਸਿਆਸਤ ’ਚ ਧੜੇਬੰਦੀ ਅਤੇ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ, ਪਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿੱਚ ਸਿਆਸੀ ਪਾਰਾ ਉਸ ਵੇਲੇ ਪੂਰੀ ਤਰ੍ਹਾਂ ਗਰਮਾ ਗਿਆ ਜਦੋਂ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਸਿਮੀ ਨੂੰ ਸਰਪੰਚੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਜਿੱਥੇ ਸ਼ਿਕਾਇਤਕਰਤਾ ਧਿਰ ਇਸ ਨੂੰ ਕਾਨੂੰਨ ਦੀ ਜਿੱਤ ਦੱਸ ਰਹੀ ਹੈ, ਉੱਥੇ ਹੀ ਮੁਅੱਤਲ ਸਰਪੰਚ ਨੇ ਇਸ ਨੂੰ ਸੱਤਾ ਪੱਖ ਦੀ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।
ਖੁੱਡੀ ਕਲਾਂ ਦੇ ਨਿਵਾਸੀ ਸਤਨਾਮ ਸਿੰਘ ਨੇ ਇਸ ਸਿਆਸੀ ਲੜਾਈ ਦਾ ਪਿਛੋਕੜ ਸਾਂਝਾ ਕਰਦਿਆਂ ਦੱਸਿਆ ਕਿ ਸਰਪੰਚ ਸਿਮਰਨਜੀਤ ਸਿੰਘ ਵੱਲੋਂ ਆਪਣੇ ਅਹੁਦੇ ਦੀ ਕਥਿਤ ਤੌਰ ‘ਤੇ ਦੁਰਵਰਤੋਂ ਕੀਤੀ ਜਾ ਰਹੀ ਸੀ। ਸ਼ਿਕਾਇਤਕਰਤਾ ਅਨੁਸਾਰ ਸਰਪੰਚ ਵੱਲੋਂ ਪੰਚਾਇਤ ਦੀ 5 ਕਨਾਲ ਜ਼ਮੀਨ ਤੇ ਕੁਝ ਸਰਕਾਰੀ ਜਮੀਨ ’ਤੇ ਨਜਾਇਜ਼ ਕਬਜ਼ਾ ਕਰਕੇ ਉਸ ਨੂੰ ਵਾਹਿਆ ਜਾ ਰਿਹਾ ਸੀ। ਇਸ ਸਬੰਧੀ ਉਨ੍ਹਾਂ ਵੱਲੋਂ 1 ਮਹੀਨੇ ਪਹਿਲਾਂ ਸਬੰਧਿਤ ਮਹਿਕਮੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ।ਪ੍ਰਸ਼ਾਸਨਿਕ ਜਾਂਚ ਤੋਂ ਬਾਅਦ ਹੁਣ ਵਿਭਾਗ ਨੇ ਸਖ਼ਤ ਐਕਸ਼ਨ ਲੈਂਦਿਆਂ ਸਰਪੰਚ ਸਿਮਰਜੀਤ ਸਿੰਘ ਸਿਮੀ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦੂਜੇ ਪਾਸੇ, ਇਸ ਪੂਰੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਮੁਅੱਤਲ ਸਰਪੰਚ ਸਿਮਰਜੀਤ ਸਿੰਘ ਸਿਮੀ ਨੇ ਪ੍ਰਸ਼ਾਸਨ ਅਤੇ ਵਿਰੋਧੀਆਂ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ: ”ਇਹ ਸਭ ਸੱਤਾ ਪੱਖ ਦੇ ਆਗੂਆਂ ਅਤੇ ਸ਼ਹਿ ਪ੍ਰਾਪਤ ਬੰਦਿਆਂ ਦੀ ਸਿਆਸੀ ਸਾਜ਼ਿਸ਼ ਹੈ। ਮੇਰੇ ਖ਼ਿਲਾਫ਼ ਝੂਠੇ ਪਰਚੇ ਪਾ ਕੇ ਸ਼ਰੇਆਮ ਸਿਆਸੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮੈਂ ਇਸ ਨਜਾਇਜ਼ ਕਾਰਵਾਈ ਅੱਗੇ ਝੁਕਣ ਵਾਲਾ ਨਹੀਂ ਹਾਂ। ਪ੍ਰਸ਼ਾਸਨ ਦੇ ਇਸ ਪੱਖਪਾਤੀ ਫੈਸਲੇ ਦੇ ਖ਼ਿਲਾਫ਼ ਅਸੀਂ ਬਹੁਤ ਜਲਦ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅਤੇ ਇਨਸਾਫ਼ ਲੈ ਕੇ ਰਹਾਂਗੇ।”