- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੀਪ ਸਿੰਘ ਬਾਠ ਲੰਮਾ ਸਮਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਅਤੇ ਪਾਰਟੀ ਦੇ ਹਰ ਗੁੱਝੇ ਭੇਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਦੋਂ ਪਾਰਟੀ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਤਾਂ ਉਹ ਬਾਗੀ ਹੋ ਗਏ ਤੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲੇ ਸ਼ਹਿਰ ਦੇ ਸੀਵਰੇਜ ਦੇ ਮੁੱਦੇ 'ਤੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਐ। ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਸਦਰ ਬਜ਼ਾਰ ਦੇ ਦੁਕਾਨਦਾਰਾਂ ਤੇ ਵਪਾਰੀਆਂ ਦੇ ਹੱਕ 'ਚ ਨਿੱਤਰਦਿਆਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੀੜੇ ਲਾਹ ਕੇ ਰੱਖ ਦਿੱਤੇ ਐ। ਬਾਠ ਨੇ ਸਿੱਧਾ-ਸਿੱਧਾ ਦੋਸ਼ ਲਾਇਆ ਕਿ ਸ਼ਹਿਰ ਦੇ ਸੀਵਰੇਜ ਵਾਸਤੇ ਕੇਂਦਰ ਸਰਕਾਰ ਵੱਲੋਂ 10 ਕਰੋੜ ਰੁਪਏ ਆਏ ਸੀ, ਪਰ ਇੱਥੋਂ ਦੇ ਸੱਤਾਧਾਰੀ ਲੀਡਰਾਂ ਦੀ ਕਮਿਸ਼ਨਖ਼ੋਰੀ ਤੇ ਠੇਕੇਦਾਰਾਂ ਨਾਲ 'ਸੈਟਿੰਗ' ਨਾ ਬੈਠਣ ਕਰਕੇ ਉਹ ਕੰਮ ਅੱਧ-ਵਿਚਾਲੇ ਹੀ ਲਟਕ ਗਿਆ। ਹੁਣ ਤਾਂ ਲਗਦੈ ਉਹ 10 ਕਰੋੜ ਰੁਪਿਆ ਵੀ ਦਿੱਲੀ ਨੂੰ ਮੁੜ ਗਿਆ ਹੋਣਾ।
ਗੁਰਦੀਪ ਸਿੰਘ ਬਾਠ ਨੇ ਸਦਰ ਬਜ਼ਾਰ 'ਚ ਵਪਾਰੀਆਂ ਦੇ ਇਕੱਠ 'ਚ ਇੱਕ ਬੜਾ ਹੈਰਾਨੀਜਨਕ ਖ਼ੁਲਾਸਾ ਕਰਦਿਆ ਕਿਹਾ ਕਿ
"ਅੱਜ ਤੋਂ 30 ਸਾਲ ਪਹਿਲਾਂ ਜਦੋਂ ਸ਼ਹਿਰ ਦੀ ਆਬਾਦੀ ਘੱਟ ਸੀ, ਉਦੋਂ ਸੀਵਰੇਜ ਦੀਆਂ ਪਾਈਪਾਂ 18 ਇੰਚ ਚੌੜੀਆਂ ਪਾਈਆਂ ਗਈਆਂ ਸੀ। ਹੁਣ 30 ਸਾਲਾਂ ਬਾਅਦ ਆਬਾਦੀ ਦੁੱਗਣੀ ਤੋਂ ਵੀ ਵੱਧ ਗਈ ਐ, ਚਾਹੀਦਾ ਤਾਂ ਇਹ ਸੀ ਕਿ ਪਾਈਪਾਂ ਦਾ ਸਾਈਜ਼ ਵਧਾ ਕੇ 36 ਇੰਚ ਕੀਤਾ ਜਾਂਦਾ, ਪਰ ਇਹ ਭ੍ਰਿਸ਼ਟ ਸਰਕਾਰ ਤੇ ਅਫ਼ਸਰਸ਼ਾਹੀ 9-9 ਇੰਚ ਦੀਆਂ ਪਾਈਪਾਂ ਪਾ ਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੀ ਐ।"
ਸਾਲ 2022 ਤੋਂ, ਯਾਨੀ ਪਿਛਲੇ ਦੋ ਸਾਲਾਂ ਤੋਂ, ਸੀਵਰੇਜ ਪਾਉਣ ਦੇ ਨਾਂ 'ਤੇ ਪੂਰਾ ਬਜ਼ਾਰ ਪੁੱਟ ਕੇ ਸੁੱਟਿਆ ਹੋਇਆ ਹੈ, ਜਿਸ ਕਰਕੇ ਦੁਕਾਨਦਾਰਾਂ ਦੇ ਕਾਰੋਬਾਰ ਜਮਾਂ ਠੱਪ ਹੋ ਕੇ ਰਹਿ ਗਏ ਹਨ।
ਬਾਠ ਨੇ ਠੇਕੇਦਾਰਾਂ ਦੀ ਗੁੰਡਾਗਰਦੀ 'ਤੇ ਬੋਲਦਿਆਂ ਕਿਹਾ ਕਿ ਸੀਵਰੇਜ ਦੀਆਂ ਹੌਦੀਆਂ (ਮੈਨਹੋਲ) ਬਣਾਉਣ ਦੇ ਨਾਂ 'ਤੇ ਠੇਕੇਦਾਰ ਹਰੇਕ ਵਪਾਰੀ ਤੋਂ ਨਿੱਜੀ ਤੌਰ 'ਤੇ 8,000 ਤੋਂ ਲੈ ਕੇ 10,000 ਰੁਪਏ ਤੱਕ ਦੀ ਨਜਾਇਜ਼ ਉਗਰਾਹੀ ਕਰ ਰਹੇ ਹਨ।
ਇਸ ਤੋਂ ਇਲਾਵਾ, ਲੰਘੀਆਂ ਨਗਰ ਨਿਗਮ ਚੋਣਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਵਾਰਡ ਨੰਬਰ 31 ਦੇ ਅਧੀਨ ਆਉਂਦੇ ਸਦਰ ਬਜ਼ਾਰ, ਫਰਵਾਹੀ ਬਜ਼ਾਰ ਤੇ ਹੰਡਿਆਇਆ ਬਜ਼ਾਰ ਦੇ ਕਰੀਬ 3000 ਵੋਟਰਾਂ ਦੀ ਵੋਟ ਪਾਉਣ ਦਾ ਹੱਕ ਵੀ ਸਿਆਸੀ ਸਾਜ਼ਿਸ਼ ਤਹਿਤ ਖੋਹ ਲਿਆ ਗਿਆ, ਜੋ ਕਿ ਲੋਕਤੰਤਰ ਦਾ ਸ਼ਰੇਆਮ ਕਤਲ ਹੈ।
ਬਾਠ ਨੇ ਸਿਰਫ਼ 'ਆਪ' 'ਤੇ ਹੀ ਨਹੀਂ, ਸਗੋਂ ਵਿਰੋਧੀ ਧਿਰ ਕਾਂਗਰਸ 'ਤੇ ਵੀ ਤਿੱਖੇ ਤਨਜ਼ ਕੱਸੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ 'ਆਪ' ਅੰਦਰਖਾਤੇ ਰਲ ਕੇ ਨੂਰਾ-ਕੁਸ਼ਤੀ ਖੇਡ ਰਹੀਆਂ ਹਨ। ਬਰਨਾਲਾ ਨਗਰ ਕੌਂਸਲ ਦੇ ਬਣੇ ਨਵੇਂ ਮੇਅਰ ਹਸਨਪ੍ਰੀਤ ਭਾਰਦਵਾਜ 'ਤੇ ਨਿਸ਼ਾਨਾ ਸਾਧਦਿਆਂ ਬਾਠ ਨੇ ਕਿਹਾ ਕਿ "ਇਸ ਮੇਅਰ ਨੂੰ ਤਾਂ ਨੰਗਲ ਤੋਂ ਲਿਆ ਕੇ ਐਮ.ਪੀ. ਮੀਤ ਹੇਅਰ ਨੇ ਇੱਥੇ ਕੁਰਸੀ 'ਤੇ ਬਿਠਾਇਆ ਹੈ। ਐਮਪੀ ਸਾਹਿਬ ਤੇ ਨਵੇਂ ਮੇਅਰ ਦੀ ਯਾਰੀ ਬੜੀ ਪੱਕੀ ਐ, ਦੋਵੇਂ ਜਣੇ ਨਗਰ ਨਿਗਮ ਦੇ ਸਾਹਮਣੇ ਬਣੇ ਕਲੱਬ 'ਚ ਰੋਜ਼ ਸ਼ਾਮ ਨੂੰ ਚਿੜੀ-ਛਿੱਕਾ (ਬੈਡਮਿੰਟਨ) ਖੇਡਦੇ ਹਨ। ਪਰ ਦੂਜੇ ਪਾਸੇ ਪਿਛਲੇ 10 ਦਿਨਾਂ ਤੋਂ ਨਗਰ ਨਿਗਮ ਦੇ ਸਫ਼ਾਈ ਕਾਮੇ ਹੜਤਾਲ 'ਤੇ ਬੈਠੇ ਹਨ, ਸ਼ਹਿਰ ਕੂੜੇ ਦਾ ਢੇਰ ਬਣ ਰਿਹਾ ਹੈ, ਪਰ ਇਹਨਾਂ ਕੋਲ ਉਹਨਾਂ ਗ਼ਰੀਬ ਮੁਲਾਜ਼ਮਾਂ ਦੀ ਗੱਲ ਸੁਣਨ ਦਾ ਕੋਈ ਟਾਈਮ ਨਹੀਂ ਹੈ।"
ਗੌਰਤਲਬ ਹੈ ਕਿ ਗੁਰਦੀਪ ਸਿੰਘ ਬਾਠ ਲੰਮਾ ਸਮਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਅਤੇ ਪਾਰਟੀ ਦੇ ਹਰ ਗੁੱਝੇ ਭੇਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਦੋਂ ਪਾਰਟੀ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਤਾਂ ਉਹ ਬਾਗੀ ਹੋ ਗਏ ਤੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਉਸ ਚੋਣ ਵਿੱਚ ਬਾਠ ਨੇ ਭਾਵੇਂ ਖੁਦ ਜਿੱਤ ਹਾਸਲ ਨਹੀਂ ਕੀਤੀ, ਪਰ ਉਨ੍ਹਾਂ ਨੂੰ 18 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ, ਜਿਸ ਨੇ 'ਆਪ' ਦੇ ਉਮੀਦਵਾਰ ਦੀਆਂ ਬੇੜੀਆਂ ਵਿੱਚ ਵੱਡੇ ਵੱਟੇ ਪਾ ਦਿੱਤੇ। ਇਸੇ ਖਿੱਚੋਤਾਣ ਕਰਕੇ 'ਆਪ' ਦਾ ਗੜ੍ਹ ਮੰਨੇ ਜਾਂਦੇ ਬਰਨਾਲਾ 'ਚ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿੱਤ ਦਾ ਝੰਡਾ ਗੱਡ ਦਿੱਤਾ ਸੀ। ਹੁਣ ਵੀ ਬਾਠ ਲਗਾਤਾਰ ਸੱਤਾਧਾਰੀ ਧਿਰ ਦੀਆਂ ਸਿਆਸੀ ਚਾਲਾਂ ਨੂੰ ਫੇਲ੍ਹ ਕਰਨ ਲਈ ਨਿੱਤ ਨਵੀਆਂ ਵਿਊਂਤਾਂ ਘੜ ਰਹੇ ਹਨ, ਜਿਸ ਨੇ ਸਰਕਾਰ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ।