- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੀ ਇਤਿਹਾਸਕ ਜਿੱਤ: ਮੋਗਾ ਨੂੰ 102 ਦੌੜਾਂ 'ਤੇ ਸਮੇਟ ਕੇ ਸੈਮੀਫਾਈਨਲ 'ਚ ਮਾਰੀ ਮੱਲ, ਟ੍ਰਾਈਡੈਂਟ ਗਰਾਊਂਡ 'ਚ ਅੱਜ ਹੋਵੇਗਾ ਮਹਾਂ-ਮੁਕਾਬਲਾ

- ਟ੍ਰਾਈਡੈਂਟ ਗਰਾਊਂਡ ’ਚ ਅੱਜ ਹੋਵੇਗਾ ਮਹਾਂ-ਮੁਕਾਬਲਾ
- ਰੂਪਲੀਨ ਕੌਰ ਦੀ ਇਸ ਮੈਚ ਜਿਤਾਊ ਪਾਰੀ ਨੇ ਖੇਡ ਪ੍ਰੇਮੀਆਂ ਦਾ ਜਿੱਤਿਆ ਦਿਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਬਰਨਾਲਾ ਦੀ ਮਹਿਲਾ ਕ੍ਰਿਕਟ ਟੀਮ ਨੇ ਸੂਬਾ ਪੱਧਰੀ ਮੈਦਾਨ ’ਤੇ ਆਪਣੀ ਖੇਡ ਦਾ ਲੋਹਾ ਮਨਾਉਂਦਿਆਂ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਏ ਜਾ ਰਹੇ ਵੱਕਾਰੀ ਸੀਨੀਅਰ ਮਹਿਲਾ ਕ੍ਰਿਕਟ ਟੂਰਨਾਮੈਂਟ ’ਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੀ ਸੀਨੀਅਰ ਮਹਿਲਾ ਟੀਮ ਨੇ ਵਿਰੋਧੀ ਟੀਮ ਮੋਗਾ ਨੂੰ ਹਰ ਫਰੰਟ ’ਤੇ ਮਾਤ ਦਿੰਦਿਆਂ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਈ ਹੈ। ਇਹ ਜਾਣਕਾਰੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਸਕੱਤਰ ਰੁਪਿੰਦਰ ਗੁਪਤਾ ਨੇ ਦਿੰਦਿਆਂ ਦੱਸਿਆ ਕਿ ਬਰਨਾਲਾ ਦੇ ਟ੍ਰਾਈਡੈਂਟ ਕ੍ਰਿਕਟ ਗਰਾਊਂਡ ’ਚ ਖੇਡੇ ਗਏ ਇਸ ਕੁਆਰਟਰ ਫਾਈਨਲ ਮੁਕਾਬਲੇ ’ਚ ਸਥਾਨਕ ਖਿਡਾਰਨਾਂ ਨੇ ਅਜਿਹਾ ਦਬਦਬਾ ਬਣਾਇਆ ਕਿ ਵਿਰੋਧੀ ਟੀਮ ਇੱਕ ਵਾਰ ਵੀ ਮੈਚ ’ਚ ਵਾਪਸੀ ਨਹੀਂ ਕਰ ਸਕੀ। ਬੀਤੇ ਦਿਨੀਂ 16 ਜੂਨ ਨੂੰ ਖੇਡੇ ਗਏ ਇਸ ਰੋਮਾਂਚਕ ਅਤੇ ਅਹਿਮ ਮੁਕਾਬਲੇ ’ਚ ਮੋਗਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਰ ਬਰਨਾਲਾ ਦੀਆਂ ਤਿੱਖੀਆਂ ਗੇਂਦਬਾਜ਼ਾਂ ਨੇ ਮੋਗਾ ਦੇ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਗਲਤ ਸਾਬਤ ਕਰ ਦਿੱਤਾ। ਬਰਨਾਲਾ ਦੀਆਂ ਗੇਂਦਬਾਜ਼ਾਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਲਾਈਨ ਅਤੇ ਲੈਂਥ ’ਤੇ ਕਾਬੂ ਰੱਖਦਿਆਂ ਘਾਤਕ ਗੇਂਦਬਾਜ਼ੀ ਕੀਤੀ ਅਤੇ ਮੋਗਾ ਦੀਆਂ ਬੱਲੇਬਾਜ਼ਾਂ ਨੂੰ ਹੱਥ ਖੋਲ੍ਹਣ ਦਾ ਕੋਈ ਮੌਕਾ ਨਹੀਂ ਦਿੱਤਾ। ਲਗਾਤਾਰ ਡਿੱਗਦੀਆਂ ਵਿਕਟਾਂ ਦੇ ਦਬਾਅ ਕਾਰਨ ਮੋਗਾ ਦੀ ਪੂਰੀ ਟੀਮ ਮਹਿਜ਼ 102 ਦੌੜਾਂ ਦੇ ਸਕੋਰ ’ਤੇ ਹੀ ਢੇਰ ਹੋ ਗਈ। ਬਰਨਾਲਾ ਦੀ ਸ਼ਾਨਦਾਰ ਫੀਲਡਿੰਗ ਅਤੇ ਰਣਨੀਤੀ ਅੱਗੇ ਮੋਗਾ ਦਾ ਕੋਈ ਵੀ ਵੱਡਾ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ। ਮੋਗਾ ਵੱਲੋਂ ਦਿੱਤੇ ਗਏ 103 ਦੌੜਾਂ ਦੇ ਆਸਾਨ ਲੱਗਣ ਵਾਲੇ ਟੀਚੇ ਦਾ ਪਿੱਛਾ ਕਰਨ ਉਤਰੀ ਬਰਨਾਲਾ ਦੀ ਟੀਮ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ ਅਖਤਿਆਰ ਕੀਤਾ। ਟੀਮ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਜ਼ਿੰਮੇਵਾਰੀ ਨਾਲ ਬੱਲੇਬਾਜ਼ੀ ਕੀਤੀ। ਖ਼ਾਸ ਕਰ ਕੇ ਸਟਾਰ ਖਿਡਾਰਨ ਰੂਪਲੀਨ ਕੌਰ ਨੇ ਮੈਦਾਨ ਦੇ ਚਾਰੇ ਪਾਸੇ ਆਕਰਸ਼ਕ ਸ਼ਾਟ ਲਗਾਉਂਦਿਆਂ ਨਾਬਾਦ 49 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਰੂਪਲੀਨ ਦੀ ਇਸ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਬਰਨਾਲਾ ਨੇ ਇਹ ਟੀਚਾ ਬਿਨਾਂ ਕਿਸੇ ਵੱਡੀ ਮੁਸ਼ਕਿਲ ਦੇ ਸਿਰਫ਼ 21 ਓਵਰਾਂ ’ਚ ਹੀ ਹਾਸਲ ਕਰ ਕੇ ਮੈਚ ਇੱਕਤਰਫ਼ਾ ਜਿੱਤ ਲਿਆ। ਰੂਪਲੀਨ ਕੌਰ ਦੀ ਇਸ ਮੈਚ ਜਿਤਾਊ ਪਾਰੀ ਨੇ ਖੇਡ ਪ੍ਰੇਮੀਆਂ ਦਾ ਦਿਲ ਜਿੱਤ ਲਿਆ।
ਅੱਜ ਹੋਵੇਗਾ ਮਹਾਂ-ਮੁਕਾਬਲਾ : ਯੂਟਿਊਬ ’ਤੇ ਲਾਈਵ ਟੈਲੀਕਾਸਟ
ਕੁਆਰਟਰ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਬਰਨਾਲਾ ਦੀ ਟੀਮ ਦਾ ਸੈਮੀਫਾਈਨਲ ਮੁਕਾਬਲਾ 18 ਜੂਨ ਨੂੰ ਟ੍ਰਾਈਡੈਂਟ ਕ੍ਰਿਕਟ ਗਰਾਊਂਡ ਵਿਖੇ ਹੀ ਖੇਡਿਆ ਜਾ ਰਿਹਾ ਹੈ। ਇਸ ਹਾਈ-ਵੋਲਟੇਜ ਮੈਚ ਨੂੰ ਲੈ ਕੇ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕ੍ਰਿਕਟ ਪ੍ਰੇਮੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕ੍ਰਿਕਟ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਸ ਮੈਚ ਦਾ ਸਿੱਧਾ ਪ੍ਰਸਾਰਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਘਰ ਬੈਠੇ ਆਪਣੀ ਸਥਾਨਕ ਟੀਮ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਹਨ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਖਿਡਾਰਨਾਂ ਦੀ ਕੀਤੀ ਹੌਸਲਾ ਅਫ਼ਜ਼ਾਈ
ਟੀਮ ਦੀ ਇਸ ਬੇਮਿਸਾਲ ਜਿੱਤ ’ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਬੰਧਕਾਂ ਅਤੇ ਖੇਡ ਜਗਤ ’ਚ ਖ਼ੁਸ਼ੀ ਦੀ ਲਹਿਰ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਸਕੱਤਰ ਰੁਪਿੰਦਰ ਗੁਪਤਾ ਅਤੇ ਖਜ਼ਾਨਚੀ ਸੰਜੇ ਗਰਗ ਨੇ ਸਾਂਝੇ ਤੌਰ ’ਤੇ ਮਹਿਲਾ ਟੀਮ, ਕੋਚਿੰਗ ਸਟਾਫ਼ ਅਤੇ ਸਪੋਰਟ ਸਟਾਫ਼ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਸਾਡੀਆਂ ਖਿਡਾਰਨਾਂ ਨੇ ਮੈਦਾਨ ’ਤੇ ਸ਼ਾਨਦਾਰ ਅਨੁਸ਼ਾਸਨ ਅਤੇ ਉੱਚ ਕੋਟੀ ਦੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਬਰਨਾਲਾ ਦੀਆਂ ਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਸਹੀ ਪਲੇਟਫਾਰਮ ਅਤੇ ਸਹੂਲਤਾਂ ਮਿਲਣ ਤਾਂ ਉਹ ਕਿਸੇ ਵੀ ਪੱਧਰ ’ਤੇ ਵੱਡੀਆਂ ਮੱਲਾਂ ਮਾਰ ਸਕਦੀਆਂ ਹਨ। ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਉਮੀਦ ਪ੍ਰਗਟਾਈ ਕਿ ਟੀਮ ਅੱਜ ਦੇ ਸੈਮੀਫਾਈਨਲ ਮੈਚ ’ਚ ਵੀ ਆਪਣੀ ਜਿੱਤ ਦੀ ਮੁਹਿੰਮ ਨੂੰ ਜਾਰੀ ਰੱਖੇਗੀ ਅਤੇ ਫਾਈਨਲ ’ਚ ਪਹੁੰਚ ਕੇ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ’ਚ ਰੌਸ਼ਨ ਕਰੇਗੀ। ਉਨ੍ਹਾਂ ਟੀਮ ਨੂੰ ਅਗਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਵੀ ਭੇਟ ਕੀਤੀਆਂ।