- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸਤਲੁਜ’ ਫਿਲਮ ’ਤੇ ਪਾਬੰਦੀ ਲਾਉਣੀ ਮੋਦੀ ਸਰਕਾਰ ਦੀ ਤਾਨਾਸ਼ਾਹੀ : ਤਰਕਸ਼ੀਲ਼ ਸੁਸਾਇਟੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਤਰਕਸ਼ੀਲ ਸੁਸਾਇਟੀ ਪੰਜਾਬ ਨੇ ਮੋਦੀ ਸਰਕਾਰ ਵੱਲੋਂ ‘ਸਤਲੁਜ’ ਫਿਲਮ ਨੂੰ ਜ਼ੀ-5 ਦੇ ਓਟੀਟੀ ਪਲੇਟਫਾਰਮ ਤੋਂ ਹਟਾਏ ਜਾਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸ ਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਮੁੱਚੇ ਮੀਡੀਆ ’ਤੇ ਵੱਡਾ ਹਮਲਾ ਕਰਾਰ ਦਿੱਤਾ ਹੈ ਤੇ ਸਮੂਹ ਲੋਕ ਪੱਖੀ ਜਨਤਕ ਤੇ ਜਮਹੂਰੀ ਜੱਥੇਬੰਦੀਆਂ ਨੂੰ ਮੀਡੀਆ ਦੀ ਆਜ਼ਾਦੀ ’ਤੇ ਲਗਾਈ ਅਣਐਲਾਨੀ ਪਾਬੰਦੀ ਦਾ ਸਖ਼ਤ ਵਿਰੋਧ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਇਸ ਸਬੰਧੀ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ, ਜੋਗਿੰਦਰ ਕੁੱਲੇਵਾਲ, ਸੁਖਵਿੰਦਰ ਬਾਗਪੁਰ, ਜਸਵਿੰਦਰ ਫਗਵਾੜਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਤਰਕਸ਼ੀਲ਼ ਭਵਨ ਬਰਨਾਲੇ ਤੋਂ ਪ੍ਰਤੀਕਰਮ ਜਾਰੀ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਫਿਲਮ ਅੱਸੀਵਿਆਂ ਦੇ ਕਾਲੇ ਦੌਰ ਵਿਚਲੀ ਹਕੂਮਤੀ ਤੇ ਫ਼ਿਰਕੂ ਦਹਿਸ਼ਤਗਰਦੀ ਦਾ ਮੁਕੰਮਲ ਦਸਤਾਵੇਜ਼ ਨਹੀਂ ਹੈ ਕਿਉਂਕਿ ਇਸ ’ਚ ਫ਼ਿਰਕੂ ਦਹਿਸ਼ਤਗਰਦੀ ਦੀਆਂ ਘਟਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ, ਪਰ ਇਸਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਫਿਲਮ ’ਤੇ ਪਾਬੰਦੀ ਲਾਉਣੀ ਸਰਾਸਰ ਗ਼ੈਰ ਸੰਵਿਧਾਨਕ ਤੇ ਤਾਨਾਸ਼ਾਹੀ ਮਾਨਸਕਿਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਕੇਂਦਰੀ ਕਾਂਗਰਸ ਹਕੂਮਤ ਦੀ ਸਰਪ੍ਰਸਤੀ ਹੇਠ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਮਾਰਨ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਉਨ੍ਹਾਂ ਦਾ ਸੰਸਕਾਰ ਕਰਨ ਦੇ ਕਾਲੇ ਕਾਰਨਾਮਿਆਂ ਨੂੰ ਕਿਸੇ ਵੀ ਤਰ੍ਹਾਂ ਭੁਲਾਇਆ ਨਹੀਂ ਜਾ ਸਕਦਾ।