
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿਰੰਤਰ ਕਸਰਤ ਨਾਲ ਉਸ ਨੇ ਨਾ ਸਿਰਫ਼ ਆਪਣੇ ਸਰੀਰ ਨੂੰ ਮਜ਼ਬੂਤ ਬਣਾਇਆ, ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਪਛਾਣ ਬਣਾਈ। ਹੁਣ ਉਹ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰ ਰਿਹਾ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜਾ ਦਾ ਨੌਜਵਾਨ ਅਰਸ਼ਦੀਪ ਸਿੰਘ ਗੰਭੀਰ ਦਿਲ ਦੀ ਬਿਮਾਰੀ ਅਤੇ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਲੰਘਣ ਤੋਂ ਬਾਅਦ ਕੈਲੀਸਥੇਨਿਕ ਕਸਰਤ ਰਾਹੀਂ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਕਾਮਯਾਬ ਹੋਇਆ ਹੈ। ਨਿਰੰਤਰ ਕਸਰਤ ਨਾਲ ਉਸ ਨੇ ਨਾ ਸਿਰਫ਼ ਆਪਣੇ ਸਰੀਰ ਨੂੰ ਮਜ਼ਬੂਤ ਬਣਾਇਆ, ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਪਛਾਣ ਬਣਾਈ। ਹੁਣ ਉਹ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰ ਰਿਹਾ ਹੈ।
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਦਿਲ ਦੀ ਗੰਭੀਰ ਬਿਮਾਰੀ ਕਾਰਨ ਉਸ ਦੇ ਦਿਲ ਦੀਆਂ ਵਾਲਵਾਂ ਦਾ ਆਕਾਰ ਘੱਟ ਗਿਆ ਸੀ। ਬਿਮਾਰੀ ਕਾਰਨ ਉਸ ਦਾ ਕਾਫ਼ੀ ਸਮਾਂ ਹਸਪਤਾਲਾਂ ਵਿੱਚ ਬੀਤਿਆ, ਜਿਸ ਕਾਰਨ ਉਹ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ। ਇਸ ਮੁਸ਼ਕਲ ਦੌਰ ਵਿੱਚੋਂ ਨਿਕਲਣ ਲਈ ਉਸ ਨੇ ਕੈਲੀਸਥੇਨਿਕ ਕਸਰਤ ਸ਼ੁਰੂ ਕੀਤੀ। ਸਰੀਰ ਦੇ ਆਪਣੇ ਭਾਰ ਨਾਲ ਕੀਤੀ ਜਾਣ ਵਾਲੀ ਇਸ ਕਸਰਤ ਨੂੰ ਨਿਯਮਤ ਤੌਰ ’ਤੇ ਕਰਨ ਨਾਲ ਉਸ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਇਆ ਅਤੇ ਉਸ ਨੇ ਸਰੀਰਕ ਤੌਰ ’ਤੇ ਵੀ ਖੁਦ ਨੂੰ ਮਜ਼ਬੂਤ ਮਹਿਸੂਸ ਕੀਤਾ।
ਅਰਸ਼ਦੀਪ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਮਹਿੰਗੇ ਸਾਧਨਾਂ ਦੀ ਬਜਾਏ ਰੋਜ਼ਾਨਾ ਜੀਵਨ ਵਿੱਚ ਕੀਤੇ ਜਾਣ ਵਾਲੇ ਘਰੇਲੂ ਕੰਮ ਵੀ ਚੰਗੀ ਕਸਰਤ ਦਾ ਸਾਧਨ ਬਣ ਸਕਦੇ ਹਨ। ਉਹ ਖੁਰਾਕ ਵਿੱਚ ਵੀ ਘਰੇਲੂ ਅਤੇ ਦੇਸੀ ਭੋਜਨ ਨੂੰ ਤਰਜੀਹ ਦਿੰਦਾ ਹੈ ਅਤੇ ਪ੍ਰੋਟੀਨ ਸਪਲੀਮੈਂਟ ’ਤੇ ਨਿਰਭਰ ਨਹੀਂ ਕਰਦਾ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ
ਅਰਸ਼ਦੀਪ ਦਾ ਮੁੱਖ ਮਕਸਦ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਹੈ। ਉਹ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਮੋਬਾਈਲ ਦੀ ਬੇਲੋੜੀ ਵਰਤੋਂ ਘਟਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ।
ਉਸ ਦਾ ਕਹਿਣਾ ਹੈ ਕਿ ਖੇਡਾਂ ਸਿਰਫ਼ ਸਰੀਰ ਨੂੰ ਤੰਦਰੁਸਤ ਨਹੀਂ ਰੱਖਦੀਆਂ, ਸਗੋਂ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਮਿਹਨਤ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਉਹ ਭਵਿੱਖ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਦੇ ਹਨ ਅਤੇ ਆਪਣੇ ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕਰ ਸਕਦੇ ਹਨ।
ਕੀ ਹੈ ਕੈਲੀਸਥੇਨਿਕ?
ਕੈਲੀਸਥੇਨਿਕ ਸਰੀਰ ਦੇ ਆਪਣੇ ਭਾਰ ਨਾਲ ਕੀਤੀ ਜਾਣ ਵਾਲੀ ਕਸਰਤ ਹੈ। ਇਸ ਵਿੱਚ ਕਿਸੇ ਮਸ਼ੀਨ ਜਾਂ ਭਾਰੀ ਵਜ਼ਨ ਦੀ ਲੋੜ ਨਹੀਂ ਹੁੰਦੀ। ਪੁਸ਼-ਅੱਪ, ਪੁਲ-ਅੱਪ, ਸਕੁਐਟ, ਡਿਪਸ, ਲੰਜ ਅਤੇ ਪਲੈਂਕ ਇਸ ਦੀਆਂ ਆਮ ਕਸਰਤਾਂ ਹਨ। ਨਿਯਮਤ ਅਭਿਆਸ ਨਾਲ ਸਰੀਰ ਦੀ ਤਾਕਤ, ਸੰਤੁਲਨ, ਲਚਕਤਾ ਅਤੇ ਸਰੀਰ ’ਤੇ ਕੰਟਰੋਲ ਵਧਾਉਣ ਵਿੱਚ ਮਦਦ ਮਿਲਦੀ ਹੈ।