ਪ੍ਰਸ਼ਾਸਨਿਕ ਨਾਕਾਮੀ! ਮੰਡੀ 'ਚ ਭਰਿਆ ਪਾਣੀ, ਕਿਸਾਨਾਂ ਤੇ ਆੜਤੀਆਂ ਦੀ ਲੱਖਾਂ ਦੀ ਫ਼ਸਲ ਹੋਈ ਤਬਾਹ ਪਿਛਲੇ ਦਿਨੀਂ ਤਪਾ ਮੰਡੀ ਦੀ ਪੁਰਾਣੀ ਅਨਾਜ ਮੰਡੀ ਦੇ ਵਿਚਕਾਰ ਬਣੀ ਸਦਰ ਬਾਜ਼ਾਰ ਵਾਲੀ ਨਵੀਂ ਸੜਕ ਨੇ ਆੜਤੀਆਂ ਤੇ ਕਿਸਾਨਾਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ। ਮਾਮਲਾ ਇਸ ਤਰ੍ਹਾਂ ਹੈ ਕਿ ਤਕਰੀਬਨ ਦੋ ਤਿੰਨ ਮਹੀਨੇ ਪਹਿਲਾਂ ਬਣੀ ਇਸ ਗੈਰ ਮਿਆਰੀ ਸੜਕ ਬਾਰੇ ਪਹਿਲਾ ਤੋਂ ਹੀ ਕਾਫੀ ਰੌਲਾ ਤੇ ਪ੍ਰਦਰਸ਼ਨ ਹੁੰਦੇ ਰਹੇ। ਸੜਕ ਬਣਾਉਣ ਵਾਲੇ ਠੇਕੇਦਾਰ ਨੇ ਬਿਲਕੁਲ ਹੀ ਗੈਰ ਮਿਆਰੀ ਸੜਕ ਬਣਾਈ ਹੈ, ਜਿਸ ਨੂੰ ਲੈ ਕੇ ਆੜਤੀਆਂ ਤੇ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਈ ਵਾਰ ਧਰਨਾ ਪ੍ਰਦਰਸ਼ਨ ਕੀਤਾ।
Publish Date: Thu, 02 Jul 2026 03:56 PM (IST)
Updated Date: Thu, 02 Jul 2026 03:59 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਪਿਛਲੇ ਦਿਨੀਂ ਤਪਾ ਮੰਡੀ ਦੀ ਪੁਰਾਣੀ ਅਨਾਜ ਮੰਡੀ ਦੇ ਵਿਚਕਾਰ ਬਣੀ ਸਦਰ ਬਾਜ਼ਾਰ ਵਾਲੀ ਨਵੀਂ ਸੜਕ ਨੇ ਆੜਤੀਆਂ ਤੇ ਕਿਸਾਨਾਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ। ਮਾਮਲਾ ਇਸ ਤਰ੍ਹਾਂ ਹੈ ਕਿ ਤਕਰੀਬਨ ਦੋ ਤਿੰਨ ਮਹੀਨੇ ਪਹਿਲਾਂ ਬਣੀ ਇਸ ਗੈਰ ਮਿਆਰੀ ਸੜਕ ਬਾਰੇ ਪਹਿਲਾ ਤੋਂ ਹੀ ਕਾਫੀ ਰੌਲਾ ਤੇ ਪ੍ਰਦਰਸ਼ਨ ਹੁੰਦੇ ਰਹੇ। ਸੜਕ ਬਣਾਉਣ ਵਾਲੇ ਠੇਕੇਦਾਰ ਨੇ ਬਿਲਕੁਲ ਹੀ ਗੈਰ ਮਿਆਰੀ ਸੜਕ ਬਣਾਈ ਹੈ, ਜਿਸ ਨੂੰ ਲੈ ਕੇ ਆੜਤੀਆਂ ਤੇ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਈ ਵਾਰ ਧਰਨਾ ਪ੍ਰਦਰਸ਼ਨ ਕੀਤਾ। ਸੜਕ ਬਣਾਉਣ ਲਈ ਤੈਅ ਹੱਦ ਸਮਾਂ ਅਤੇ ਤੈਅ ਮਾਪਦੰਡਾਂ ਤੇ ਖਰਾ ਨਹੀਂ ਉਤਰਿਆ। ਪਹਿਲਾਂ ਤਾਂ ਸੜਕ ਬਣਾਉਣ ਵੇਲੇ ਇਸ ਠੇਕੇਦਾਰ ਵੱਲੋਂ ਸੜਕ ਬਣਾਉਣ ਲਈ ਲੰਮਾ ਸਮਾਂ ਕੰਮ ਲਮਕਾਇਆ ਗਿਆ ਤੇ ਫਿਰ ਇਸ ਉੱਪਰ ਕੋਈ ਵੀ ਮਿੱਟੀ ਰੇਤਾ ਦੱਬਣ ਲਈ ਰੋਲਰ ਵਗੈਰਾ ਨਹੀਂ ਫੇਰਿਆ ਤੇ ਨਾ ਹੀ ਪਾਣੀ ਵਗੈਰਾ ਦਾ ਛਿੜਕਾ ਮਿੱਟੀ ਦੱਬਣ ਲਈ ਕੀਤਾ, ਦੁਰਮਟਾਂ ਨਾਲ ਮਿੱਟੀ ਕੁੱਟਦੇ ਮਜ਼ਦੂਰ ਦੇਖੇ ਗਏ। ਜਿਸ ਨੂੰ ਪੰਜਾਬੀ ਜਾਗਰਣ ਅਖਬਾਰ ਨੇ ਪ੍ਰਮੁੱਖਤਾ ਨਾਲ ਛਾਪਿਆ ਸੀ।
ਅਨਾਜ ਮੰਡੀ ਦੇ ਫੜ (ਜਿੱਥੇ ਕਿਸਾਨ ਫਸਲ ਲਾਹੁੰਦਾ ਹੈ) ਨਾਲੋਂ ਇਕ ਫੁੱਟ ਤੋਂ ਉੱਪਰ ਚੱਕ ਕੇ ਬਣਾ ਦਿੱਤੀ। ਜਿਸ ਨਾਲ ਅਨਾਜ ਮੰਡੀ ਦਾ ਫੜ ਇੱਕ ਝੀਲ ਬਣ ਗਿਆ ਤੇ ਪੰਜਾਬ ਮੰਡੀਕਰਨ ਬੋਰਡ ਦੀ ਅਰਬਾਂ ਰੁਪਏ ਦੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਪਰ ਇਸ ਉੱਪਰ ਨਾ ਤਾਂ ਨਗਰ ਕੌਂਸਲ ਤਪਾ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਕਰਨੀ ਉਚਿਤ ਸਮਝੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੇਅੰਤ ਸਿੰਘ ਸਰਕਾਰ ਦੇ ਸਮੇਂ ਬਣੀ ਅਨਾਜ ਮੰਡੀ ਤੇ ਸੜਕ ਪੂਰੀ ਤਰਹਾਂ ਠੀਕ ਸੀ ਪਰ ਪੁਰਾਣੀ ਹੋਣ ਕਾਰਨ ਸਦਰ ਬਾਜ਼ਾਰ ਵਾਲੀ ਸੜਕ ’ਚ ਸੀਵਰੇਜ ਤੇ ਵਾਟਰ ਵਰਕਸ ਦੀ ਸਹੂਲਤ ਦੇਣਾ ਵੀ ਲੋਕਾਂ ਦਾ ਹੱਕ ਸੀ। ਤਪਾ ਮੰਡੀ ਦੇ ਸਮੂਹ ਦੁਕਾਨਦਾਰ ਦਿਨ ਰਾਤ ਇਸ ਗੱਲ ਨੂੰ ਲੈ ਕੇ ਚਰਚਾ ਕਰਦੇ ਹਨ ਕੀ ਲਗਭਗ 30 ਸਾਲ ਪਹਿਲਾਂ ਬਣੀ ਇਹ ਸੜਕ ਅੱਜ ਤੱਕ ਨਹੀਂ ਟੁੱਟੀ ਪਰ ਹੁਣ ਬਣੀ ਨਵੀਂ ਸੜਕ ਤੇ ਤਕਰੀਬਨ 40-50 ਲੱਖ ਰੁਪਏ ਖਰਚ ਕੀਤਾ ਗਿਆ ਤੇ ਇਹ 40 -50 ਦਿਨ ਵੀ ਨਹੀਂ ਟਿਕ ਸਕੀ ਠੇਕੇਦਾਰ ਵੱਲੋਂ ਬਣਾਈਆਂ ਸੜਕ ਦੇ ਆਲੇ ਦੁਆਲੇ ਸਮੂਹ ਹੌਦੀਆਂ ਅਤੇ ਢਲਾਣਾ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈਆਂ, ਬੇਸ਼ੱਕ ਤਪਾ ਦੇ ਐਸਡੀਐਮ ਆਯੂਸ਼ ਗੋਇਲ ਇੱਕ ਇਮਾਨਦਾਰ ਅਤੇ ਨਿੱਧੜਕ ਆਫਿਸਰ ਵਜੋਂ ਜਾਣੇ ਜਾਂਦੇ ਹਨ ਪਰ ਪਤਾ ਨਹੀਂ ਕਿਵੇਂ ਇਹ ਮੁੱਦਾ ਇਨ੍ਹਾਂ ਦੇ ਧਿਆਨ ’ਚ ਕਿਉਂ ਨਹੀਂ ਆਇਆ। ਸੜਕ ਬਣਨ ਤੋਂ ਬਾਅਦ ਹੋਈ ਪਹਿਲੀ ਬਾਰਿਸ਼ ਨੇ ਹੀ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਅਤੇ ਅਨਾਜ ਦੀਆਂ ਭਰੀਆਂ ਬੋਰੀਆਂ ਪਾਣੀ ’ਚ ਡੁੱਬੀਆਂ ਦਿਖਾਈ ਦਿੱਤੀਆਂ। ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਠੇਕੇਦਾਰ ਅਤੇ ਅਧਿਕਾਰੀਆਂ ਖਿਲਾਫ ਵਿਜੀਲੈਂਸ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਕੀ ਕਹਿਣਾ ਹੈ ਅਧਿਕਾਰੀਆਂ ਦਾ
ਸੜਕ ਬਣਨ ਦੇ ਦੌਰਾਨ ਜਦੋਂ ਨਗਰ ਕੌਂਸਲ ਵਿਖੇ ਦੁਕਾਨਦਾਰ ਉਨ੍ਹਾਂ ਨੂੰ ਮਿਲਣ ਲਈ ਗਏ ਤਾਂ ਉਨ੍ਹਾਂ ਠੇਕੇਦਾਰ ਦੀ ਪਿੱਠ ਥਾਪੜਦਿਆਂ ਸਾਰਾ ਕਸੂਰ ਦੁਕਾਨਦਾਰਾਂ ਦਾ ਹੀ ਕੱਢਣਾ ਉਚਿਤ ਸਮਝਿਆ। ਉਨ੍ਹਾਂ ਦਾ ਕਹਿਣਾ ਸੀ ਕਿ ਤੁਹਾਨੂੰ 70 ਸਾਲਾਂ ’ਚ ਪਹਿਲੀ ਵਾਰ ਇਹ ਸਹੂਲਤ ਦੇ ਰਹੇ ਹਾਂ ਜਦੋਂ ਦੁਕਾਨਦਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਠੇਕੇਦਾਰ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਆਪਣਾ ਪੱਲਾ ਝਾੜ ਲਿਆ। ਕੱਲ ਜਦੋਂ ਮੰਡੀ ਕਰਨ ਬੋਰਡ ਦੇ ਜਿਲ੍ਹਾ ਅਧਿਕਾਰੀ ਡੀਐਮਓ ਡਿਪਟੀ ਡੀਐਮਓ ਤੇ ਸਕੱਤਰ ਮਾਰਕੀਟ ਕਮੇਟੀ ਤਪਾ ਤਪਾ ਮੰਡੀ ਵਿਖੇ ਮੂੰਗੀ ਦੀ ਖਰੀਦ ਸਬੰਧੀ ਜਾਇਜਾ ਲੈਣ ਆਏ ਤਾਂ ਪੰਜਾਬੀ ਜਾਗਰਣ ਵੱਲੋਂ ਕੀਤੇ ਸਵਾਲ ’ਤੇ ਵੀ ਉਨ੍ਹਾਂ ਦਾ ਜਵਾਬ ਤਸੱਲੀਬਖਸ਼ ਨਹੀਂ ਸੀ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਉਨਾਂ ਦੇ ਧਿਆਨ ’ਚ ਨਹੀਂ ਹੈ ਉਹ ਤਾਂ ਸਿਰਫ ਸਹੂਲਤਾਂ ਤੋਂ ਸੱਖਣੀ ਨਵੀਂ ਅਨਾਜ ਮੰਡੀ ਤਾਜੋਕੇ ਰੋਡ ਨੂੰ ਕਾਮਯਾਬ ਕਰਨ ਦੀ ਗੱਲ ਕਰਦੇ ਰਹੇ, ਪਰ ਬਾਅਦ ’ਚ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਉਨਾਂ ਨੇ ਨੋਟਿਸ ਕੱਟ ਦਿੱਤਾ ਸੀ ਪਰ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ।