- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਦਿੰਦਿਆਂ ਅਦਾਕਾਰ ਤੇ ਗਾਇਕ ਸਿੱਪੀ ਗਿੱਲ ਨੇ ਦੱਸਿਆ ਕਿ ਦੋਵੇਂ ਈ.ਪੀ. ਕੁਝ ਹੀ ਦਿਨਾਂ ਦੇ ਫ਼ਰਕ ਨਾਲ ਰਿਲੀਜ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ 5-5 ਗੀਤ ਸ਼ਾਮਲ ਹਨ। ਇਹ ਗੀਤ ਕਲਮਕਾਰ ਮਣੀ ਸ਼ੇਰੋਂ, ਸੁਲੱਖਣ ਚੀਮਾ ਅਤੇ ਖ਼ੁਦ ਸਿੱਪੀ ਗਿੱਲ ਦੁਆਰਾ ਲਿਖੇ ਗਏ ਹਨ, ਜਦਕਿ ਇਹਨਾਂ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਸੰਗੀਤ ਅਤੇ ਫ਼ਿਲਮ ਜਗਤ ਦੇ ਚਰਚਿਤ ਕਲਾਕਾਰ ਸਿੱਪੀ ਗਿੱਲ ਬਰਨਾਲਾ ਵਿਖੇ ਆਪਣੇ ਗੂੜ੍ਹੇ ਮਿੱਤਰ ‘ਸਟਾਰ ਡਾਇਮੰਡ’ ਵਾਲੇ ਕਾਕੇ ਦੇ ਦਫ਼ਤਰ ਪੁੱਜੇ। ਇਸ ਦੌਰਾਨ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਚੜ੍ਹਦੇ ਸਿਆਲ ਸੰਗੀਤ ਪ੍ਰੇਮੀਆਂ ਲਈ ਉਨ੍ਹਾਂ ਦੀਆਂ ਦੋ ਈ.ਪੀ. (EP) ਰਿਲੀਜ਼ ਹੋ ਰਹੀਆਂ ਹਨ। ਇਸ ਤੋਂ ਇਲਾਵਾ ਫ਼ਿਲਮੀ ਖ਼ੇਤਰ ਵਿੱਚ ਉਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ ‘ਗਦਰੀ ਯੋਧੇ’ ਵੀ ਜਲਦ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।
ਜਾਣਕਾਰੀ ਦਿੰਦਿਆਂ ਅਦਾਕਾਰ ਤੇ ਗਾਇਕ ਸਿੱਪੀ ਗਿੱਲ ਨੇ ਦੱਸਿਆ ਕਿ ਦੋਵੇਂ ਈ.ਪੀ. ਕੁਝ ਹੀ ਦਿਨਾਂ ਦੇ ਫ਼ਰਕ ਨਾਲ ਰਿਲੀਜ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ 5-5 ਗੀਤ ਸ਼ਾਮਲ ਹਨ। ਇਹ ਗੀਤ ਕਲਮਕਾਰ ਮਣੀ ਸ਼ੇਰੋਂ, ਸੁਲੱਖਣ ਚੀਮਾ ਅਤੇ ਖ਼ੁਦ ਸਿੱਪੀ ਗਿੱਲ ਦੁਆਰਾ ਲਿਖੇ ਗਏ ਹਨ, ਜਦਕਿ ਇਹਨਾਂ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ। ਇਹਨਾਂ ਗੀਤਾਂ ਦੇ ਵੀਡੀਓਜ਼ ਦਾ ਫ਼ਿਲਮਾਂਕਣ ਦੇਸ਼-ਵਿਦੇਸ਼ ਦੀਆਂ ਮਨਮੋਹਕ ਥਾਵਾਂ ’ਤੇ ਕੀਤਾ ਗਿਆ ਹੈ, ਜਿਨ੍ਹਾਂ ਦੇ ਨਿਰਦੇਸ਼ਕ ਗੁਰੂ ਭੁੱਲਰ ਹਨ।
--20 ਵਰ੍ਹਿਆਂ ਦਾ ਹੋਇਆ ਸਿੱਪੀ ਗਿੱਲ ਦਾ ਸੰਗੀਤਕ ਸਫ਼ਰ
ਆਪਣੇ ਸੰਗੀਤਕ ਸਫ਼ਰ ਬਾਰੇ ਚਰਚਾ ਕਰਦਿਆਂ ਸਿੱਪੀ ਗਿੱਲ ਨੇ ਦੱਸਿਆ ਕਿ ਸਾਲ 2006 ਵਿੱਚ ਪ੍ਰਸਿੱਧ ਸ਼ਾਇਰ ਤੇ ਗਾਇਕ ਦੇਬੀ ਮਖ਼ਸੂਸਪੁਰੀ ਦੀ ਕੰਪਨੀ ‘ਸਟ੍ਰੀਟ ਵੇਵਜ਼’ ਹੇਠ ਉਨ੍ਹਾਂ ਦੀ ਪਹਿਲੀ ਆਡੀਓ ਕੈਸੈਟ ‘ਝੁਮਕਾ’ ਆਈ ਸੀ। ਇਸ ਤੋਂ ਬਾਅਦ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸੰਗੀਤ ਕੰਪਨੀਆਂ ਰਾਹੀਂ ਰਿਕਾਰਡ ਹੋਏ ਉਨ੍ਹਾਂ ਦੇ ਗੀਤਾਂ ਨੂੰ ਪੰਜਾਬੀ ਸਰੋਤਿਆਂ ਨੇ ਭਰਵਾਂ ਪਿਆਰ ਦਿੱਤਾ। ਕਰੀਬ ਇੱਕ ਦਹਾਕਾ ਪਹਿਲਾਂ ਉਨ੍ਹਾਂ ਨੇ ‘ਸਿੱਪੀ ਗਿੱਲ ਮਿਊਜ਼ਿਕ’ ਨਾਂ ਦਾ ਆਪਣਾ ਮਿਊਜ਼ਿਕ ਲੇਬਲ ਸ਼ੁਰੂ ਕੀਤਾ, ਜਿਸ ਦੇ ਬੈਨਰ ਹੇਠ ਉਹ ਨਿਰੰਤਰ ਆਪਣੇ ਗੀਤ ਅਤੇ ਵੀਡੀਓਜ਼ ਸਰੋਤਿਆਂ ਦੇ ਰੂਬਰੂ ਕਰ ਰਹੇ ਹਨ।
--ਫ਼ਿਲਮ ‘ਗਦਰੀ ਯੋਧੇ’ ਦੇ ਖ਼ੁਦ ਨਿਰਮਾਤਾ ਬਣੇ ਸਿੱਪੀ ਗਿੱਲ
ਸਿੱਪੀ ਗਿੱਲ ਨੇ ਦੱਸਿਆ ਕਿ ਬਤੌਰ ਮੁੱਖ ਅਦਾਕਾਰ (ਹੀਰੋ) ਉਨ੍ਹਾਂ ਦੀ ਪਹਿਲੀ ਫ਼ਿਲਮ ‘ਟਾਈਗਰ’ ਆਈ ਸੀ। ਹੁਣ ਆ ਰਹੀ ਨਵੀਂ ਪੰਜਾਬੀ ਫ਼ਿਲਮ ‘ਗਦਰੀ ਯੋਧੇ’ ਵਿੱਚ ਉਹ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਇਸ ਦੇ ਨਿਰਮਾਤਾ ਵੀ ਹਨ। ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਜੀਵਨੀ ਅਤੇ ਗਦਰ ਲਹਿਰ ਦੀਆਂ ਗਾਥਾਵਾਂ ’ਤੇ ਅਧਾਰਿਤ ਇਸ ਇਤਿਹਾਸਕ ਫ਼ਿਲਮ ਦੀ ਸ਼ੂਟਿੰਗ ਕੈਨੇਡਾ, ਰਾਜਸਥਾਨ ਅਤੇ ਚੰਡੀਗੜ੍ਹ ਆਦਿ ਥਾਵਾਂ ’ਤੇ ਕੀਤੀ ਗਈ ਹੈ। ਫ਼ਿਲਮ ਵਿੱਚ ਸਿੱਪੀ ਗਿੱਲ ਦੇ ਨਾਲ ਹੈਪੀ ਰਾਏਕੋਟੀ, ਹੋਬੀ ਧਾਲੀਵਾਲ, ਅਨੀਤਾ ਦੇਵਗਨ ਅਤੇ ਰਾਜ ਵਰਗੇ ਨਾਮਵਰ ਅਦਾਕਾਰ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਗਦਰ ਯੋਧਿਆਂ ਦੀ ਕੁਰਬਾਨੀ ’ਤੇ ਅਧਾਰਿਤ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।