ਚੰਨੀ ਨੂੰ ਚਟਾਈ ਸੀ ਧੂੜ...ਭਦੌੜ ਤੋਂ AAP ਨੇ ਮੁੜ ਲਾਭ ਸਿੰਘ ਉਗੋਕੇ 'ਤੇ ਖੇਡਿਆ ਦਾਅ, ਕੀ ਹੁਣ 5 ਸਾਲਾਂ ਦੇ ਕੰਮਾਂ ਦਾ ਲੋਕ ਪਾਉਣਗੇ ਮੁੱਲ
ਮੁੱਖ ਮੰਤਰੀ ਨੂੰ ਹਰਾ ਕੇ ਪਹਿਲੀ ਵਾਰ ਚੰਡੀਗੜ੍ਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਾਲੇ ਉਗੋਕੇ ਦਾ ਨਾਂ AAP ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਲਈ ਕਈ ਵਾਰ ਚਰਚਾ 'ਚ ਆਇਆ, ਪਰ ਹਰ ਵਾਰ ਉਹ ਕੈਬਨਿਟ ਮੰਤਰੀ ਬਣਨ ਤੋਂ ਰਹਿ ਗਏ।
Publish Date: Sat, 31 Oct 2026 01:53 PM (IST)
Updated Date: Sat, 31 Oct 2026 02:18 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਬਰਨਾਲਾ ਦੇ ਰਾਖਵੇਂ ਹਲਕੇ ਭਦੌੜ ਤੋਂ ਆਪਣੇ ਮੌਜੂਦਾ ਵਿਧਾਇਕ ਲਾਭ ਸਿੰਘ ਉਗੋਕੇ 'ਤੇ ਇੱਕ ਵਾਰ ਫਿਰ ਪੂਰਾ ਵਿਸ਼ਵਾਸ ਜਤਾਉਂਦਿਆਂ ਉਨ੍ਹਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਦਰਅਸਲ ਆਮ ਆਦਮੀ ਪਾਰਟੀ (AAP Punjab) ਨੇ ਆਉਂਦੀਆਂ 2027 ਦੀਆਂ ਪੰਜਾਬ ਚੋਣਾਂ ਲਈ ਆਪਣੇ 40 ਉਮੀਦਵਾਰਾਂ ਦੀ ਪਹਿਲੀ ਸੂਚੀ (AAP Candidates First List) ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਬਰਨਾਲਾ ਦੇ ਦੋਵੇਂ ਰਾਖਵੇਂ ਹਲਕਿਆਂ ਭਦੌੜ ਤੇ ਮਹਿਲ ਕਲਾਂ ਤੋਂ ਵੀ ਉਮੀਦਵਾਰਾਂ ਦੇ ਨਾਂ ਖੋਲ੍ਹ ਦਿੱਤੇ ਗਏ ਹਨ।
ਲਾਭ ਸਿਘ ਉਗੋਕੇ ਦਾ ਸਿਆਸੀ ਸਫ਼ਰ (Labh Singh Ugoke Political Career)
2022 ਦੀਆਂ ਵਿਧਾਨ ਸਭਾ ਚੋਣਾਂ 'ਚ ਕੱਚਿਆਂ ਕੋਠਿਆਂ 'ਚੋਂ ਉੱਠੇ ਇਸ ਸਾਧਾਰਨ ਘਰ ਦੇ ਨੌਜਵਾਨ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਹਾਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਲਾਭ ਸਿੰਘ ਉਗੋਕੇ ਨੇ 63,967 ਵੋਟਾਂ (51.42 ਫੀਸਦੀ) ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਸੀ, ਜਦਕਿ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਹਿਜ਼ 26,409 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ 21,183 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ ਸਨ।
ਮੁੱਖ ਮੰਤਰੀ ਨੂੰ ਹਰਾ ਕੇ ਪਹਿਲੀ ਵਾਰ ਚੰਡੀਗੜ੍ਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਾਲੇ ਉਗੋਕੇ ਦਾ ਨਾਂ 'ਆਪ' ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਲਈ ਕਈ ਵਾਰ ਚਰਚਾ ਵਿੱਚ ਆਇਆ, ਪਰ ਹਰ ਵਾਰ ਉਹ ਕੈਬਨਿਟ ਮੰਤਰੀ ਬਣਨ ਤੋਂ ਰਹਿ ਗਏ।
ਹੁਣ ਪਾਰਟੀ ਵਲੋਂ ਉਨ੍ਹਾਂ ਨੂੰ ਦੂਜੀ ਵਾਰ ਟਿਕਟ ਦੇਣ ਨਾਲ ਹਲਕੇ ਦੇ 'ਆਪ' ਵਰਕਰਾਂ ਵਿੱਚ ਨਵਾਂ ਰੂਹ-ਕਰੰਟ ਦੌੜ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਂਦੀਆਂ ਚੋਣਾਂ ਵਿੱਚ ਹਲਕੇ ਦੇ ਲੋਕ ਉਨ੍ਹਾਂ ਦੇ 5 ਸਾਲਾਂ ਦੇ ਵਿਕਾਸ ਕੰਮਾਂ 'ਤੇ ਕਿਸ ਤਰ੍ਹਾਂ ਮੋਹਰ ਲਾਉਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।