- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਸੰਗਤ ਵੱਲੋਂ ਜਾਰੀ ਕੀਤੀ ਗਈ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਨੇ ਸੇਵਾਦਾਰ ਬਣ ਕੇ ਗੁਰਦੁਆਰਿਆਂ ਦੇ ਪ੍ਰਬੰਧਕਾਂ, ਸਥਾਨਕ ਸੰਗਤ ਤੇ ਸਿੱਖ ਪਰਿਵਾਰਾਂ ਦਾ ਭਰੋਸਾ ਜਿੱਤਿਆ ਤੇ ਫਿਰ ਵੱਖ-ਵੱਖ ਬਹਾਨੇ ਬਣਾ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਬਟੋਰੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੰਘੇਵਾਲ ਦੇ ਰਹਿਣ ਵਾਲੇ ਇੱਕ ਸਿੱਖ ਵਿਅਕਤੀ ’ਤੇ ਜਰਮਨੀ ਦੇ ਹੈਮਬਰਗ ਅਤੇ ਵਾਈਨਹਾਈਮ ਸਥਿਤ ਗੁਰਦੁਆਰਿਆਂ ਦੀ ਸੰਗਤ ਨਾਲ ਕਰੀਬ 80 ਹਜ਼ਾਰ ਯੂਰੋ (ਲਗਭਗ 80 ਲੱਖ ਰੁਪਏ) ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ ਲੱਗੇ ਹਨ। ਪੀੜਤ ਸੰਗਤ ਵੱਲੋਂ ਜਾਰੀ ਕੀਤੀ ਗਈ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਨੇ ਸੇਵਾਦਾਰ ਬਣ ਕੇ ਗੁਰਦੁਆਰਿਆਂ ਦੇ ਪ੍ਰਬੰਧਕਾਂ, ਸਥਾਨਕ ਸੰਗਤ ਤੇ ਸਿੱਖ ਪਰਿਵਾਰਾਂ ਦਾ ਭਰੋਸਾ ਜਿੱਤਿਆ ਤੇ ਫਿਰ ਵੱਖ-ਵੱਖ ਬਹਾਨੇ ਬਣਾ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਬਟੋਰੀ।
ਸੰਗਤ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਕਤ ਵਿਅਕਤੀ ਨੇ ਪੰਜਾਬ ਵਿੱਚ ਵੀ ਕਈ ਲੋਕਾਂ ਨੂੰ ਕਥਿਤ ਤੌਰ ’ਤੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਸ਼ਨੀਵਾਰ ਰਾਤ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਸੰਗਤ ਨੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ।
ਜਾਂਚ ਦੌਰਾਨ ਮੁਲਜ਼ਮ ਦੀਆਂ ਦੋ ਵੱਖ-ਵੱਖ ਪਛਾਣਾਂ ਅਤੇ ਪਾਸਪੋਰਟਾਂ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਈ ਹੈ। ਸੰਗਤ ਅਨੁਸਾਰ, ਭਾਰਤੀ ਪਾਸਪੋਰਟ ਵਿੱਚ ਉਸ ਦਾ ਨਾਂ ਅਮਰਜੀਤ ਸਿੰਘ ਦਰਜ ਹੈ, ਜਦਕਿ ਹਰਪ੍ਰੀਤ ਸਿੰਘ ਦੇ ਨਾਂ ’ਤੇ ਉਸ ਕੋਲ ਇਟਲੀ ਦੀ ਨਾਗਰਿਕਤਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਅਤੇ ਦਸਤਾਵੇਜ਼ਾਂ ਦੀ ਅਧਿਕਾਰਤ ਤੌਰ ’ਤੇ ਸੁਤੰਤਰ ਪੁਸ਼ਟੀ ਹੋਣੀ ਅਜੇ ਬਾਕੀ ਹੈ।
--ਹੈਮਬਰਗ ਦੇ ਗੁਰਦੁਆਰੇ ਤੋਂ 50 ਤੋਂ 60 ਹਜ਼ਾਰ ਯੂਰੋ ਲੈਣ ਦੇ ਦੋਸ਼
ਪੀੜਤ ਸੰਗਤ ਅਨੁਸਾਰ, ਮੁਲਜ਼ਮ ਜਰਮਨੀ ਦੇ ਹੈਮਬਰਗ ਸਥਿਤ ਗੁਰਦੁਆਰਾ ਸਾਹਿਬ ਵਿੱਚ ਕਰੀਬ ਇੱਕ ਸਾਲ ਤੱਕ ਸੇਵਾਦਾਰ ਵਜੋਂ ਰਿਹਾ। ਇਸ ਦੌਰਾਨ ਉਸ ਨੇ ਗੁਰਦੁਆਰੇ ਦੀ ਸੰਗਤ ਅਤੇ ਪ੍ਰਬੰਧਕਾਂ ਨਾਲ ਭਰੋਸੇਯੋਗ ਸਬੰਧ ਕਾਇਮ ਕਰ ਲਏ। ਦੋਸ਼ ਹੈ ਕਿ ਬਾਅਦ ਵਿੱਚ ਉਹ ਕਰੀਬ 50 ਤੋਂ 60 ਹਜ਼ਾਰ ਯੂਰੋ (ਲਗਭਗ 45 ਤੋਂ 55 ਲੱਖ ਰੁਪਏ) ਦੀ ਰਕਮ ਲੈ ਕੇ ਉੱਥੋਂ ਫਰਾਰ ਹੋ ਗਿਆ।
ਇਸ ਤੋਂ ਬਾਅਦ ਉਸ ਨੇ ਵਾਈਨਹਾਈਮ ਸਥਿਤ ਗੁਰਦੁਆਰਾ ਸਾਹਿਬ ਵਿੱਚ ਆਪਣਾ ਟਿਕਾਣਾ ਬਣਾਇਆ। ਇੱਥੇ ਵੀ ਉਸ ਨੇ ਆਪਣੇ ਆਪ ਨੂੰ ਆਰਥਿਕ ਅਤੇ ਪਰਿਵਾਰਕ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਦੱਸਿਆ। ਸੰਗਤ ਦਾ ਦੋਸ਼ ਹੈ ਕਿ ਉਹ ਕਦੇ ਭੈਣ ਦੀ ਬਿਮਾਰੀ, ਕਦੇ ਬੱਚੇ ਦੀ ਮਜਬੂਰੀ ਅਤੇ ਕਦੇ ਪਿਤਾ ਦੇ ਇਲਾਜ ਦਾ ਹਵਾਲਾ ਦੇ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਦਾ ਰਿਹਾ।
ਵਾਈਨਹਾਈਮ ਦੀ ਸੰਗਤ ਤੋਂ ਵੀ ਉਸ ਨੇ ਕਰੀਬ 20 ਤੋਂ 25 ਹਜ਼ਾਰ ਯੂਰੋ ਲਏ। ਇਸ ਤਰ੍ਹਾਂ ਦੋਵਾਂ ਗੁਰਦੁਆਰਿਆਂ ਤੋਂ ਕਥਿਤ ਠੱਗੀ ਦੀ ਕੁੱਲ ਰਕਮ 80 ਹਜ਼ਾਰ ਯੂਰੋ ਤੋਂ ਵੱਧ ਦੱਸੀ ਜਾ ਰਹੀ ਹੈ। ਸੰਗਤ ਅਨੁਸਾਰ ਅਜੇ ਕੁਝ ਹੋਰ ਪੀੜਤ ਵੀ ਸਾਹਮਣੇ ਆ ਰਹੇ ਹਨ, ਜਿਸ ਨਾਲ ਇਹ ਰਕਮ ਵਧ ਸਕਦੀ ਹੈ।
ਪੰਜਾਬ ਵਿੱਚ ਵੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ
ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਪੰਜਾਬ ਵਿੱਚ ਰਹਿੰਦਿਆਂ ਵੀ ਕਥਾਵਾਚਕ ਬਣ ਕੇ ਗੁਰਦੁਆਰਿਆਂ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ। ਇਸ ਦੌਰਾਨ ਉਹ ਲੋਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦਾ ਭਰੋਸਾ ਜਿੱਤਦਾ ਅਤੇ ਧੋਖਾਧੜੀ ਕਰਦਾ ਸੀ। ਪੰਜਾਬ ਵਿੱਚ ਕਈ ਲੋਕਾਂ ਨੂੰ ਠੱਗਣ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ। ਹਾਲਾਂਕਿ, ਭਾਰਤ ਵਿੱਚ ਉਸ ਵਿਰੁੱਧ ਦਰਜ ਮਾਮਲਿਆਂ ਜਾਂ ਸ਼ਿਕਾਇਤਾਂ ਬਾਰੇ ਅਜੇ ਕੋਈ ਅਧਿਕਾਰਤ ਵੇਰਵਾ ਸਾਹਮਣੇ ਨਹੀਂ ਆਇਆ ਹੈ।
--ਦੋ ਨਾਵਾਂ ਤੇ ਪਾਸਪੋਰਟਾਂ ’ਤੇ ਉੱਠੇ ਸਵਾਲ
ਵਾਈਨਹਾਈਮ ਦੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਅਨੁਸਾਰ, ਉਨ੍ਹਾਂ ਕੋਲ ਮੁਲਜ਼ਮ ਨਾਲ ਸਬੰਧਤ ਦਸਤਾਵੇਜ਼ ਹਨ, ਜਿਨ੍ਹਾਂ ਅਨੁਸਾਰ ਉਹ ਅਮਰਜੀਤ ਸਿੰਘ ਦੇ ਨਾਂ ’ਤੇ ਭਾਰਤੀ ਪਾਸਪੋਰਟ ਅਤੇ ਹਰਪ੍ਰੀਤ ਸਿੰਘ ਦੇ ਨਾਂ ’ਤੇ ਇਟਲੀ ਦੀ ਨਾਗਰਿਕਤਾ ਵਰਤਦਾ ਰਿਹਾ। ਜਰਮਨੀ ਪਹੁੰਚ ਕੇ ਉਸ ਨੇ ਅਮਰਜੀਤ ਸਿੰਘ ਦੇ ਨਾਂ ’ਤੇ ਸ਼ਰਨ ਲਈ ਸੀ। ਇਨ੍ਹਾਂ ਦਾਅਵਿਆਂ ਦੀ ਸੱਚਾਈ ਲਈ ਸਰਕਾਰੀ ਏਜੰਸੀਆਂ ਦੀ ਜਾਂਚ ਦੀ ਲੋੜ ਹੈ।
--ਸੋਸ਼ਲ ਮੀਡੀਆ ’ਤੇ ਮੌਤ ਦੀ ਅਫ਼ਵਾਹ ਫੈਲਾਉਣ ਦੇ ਦੋਸ਼
ਪੀੜਤਾਂ ਨੇ ਦੋਸ਼ ਲਾਇਆ ਕਿ ਜਦੋਂ ਵੀ ਉਸ ਵਿਰੁੱਧ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਆਉਂਦੀ ਸੀ, ਤਾਂ ਉਸ ਦੇ ਕਰੀਬੀ ਟਿੱਪਣੀਆਂ ਵਿੱਚ ਉਸ ਦੀ ਮੌਤ ਦੀਆਂ ਅਫ਼ਵਾਹਾਂ ਫੈਲਾ ਦਿੰਦੇ ਸਨ। ਇਸ ਨਾਲ ਮਾਮਲਾ ਸ਼ਾਂਤ ਹੋ ਜਾਂਦਾ ਸੀ ਅਤੇ ਉਹ ਕਿਸੇ ਹੋਰ ਥਾਂ ਜਾ ਕੇ ਨਵੇਂ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੰਦਾ ਸੀ।
--ਸਬੂਤ ਜਨਤਕ ਕਰਨ ਦਾ ਦੱਸਿਆ ਕਾਰਨ
ਸੰਗਤ ਨੇ ਸਪੱਸ਼ਟ ਕੀਤਾ ਕਿ ਭਾਵੇਂ ਧਾਰਮਿਕ ਅਦਾਰਿਆਂ ਦੇ ਅੰਦਰੂਨੀ ਮਾਮਲੇ ਜਨਤਕ ਨਹੀਂ ਕੀਤੇ ਜਾਂਦੇ, ਪਰ ਹੋਰ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਉਸ ਦੇ ਪਤੇ ਅਤੇ ਦਸਤਾਵੇਜ਼ ਨਸ਼ਰ ਕਰਨੇ ਪਏ ਹਨ।
--ਸੰਗਤ ਨੂੰ ਸੋਚ-ਸਮਝ ਕੇ ਦਾਨ ਕਰਨ ਦੀ ਅਪੀਲ
ਗੁਰਦੁਆਰਾ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਦੀ ਮਦਦ ਕਰਨ ਜਾਂ ਦਾਨ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ-ਪੜਤਾਲ ਕਰ ਲਈ ਜਾਵੇ, ਤਾਂ ਜੋ ਧਾਰਮਿਕ ਸਥਾਨਾਂ ਅਤੇ ਭਾਈਚਾਰਕ ਭਰੋਸੇ ਦੀ ਦੁਰਵਰਤੋਂ ਨਾ ਹੋ ਸਕੇ। ਸ਼ੱਕੀ ਮਾਮਲਿਆਂ ਦੀ ਜਾਣਕਾਰੀ ਤੁਰੰਤ ਪੁਲਿਸ ਜਾਂ ਪ੍ਰਸ਼ਾਸਨ ਨੂੰ ਦਿੱਤੀ ਜਾਵੇ।