ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ: ਨਹਿਰ ’ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ, 29 ਲੱਖ ਲਾ ਕੇ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ
ਜ਼ਿਲ੍ਹਾ ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੀ ਨਹਿਰ ’ਚ ਡੁੱਬਣ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਖ਼ਬਰ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦ ਨਹਿਰ ’ਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਂਦੇ ਸਮੇਂ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ।
Publish Date: Tue, 07 Jul 2026 09:09 AM (IST)
Updated Date: Tue, 07 Jul 2026 09:14 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੀ ਨਹਿਰ ’ਚ ਡੁੱਬਣ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਖ਼ਬਰ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦ ਨਹਿਰ ’ਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਂਦੇ ਸਮੇਂ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ।
ਜਿਸ ਦੀ ਪਹਿਚਾਣ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ ਦੱਸੀ ਜਾ ਰਹੀ ਹੈ। ਘਟਨਾ ਉਸ ਸਮੇਂ ਦੀ ਹੈ ਜਦ ਦੋਵੇਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ’ਚ ਲਵਪ੍ਰੀਤ ਸਿੰਘ ਦੇ ਦੋਸਤ ਦਾ ਅਚਾਨਕ ਨਹਿਰ ’ਚ ਪੈਰ ਫਿਸਲ ਗਿਆ।
ਜਦ ਇਸ ਘਟਨਾ ਦਾ ਲਵਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਲਵਪ੍ਰੀਤ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ’ਚ ਪਿੱਛੇ ਛਾਲ ਮਾਰ ਦਿੱਤੀ ਪਰ ਲਵਪ੍ਰੀਤ ਸਿੰਘ ਆਪਣੇ ਦੋਸਤ ਨੂੰ ਬਚਾਉਂਦਾ-ਬਚਾਉਂਦਾ ਨਹਿਰ ’ਚ ਖੁਦ ਆਪ ਡੁੱਬ ਗਿਆ।
ਕੈਨੇਡਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਈ ਘੰਟੇ ਦੀ ਮੁਸ਼ੱਕਤ ਨਾਲ ਦੋਵਾਂ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ। 26 ਸਾਲਾ ਲਵਪ੍ਰੀਤ ਸਿੰਘ ਪੁੱਤਰ ਸਾਬਕਾ ਫੌਜੀ ਬਲਵੀਰ ਸਿੰਘ ਦੀ ਮੌਤ ਨੇ ਸਾਰੇ ਗੁਰਸਿੱਖ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।
ਪਰਿਵਾਰ ਦਾ ਇਕਲੌਤਾ ਪੁੱਤਰ 26 ਸਾਲਾ ਮ੍ਰਿਤਕ ਲਵਪ੍ਰੀਤ ਸਿੰਘ ਦੋ ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ’ਤੇ ਕੈਨੇਡਾ ਦੇ ਸ਼ਹਿਰ ਮਾਂਟਰੀਅਲ ’ਚ ਇੱਕ ਕੰਪਨੀ ਦਾ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਮਾਪਿਆਂ ਦਾ ਇਕਲੌਤਾ ਪੁੱਤ ਲਵਪ੍ਰੀਤ ਸਿੰਘ ਬਾਰਵੀਂ ਕਲਾਸ ਤੋਂ ਬਾਅਦ ਕੈਨੇਡਾ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਗਿਆ ਸੀ। ਜਿੱਥੇ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਲਈ ਸਾਬਕਾ ਫੌਜੀ ਬਲਵੀਰ ਸਿੰਘ ਨੇ ਆਪਣੀ ਸਾਰੀ ਢਾਈ ਏਕੜ ਜ਼ਮੀਨ ਵੇਚਕੇ 29 ਲੱਖ ਰੁਪਏ ਲਾਕੇ ਉਸ ਨੂੰ ਰੁਜ਼ਗਾਰ ਦੀ ਭਾਲ ਲਈ ਕੈਨੇਡਾ ਸੁਪਨੇ ਪੂਰੇ ਕਰਨ ਲਈ ਭੇਜਿਆ ਸੀ।
ਪੁੱਤ ਦੀ ਮੌਤ ਤੋਂ ਬਾਅਦ ਰੋਂਦੇ ਕੁਰਲਾਉਂਦੇ ਮਾਪੇ ਅਤੇ ਇਕਲੋਤੀ ਭੈਣ ਆਪਣੇ ਭਰਾ ਨੂੰ ਯਾਦ ਕਰ ਕਰ ਕੇ ਰੋ ਰਹੀ ਹੈ। ਮਾਪਿਆਂ ਦੇ ਆਪਣੇ ਇਕਲੌਤੇ ਪੁੱਤ ਲਵਪ੍ਰੀਤ ਸਿੰਘ ਤੋਂ ਬਹੁਤ ਵੱਡੇ ਸੁਪਨੇ ਦੇਖੇ ਸਨ ਪਰ ਜੋ ਸੁਪਨੇ ਟੁੱਟ ਗਏ ਹਨ। ਮ੍ਰਿਤਕ ਲਵਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ।
ਇਸ ਮੌਕੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਰੋਂਦੇ ਕੁਰਲਾਉਂਦੇ ਮਾਪਿਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ, ਕੈਨੇਡਾ ਸਰਕਾਰ, ਵਿਦੇਸ਼ ਬੈਠੇ ਐੱਨ.ਆਰ.ਆਈਜ਼ ਅਤੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਕਿਹਾ ਕਿ ਇਸ ਦੁੱਖ ਦਾਈ ਘਟਨਾ ’ਚ ਉਨ੍ਹਾਂ ਨੂੰ ਸਭ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਮੰਗ ਕਰਦੇ ਕਿਹਾ ਕਿ ਉਨ੍ਹਾਂ ਦੇ ਮ੍ਰਿਤਕ ਪੁੱਤ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਪਿੰਡ ਲਿਆਉਣ ਲਈ ਸਹਿਯੋਗ ਕੀਤਾ ਜਾਵੇ ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹ ਆਪਣੇ ਇਕਲੌਤੇ ਪੁੱਤ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਸਕਣ।
ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰ ’ਚ ਉਸ ਦੇ ਪਿਤਾ-ਮਾਤਾ ਅਤੇ ਇਕਲੌਤੀ ਭੈਣ ਰਹਿ ਗਈ। ਲਵਪ੍ਰੀਤ ਨੂੰ ਕੈਨੇਡਾ ਭੇਜਣ ਸਮੇਂ ਪਿਤਾ ਦੇ ਕੋਲ ਆਉਂਦੀ ਆਪਣੇ ਹਿੱਸੇ ਦੀ ਪੌਣੇ ਦੋ ਏਕੜ ਜ਼ਮੀਨ ਵੀ ਵਿਕ ਚੁੱਕੀ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਸਾਬਕਾ ਫੌਜੀ ਬਲਵੀਰ ਸਿੰਘ ਜੋ ਸੀ.ਆਰ.ਪੀ.ਐਫ ’ਚ ਬਤੌਰ ਦੇਸ਼ ਲਈ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ।