- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਵਾਈ ਨਾੜੀ ਰਾਹੀਂ ਦੇਣ ਤੋਂ ਕੁਝ ਪਲਾਂ ਬਾਅਦ ਕੁਝ ਮਰੀਜ਼ਾਂ ਨੇ ਘਬਰਾਹਟ ਅਤੇ ਬੇਚੈਨੀ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਕਈ ਔਰਤਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ। ਹਸਪਤਾਲ ਦੀ ਮੈਡੀਕਲ ਟੀਮ ਨੇ ਤੁਰੰਤ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਚ ਪੈਰਾਸੀਟਾਮੋਲ ਇਫਯੂਜਨ ਦੇਣ ਤੋਂ ਬਾਅਦ ਇਕ ਔਰਤ ਮਰੀਜ਼ ਦੀ ਮੌਤ ਅਤੇ ਛੇ ਹੋਰਾਂ ਦੀ ਸਿਹਤ ਵਿਗੜਣ ਨਾਲ ਸਿਹਤ ਵਿਭਾਗ ਵਿਚ ਹਫੜਾ-ਦਫੜੀ ਮਚ ਗਈ ਹੈ। ਸਾਵਧਾਨੀ ਵਜੋਂ ਵਿਭਾਗ ਨੇ ਅਗਲੇ ਨੋਟਿਸ ਤੱਕ ਪੈਰਾਸੀਟਾਮੋਲ ਇਫਯੂਜਨ ਦੇਣ ਦੇ ਇਕ ਖਾਸ ਬੈਚ ਦੀ ਵਰਤੋਂ ਨੂੰ ਰੋਕ ਦਿੱਤਾ ਹੈ। ਰਾਜ ਦੇ ਸਾਰੇ ਹਸਪਤਾਲਾਂ ਨੂੰ ਦਵਾਈ ਦੇ ਇਸ ਬੈਚ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਜਿਸ ਦਵਾਈ ਬਾਰੇ ਸਵਾਲ ਕੀਤਾ ਜਾ ਰਿਹਾ ਹੈ ਉਹ ਪੈਰਾਸੀਟਾਮੋਲ ਇਨਫਿਊਜ਼ਨ ਆਈਪੀ 1 ਪ੍ਰਤੀਸ਼ਤ ਡਬਲ਼ਯੂ/ਵੀ ਹੈ। ਇਹ 100 ਮਿਲੀਲੀਟਰ ਦੀ ਬੋਤਲ ਵਿਚ ਆਉਂਦੀ ਹੈ ਅਤੇ ਇਲਾਜ ਦੌਰਾਨ ਮਰੀਜ਼ਾਂ ਨੂੰ ਨਾੜੀ ਰਾਹੀਂ ਦਿੱਤੀ ਜਾਂਦੀ ਹੈ। ਜਿਸ ਬੈਚ ਨੰਬਰ ਲਈ ਸਿਹਤ ਵਿਭਾਗ ਨੇ ਪਾਬੰਦੀ ਲਗਾਈ ਹੈ ਉਹ 0125-ਕੇ-005 ਹੈ। ਇਹ ਦਵਾਈ ਨਵੰਬਰ 2025 ਵਿਚ ਬਣਾਈ ਗਈ ਸੀ, ਜਿਸ ਦੀ ਸ਼ੈਲਫ ਲਾਈਫ ਅਕਤੂਬਰ 2027 ਸੀ। ਬੋਤਲ ਦਾ ਨਿਰਮਾਣ ਲਾਇਸੈਂਸ ਨੰਬਰ ਐਲਪੀਵੀ/18/12 ਹੈ। ਇਹ ਦਵਾਈ ਬੱਦੀ ਵਿਚ ਸਥਿਤ ਹਿੰਦੁਸਤਾਨ ਪੋਲੀਫੈਬ ਕੰਪਨੀ ਦੁਆਰਾ ਬਣਾਈ ਗਈ ਦੱਸੀ ਜਾਂਦੀ ਹੈ। ਦੱਸਿਆ ਗਿਆ ਹੈ ਕਿ ਇਹ ਦਵਾਈ ਹਸਪਤਾਲ ਵਿਚ ਇਲਾਜ ਦੌਰਾਨ ਔਰਤਾਂ ਨੂੰ ਦਿੱਤੀ ਗਈ ਸੀ। ਦਵਾਈ ਨਾੜੀ ਰਾਹੀਂ ਦੇਣ ਤੋਂ ਕੁਝ ਪਲਾਂ ਬਾਅਦ ਕੁਝ ਮਰੀਜ਼ਾਂ ਨੇ ਘਬਰਾਹਟ ਅਤੇ ਬੇਚੈਨੀ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਕਈ ਔਰਤਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ। ਹਸਪਤਾਲ ਦੀ ਮੈਡੀਕਲ ਟੀਮ ਨੇ ਤੁਰੰਤ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਔਰਤ ਮਰੀਜ਼ ਦੀ ਮੌਤ ਹੋ ਗਈ, ਜਦੋਂ ਕਿ ਸੱਤ ਹੋਰਾਂ 'ਤੇ ਵੀ ਮਾੜਾ ਪ੍ਰਭਾਵ ਪਿਆ। ਇਨ੍ਹਾਂ ਔਰਤਾਂ ਨੂੰ ਦਰਦ ਅਤੇ ਸਾਹ ਲੈਣ ਵਿਚ ਮੁਸ਼ਕਲ ਆਉਣ ਲੱਗੀ। ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਸਿਹਤ ਵਿਭਾਗ ਨੇ ਸਬੰਧਤ ਬੈਚ ਤੋਂ ਪੈਰਾਸੀਟਾਮੋਲ ਇਫਯੂਜਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ। ਵਿਭਾਗ ਨੇ ਸਿਹਤ ਸੰਸਥਾਵਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਜਾਂਚ ਪੂਰੀ ਹੋਣ ਅਤੇ ਅਗਲੇ ਹੁਕਮਾਂ ਤੱਕ ਇਸ ਬੈਚ ਦੀ ਦਵਾਈ ਕਿਸੇ ਵੀ ਮਰੀਜ਼ ਨੂੰ ਨਾ ਦਿੱਤੀ ਜਾਵੇ।
ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੋਸਟਮਾਰਟਮ ਨਾ ਹੋਣ ਕਾਰਨ ਮੌਤ ਦੇ ਕਾਰਨਾਂ ਦੀ ਜਾਂਚ ਵਿਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ। ਹਾਲਾਕਿ ਸਿਹਤ ਵਿਭਾਗ ਨੇ ਦਵਾਈ ਦਾ ਨਮੂਨਾ ਲੈ ਕੇ ਅੱਗੇ ਦੀ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਹੈ। ਲੈਬ ਰਿਪੋਰਟ ਦੀ ਹੁਣ ਉਡੀਕ ਹੈ।
ਸਿਵਲ ਸਰਜਨ ਡਾ. ਰਸ਼ਮੀ ਵਿਜ ਨੇ ਕਿਹਾ ਕਿ ਫਿਲਹਾਲ ਇਹ ਕਹਿਣਾ ਜਲਦਬਾਜੀ ਹੋਵੇਗੀ ਕਿ ਔਰਤ ਦੀ ਮੌਤ ਅਤੇ ਹੋਰ ਮਰੀਜ਼ਾਂ ਦੀ ਸਿਹਤ ਦਾ ਵਿਗੜਣਾ ਸਿੱਧੇ ਤੌਰ 'ਤੇ ਪੈਰਾਸੀਟਾਮੋਲ ਇਫਯੂਜਨ ਨਾਲ ਜੁੜਿਆ ਹੋਇਆ ਹੈ। ਕਿਉਂਕਿ ਮਾਮਲਾ ਕਪੂਰਥਲਾ ਨਾਲ ਸਬੰਧਤ ਹੈ, ਇਸ ਲਈ ਸਾਰੀਆਂ ਜਾਂਚਾਂ ਕਪੂਰਥਲਾ ਵਿਚ ਕੀਤੀਆਂ ਜਾਣਗੀਆਂ। ਅੰਮ੍ਰਿਤਸਰ ਵਿਚ ਤਾਂ ਸਿਰਫ਼ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ। ਜਾਂਚ ਇਹ ਵੀ ਨਿਰਧਾਰਤ ਕਰੇਗੀ ਕਿ ਕੀ ਦਵਾਈ ਵਿਚ ਕੋਈ ਗੁਣਵੱਤਾ ਸੰਬੰਧੀ ਸਮੱਸਿਆਵਾਂ ਸਨ ਅਤੇ ਕੀ ਮਰੀਜ਼ਾਂ ਦੁਆਰਾ ਅਨੁਭਵ ਕੀਤੇ ਗਏ ਲੱਛਣ ਦਵਾਈ ਨਾਲ ਸਬੰਧਤ ਸਨ। ਚਾਰ ਔਰਤਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਦੋ ਆਈਸੀਯੂ ਵਿਚ ਹਨ। ਸਿਹਤ ਵਿਭਾਗ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਿਹਾ ਹੈ। ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਘਟਨਾ ਦਾ ਅਸਲ ਕਾਰਨ ਕੀ ਸੀ ਅਤੇ ਕੀ ਸਬੰਧਤ ਦਵਾਈ ਦੇ ਬੈਚ ਵਿਚ ਕੋਈ ਸਮੱਸਿਆ ਸੀ।