- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਸੰਗ ਤੋਂ ਪਹਿਲਾਂ ਸਤਿਕਾਰਯੋਗ ਮਾਤਾ ਰੀਤਾ ਜੀ ਨੇ ਪਲਟੂ ਸਾਹਿਬ ਦੀ ਬਾਣੀ ਦੀ ਪਉੜੀ ‘ਨਾਵ ਮਿਲੀ ਖੇਵਤ ਨਹੀਂ, ਕੈਸੇ ਉਤਰਾ ਪਾਰ’ ਦਾ ਗਾਇਨ ਕੀਤਾ। ਇਸ ਰਾਹੀਂ ਮਨੁੱਖੀ ਜੀਵਨ ਦੀ ਮਹੱਤਤਾ ਅਤੇ ਸਤਿਗੁਰੂ ਦੀ ਲੋੜ ਬਾਰੇ ਸਮਝਾਇਆ ਗਿਆ। ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਸੰਸਾਰ ਹੋਂਦ ਦਾ ਸਮੁੰਦਰ ਹੈ ਅਤੇ ਮਨੁੱਖੀ ਸਰੀਰ ਇਸ ਨੂੰ ਪਾਰ ਕਰਨ ਲਈ ਕਿਸ਼ਤੀ ਵਾਂਗ ਹੈ।

ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੀ ਅੰਮ੍ਰਿਤਸਰ ਫੇਰੀ ਦੇ ਦੂਜੇ ਦਿਨ ਡੀ-ਬਲਾਕ, ਰਣਜੀਤ ਐਵੀਨਿਊ ਵਿਖੇ ਕਰਵਾਏ ਸਤਿਸੰਗ ਪ੍ਰੋਗਰਾਮ ’ਚ ਭਾਰਤ ਤੇ ਵਿਦੇਸ਼ਾਂ ਤੋਂ ਹਜ਼ਾਰਾਂ ਸੰਗਤਾਂ ਪਹੁੰਚੀਆਂ। ਕਰੀਬ 15 ਸਾਲ ਬਾਅਦ ਅੰਮ੍ਰਿਤਸਰ ਪਹੁੰਚੇ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਅਤੇ ਸਤਿਸੰਗ ਸੁਣਨ ਲਈ ਵੱਡੀ ਗਿਣਤੀ ’ਚ ਸੰਗਤ ਇਕੱਠੀ ਹੋਈ।
ਸਤਿਸੰਗ ਤੋਂ ਪਹਿਲਾਂ ਸਤਿਕਾਰਯੋਗ ਮਾਤਾ ਰੀਤਾ ਜੀ ਨੇ ਪਲਟੂ ਸਾਹਿਬ ਦੀ ਬਾਣੀ ਦੀ ਪਉੜੀ ‘ਨਾਵ ਮਿਲੀ ਖੇਵਤ ਨਹੀਂ, ਕੈਸੇ ਉਤਰਾ ਪਾਰ’ ਦਾ ਗਾਇਨ ਕੀਤਾ। ਇਸ ਰਾਹੀਂ ਮਨੁੱਖੀ ਜੀਵਨ ਦੀ ਮਹੱਤਤਾ ਅਤੇ ਸਤਿਗੁਰੂ ਦੀ ਲੋੜ ਬਾਰੇ ਸਮਝਾਇਆ ਗਿਆ।
ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਸੰਸਾਰ ਹੋਂਦ ਦਾ ਸਮੁੰਦਰ ਹੈ ਅਤੇ ਮਨੁੱਖੀ ਸਰੀਰ ਇਸ ਨੂੰ ਪਾਰ ਕਰਨ ਲਈ ਕਿਸ਼ਤੀ ਵਾਂਗ ਹੈ। ਇਸ ਕਿਸ਼ਤੀ ਨੂੰ ਚਲਾਉਣ ਲਈ ਸੰਪੂਰਨ ਸਤਿਗੁਰੂ ਦੀ ਲੋੜ ਹੁੰਦੀ ਹੈ, ਜਿਸ ਨੇ ਖ਼ੁਦ ਇਸ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਪਰਮਾਤਮਾ ਸਰਬਸ਼ਕਤੀਮਾਨ ਅਤੇ ਸਰਬਵਿਆਪੀ ਹੈ ਤੇ ਸਾਰਾ ਬ੍ਰਹਿਮੰਡ ਉਸ ਦੇ ਹੁਕਮ ਅਨੁਸਾਰ ਚੱਲਦਾ ਹੈ। ਇਸ ਲਈ ਸਾਨੂੰ ਪਰਮਾਤਮਾ ’ਚ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੁਨੀਆਵੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਪਰਮਾਤਮਾ ਨਾਲ ਆਪਣਾ ਲਗਾਅ ਬਣਾਈ ਰੱਖਣਾ ਜ਼ਰੂਰੀ ਹੈ। ਅਸੀਂ ਬਾਹਰੀ ਗਿਆਨ ਦੀ ਭਾਲ ਕਰਦੇ ਹਾਂ ਪਰ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਮਲ ’ਚ ਨਹੀਂ ਲਿਆਉਂਦੇ। ਉਨ੍ਹਾਂ ਕਿਹਾ ਕਿ ਪਲਟੂ ਸਾਹਿਬ ਦੀ ਬਾਣੀ ’ਚ ਵੀ ਸੰਤਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ ਹੈ। ਸੱਚ ਤੋਂ ਦੂਰ ਹੋ ਕੇ ਮਨੁੱਖ ਭਰਮ ਦੇ ਜਾਲ ’ਚ ਫਸਦਾ ਜਾਂਦਾ ਹੈ।
ਸਤਿਸੰਗ ਤੋਂ ਬਾਅਦ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਸੈਂਕੜੇ ਲੋਕਾਂ ਨੂੰ ਨਾਮਦਾਨ (ਅਧਿਆਤਮਿਕ ਦੀਖਿਆ) ਦੀ ਦਾਤ ਪ੍ਰਦਾਨ ਕੀਤੀ। ਦੋ ਦਿਨਾਂ ਪ੍ਰੋਗਰਾਮ ਦੌਰਾਨ ਖੂਨਦਾਨ ਕੈਂਪ, ਮੁਫ਼ਤ ਮੈਡੀਕਲ ਜਾਂਚ ਅਤੇ ਲੋੜਵੰਦਾਂ ਲਈ ਮੁਫ਼ਤ ਕੱਪੜੇ ਵੰਡਣ ਦੇ ਕੈਂਪ ਵੀ ਲਗਾਏ ਗਏ।
ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਧਿਆਨ ਦੇ ਅਭਿਆਸ ਰਾਹੀਂ ਅੰਦਰੂਨੀ ਤੇ ਬਾਹਰੀ ਸ਼ਾਂਤੀ ਦਾ ਸੰਦੇਸ਼ ਦੇਣ ਲਈ ਜਾਣੇ ਜਾਂਦੇ ਹਨ। ਉਹ ਅਧਿਆਤਮਿਕ ਆਗੂ ਅਤੇ ਧਿਆਨ ਸਬੰਧੀ ਕਿਤਾਬਾਂ ਦੇ ਲੇਖਕ ਹਨ। ਸਾਵਨ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੇ ਦੁਨੀਆ ਭਰ ’ਚ 3500 ਤੋਂ ਵੱਧ ਕੇਂਦਰ ਹਨ। ਮਿਸ਼ਨ ਦਾ ਭਾਰਤੀ ਮੁੱਖ ਦਫ਼ਤਰ ਵਿਜੇ ਨਗਰ, ਦਿੱਲੀ ਅਤੇ ਅੰਤਰਰਾਸ਼ਟਰੀ ਮੁੱਖ ਦਫ਼ਤਰ ਨੈਪਰਵਿਲ, ਸ਼ਿਕਾਗੋ, ਅਮਰੀਕਾ ’ਚ ਹੈ।