- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰਥਿਕ ਲਾਲਚ ਦੇ ਕੇ ਧਰਮ ਤਬਦੀਲੀ ਦੇ ਰੁਝਾਨ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਕਾਰਜ ’ਚ ਲੱਗੇ ਲੋਕਾਂ ਖ਼ਿਲਾਫ਼ ਕਾਰਵਾਈ ਹੋਵੇ ਤੇ ਇਸ ਲਈ ਕੀਤੀ ਜਾਂਦੀ ਫੰਡਿੰਗ ਰੋਕੀ ਜਾਵੇ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰਥਿਕ ਲਾਲਚ ਦੇ ਕੇ ਧਰਮ ਤਬਦੀਲੀ ਦੇ ਰੁਝਾਨ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਕਾਰਜ ’ਚ ਲੱਗੇ ਲੋਕਾਂ ਖ਼ਿਲਾਫ਼ ਕਾਰਵਾਈ ਹੋਵੇ ਤੇ ਇਸ ਲਈ ਕੀਤੀ ਜਾਂਦੀ ਫੰਡਿੰਗ ਰੋਕੀ ਜਾਵੇ।
ਪੰਜਾਬੀ ਜਾਗਰਣ ਦੀ 15ਵੀਂ ਵਰ੍ਹੇਗੰਢ ਮੌਕੇ ਜਲੰਧਰ ਦਫ਼ਤਰ ’ਚ ਕਰਵਾਏ ਗਏ ਸਮਾਗਮ ਪੁੱਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਪੰਜਾਬ ਸਮੇਤ ਪੂਰੇ ਭਾਰਤ ’ਚ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ ਭਰਮਾ ਕੇ ਧਰਮ ਪਰਿਵਰਤਨ ਕਰਵਾਉਣ ਦਾ ਰੁਝਾਨ ਜ਼ੋਰਾਂ ’ਤੇ ਹੈ। ਧਰਮ ਤਬਦੀਲੀ ਕਰਾਉਣ ਵਾਲੀਆਂ ਸੰਸਥਾਵਾਂ ਨੂੰ ਫੰਡ ਮਿਲ ਰਿਹਾ ਹੈ ਜਿਸਨੂੰ ਰੋਕਿਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਕਾਰਜ ’ਚ ਲੱਗੇ ਲੋਕਾਂ ਖਿਲਾਫ਼ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਧਰਮ ਤਬਦੀਲੀ ਦੇ ਇਤਿਹਾਸਕ ਹਵਾਲੇ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦਾ ਪ੍ਰਚਾਰ ਬਹੁਤ ਵੱਧ ਗਿਆ ਸੀ। ਉਸ ਸਮੇਂ ਇਸਲਾਮ ਦੀਆਂ ਦੋ ਲਹਿਰਾਂ-‘ਸਤੀ ਸਰਵੜੀਏ’ ਜਿਹੜੇ ਹੌਲੀ-ਹੌਲੀ ਲੋਕਾਂ ਨੂੰ ਇਸਲਾਮ ਵੱਲ ਲਿਆਉਂਦੇ ਸਨ ਤੇ ‘ਨਕਸ਼ਬੰਦੀ ਲਹਿਰ’ ਜਿਹੜੇ ਜਬਰੀ ਧਰਮ ਤਬਦੀਲੀ ਕਰਵਾਉਂਦੇ ਸਨ ਚੱਲ ਰਹੀਆਂ ਸਨ। ਇਸੇ ਦੌਰਾਨ ਗੁਰੂ ਸਾਹਿਬ ਨੇ ਤਰਨ ਤਾਰਨ, ਕਰਤਾਰਪੁਰ ਸਾਹਿਬ ਤੇ ਸ੍ਰੀ ਹਰਿਗੋਬਿੰਦਪੁਰ ਵਰਗੇ ਸ਼ਹਿਰ ਵਸਾਏ। ਸਿੱਖੀ ਦਾ ਪ੍ਰਚਾਰ-ਪ੍ਰਸਾਰ ਹੋਇਆ ਤੇ ‘ਸਤੀ ਸਰਵੜੀਆ’ ਭਾਈ ਮੰਝ ਗੁਰੂ ਕਾ ਸਿੱਖ ਬਣ ਗਿਆ। ਜਥੇਦਾਰ ਨੇ ਕਿਹਾ ਕਿ ਉਸ ਸਮੇਂ ਜਿਹੜਾ ਸਿੱਖੀ ਦਾ ਪ੍ਰਸਾਰ ਹੋਇਆ ਸੀ, ਉਹ ਪ੍ਰਚਾਰ ਨਾਲ ਹੋਇਆ ਸੀ। ਇਸ ਲਈ ਹੁਣ ਵੀ ਧਰਮ ਤਬਦੀਲੀ ਰੋਕਣ ਲਈ ਸਿੱਖਾਂ ਨੂੰ ਧਰਮ ਪ੍ਰਚਾਰ ’ਚ ਆਪਣੀ ਲਕੀਰ ਵੱਡੀ ਕਰਨੀ ਪਵੇਗੀ। ਹਿੰਦੂਆਂ ਤੇ ਸਿੱਖਾਂ ਨੂੰ ਵੀ ਵੱਡੇ ਧਾਰਮਿਕ ਇਕੱਠ ਕਰਨ ਦੀ ਲੋੜ ਹੈ, ਆਪਣੇ ਧਰਮ ਦੇ ਪ੍ਰਚਾਰ ਦੀ ਲੋੜ ਹੈ, ਜੋ ਕਿ ਸਾਂਝੇ ਯਤਨ ਨਾਲ ਹੀ ਸੰਭਵ ਹਨ।
ਪੰਜਾਬੀ ਜਾਗਰਣ ਨੂੰ 15ਵੀਂ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬੀ ਜਾਗਰਣ ਲਈ ਖਾਸ ਹੈ। ਇਸ ਅਦਾਰੇ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਸੇਵਾ ਕਰਦਿਆਂ 15 ਸਾਲ ਹੋ ਗਏ ਹਨ। ਇਸ ਦੌਰਾਨ ਅਦਾਰੇ ਨੇ ਪੰਜਾਬੀਅਤ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ’ਚ ਵੀ ਅਹਿਮ ਯੋਗਦਾਨ ਪਾਇਆ ਹੈ। ਪੰਜਾਬੀ ਜਾਗਰਣ ਅਦਾਰੇ ਨੇ 16ਵੇਂ ਸਾਲ ’ਚ ਪ੍ਰਵੇਸ਼ ਕਰਦਿਆਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਗਲੇ ਸਾਲ ’ਚ ਕਦਮ ਰੱਖਿਆ ਹੈ। ਜਥੇਦਾਰ ਨੇ ਗੁਰੂ ਸਾਹਿਬ ਦੇ ਚਰਨਾ ਵਿਚ ਅਰਦਾਸ ਕੀਤੀ ਕਿ ਪੰਜਾਬੀ ਜਾਗਰਣ ਇਸੇ ਤਰਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ ਤੇ ਸਮਾਜ ਨੂੰ ਜਾਗਰੂਕ ਕਰਦੇ ਰਹਿਣ।
ਪੰਜਾਬੀ ਤੇ ਪੰਜਾਬੀ ਭਾਸ਼ਾ ’ਤੇ ਪ੍ਰਗਟਾਈ ਚਿੰਤਾ
ਪੰਜਾਬ ’ਚ ਪੰਜਾਬੀ ਬੋਲੀ ਤੇ ਭਾਸ਼ਾ ਦੀ ਦਸ਼ਾ ਬਾਰੇ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਪੰਜਾਬੀ ਸੂਬਾ ਪੰਜਾਬੀ ਭਾਸ਼ਾ ਕਰ ਕੇ ਬਣਿਆ ਸੀ। ਪਰ ਹੁਣ ਲੋਕ ਪੰਜਾਬੀ ਬੋਲਣਾ ਛੱਡ ਰਹੇ ਹਨ, ਜੋ ਮਾਨਸਿਕ ਗ਼ੁਲਾਮੀ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ, ਇਸ ਲਈ ਪੰਜਾਬੀ ਬੋਲਣ ਤੇ ਪੜ੍ਹਣ ਵਾਲਿਆਂ ਦੀ ਗਿਣਤੀ ਵੀ ਘਟ ਰਹੀ ਹੈ। ਦੂਜੇ ਸੂਬਿਆਂ ’ਚ ਖੇਤਰੀ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ, ਪਰ ਪੰਜਾਬ ’ਚ ਇਸ ਤਰ੍ਹਾਂ ਨਹੀਂ ਹੈ। ਕਈ ਸਕੂਲਾਂ ’ਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਹੀ ਰੋਕਿਆ ਜਾਂਦਾ ਹੈ। ਸਰਕਾਰੀ ਦਫਤਰਾਂ ’ਚ ਵੀ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ। ਆਪਣੀ ਮਾਤਰ ਭਾਸ਼ਾ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ।
ਉਨ੍ਹਾਂ ਪੰਜਾਬ ’ਚ ਵਧਦੀ ਮੁਸਲਿਮ ਅਬਾਦੀ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਗਿਣਤੀ ਕੋਈ ਖ਼ਤਰਾ ਨਹੀਂ ਲੱਗ ਰਹੀ ਪਰ ਜੇਕਰ ਇਸੇ ਤਾਦਾਦ ’ਚ ਇਹ ਅਬਾਦੀ ਵਧਦੀ ਰਹੀ ਤਾਂ ਆਉਣ ਵਾਲੇ ਸਾਲਾਂ ’ਚ ਪੰਜਾਬ ਦਾ ਅਬਾਦੀ ਸੰਤੁਲਨ ਵਿਗ਼ੜ ਸਕਦਾ ਹੈ। ਉਨ੍ਹਾਂ ਸੁਝਾ ਦਿੱਤਾ ਕਿ ਸਿੱਖਾਂ ਨੂੰ ਘੱਟੋ-ਘੱਟੋ ਤਿੰਨ ਬੱਚੇ ਪੈਦੇ ਕਰਨੇ ਚਾਹੀਦੇ ਹਨ।
ਜਥੇਦਾਰ ਗੜਗੱਜ ਨੇ ਸੂਬੇ ’ਚ ਜਾਤ ਅਧਾਰਤ ਵੋਟ ਬੈਂਕ ਦੀ ਰਾਜਨੀਤੀ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜਾਤ ਅਧਾਰਤ ਧਰੁਵੀਕਰਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲੋਕਾਂ ਨੂੰ ਵੀ ਆਪਸ ’ਚ ਪ੍ਰੇਮ-ਪਿਆਰ ਨਾਲ ਰਹਿਣ ਦੀ ਅਪੀਲ ਕੀਤੀ।
ਵਾਤਾਵਰਨ ਪ੍ਰਤੀ ਗੰਭੀਰ ਨਹੀਂ ਸਰਕਾਰ
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਦਾ ਵਾਤਵਰਨ ਪਲੀਤ ਹੋ ਰਿਹਾ ਹੈ। ਸਰਕਾਰ ਇਸ ਪ੍ਰਤੀ ਸੁਹਿਰਦ ਨਹੀਂ। ਦੇਸ਼ ਭਰ ’ਚ ਪਲਾਸਟਿਕ ਦੀ ਮਨਾਹੀ ਹੈ, ਪਰ ਪੰਜਾਬ ਦੇ ਸ਼ਹਿਰਾਂ ’ਚ ਕੂੜੇ ਦੇ ਢੇਰਾਂ ’ਚ ਸਭ ਤੋਂ ਵੱਧ ਪਲਾਸਟਿਕ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਸਤਿਆਂ ’ਚ ਰੁੱਖ ਲੱਗਣੇ ਚਾਹੀਦੇ ਹਨ। ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਬੈਠਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿੱਥੇ ਆਉਂਣ ਜਾਣ ਵਾਲਿਆਂ ਨੂੰ ਇਸ ਦਾ ਲਾਭ ਹੋਵੇਗਾ। ਉਨ੍ਹਾਂ ਵਾਤਾਵਰਨ ਨੂੰ ਬਚਾਉਂਣ ਲਈ ਲੋਕਾਂ ਨੂੰ ਵਿਸ਼ੇਸ ਤੌਰ ’ਤੇ ਪੌਦਾ ਲਗਾਉਂਣ ਦੀ ਅਪੀਲ ਕਰਦਿਆਂ ਕਿਹਾ ਕਿ ਪੌਦੇ ਦੀ ਸੰਭਾਲ ਕਰਨੀ ਵੀ ਜ਼ਰੂਰੀ ਹੈ।