- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਆਰੰਭ ਹੋਇਆ ਇਹ ਮੀਰੀ-ਪੀਰੀ ਖ਼ਾਲਸਾ ਮਾਰਚ ਪੰਥਕ ਜਾਗਰੂਕਤਾ, ਗੁਰਮਤਿ ਪ੍ਰਚਾਰ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ: ਸ੍ਰੀ ਆਨੰਦਪੁਰ ਸਾਹਿਬ ਤੋਂ 17 ਸਤੰਬਰ ਨੂੰ ਰਵਾਨਾ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ। ਸ਼ੁੱਕਰਵਾਰ ਸਵੇਰੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਤੋਂ ਖ਼ਾਲਸਈ ਜਾਹੋ ਜਲਾਲ ਨਾਲ ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਬੀਬੀ ਗਨੀਵ ਕੌਰ, ਬਾਬਾ ਮੇਜਰ ਸਿੰਘ ਸੋਢੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਜੇ ਧਾਰਮਿਕ ਦੀਵਾਨ ਸਮੇਂ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਕਥਾ ਵੀਚਾਰ ਕਰਦਿਆਂ ਸੰਗਤ ਨਾਲ ਗੁਰ-ਇਤਿਹਾਸ ਦੀ ਸਾਂਝ ਪਾਈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਭਰਵੇਂ ਸਹਿਯੋਗ ਨਾਲ ਜਿਸ ਮੰਤਵ ਨੂੰ ਲੈ ਕੇ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਕੀਤਾ ਗਿਆ ਸੀ, ਸੰਗਤਾਂ ਵੱਲੋਂ ਮਿਲਿਆ ਸਹਿਯੋਗ ਉਸ ਦੀ ਪੂਰਤੀ ਨੂੰ ਬਿਆਨ ਕਰਦਾ ਹੈ। ਇਸ ਮਾਰਚ ਦੌਰਾਨ ਪੰਜਾਬ ਦੇ ਹਜ਼ਾਰਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਸੰਗਤ ਨਾਲ ਸਿੱਧਾ ਸੰਵਾਦ ਹੋਇਆ ਤੇ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਮਾਰਚ ਦਾ ਮੁੱਖ ਸੰਦੇਸ਼ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮਤਿ ਵਿਚਾਰਧਾਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਦੇ ਸਿਧਾਂਤ ਅਤੇ ਨਾਲ ਜੋੜਨਾ ਰਿਹਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ, ਉਨ੍ਹਾਂ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਅਤੇ ਕਿਰਤ ਕਰਨ ਲਈ ਪ੍ਰੇਰਿਤ ਕਰਨਾ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ, ਪੰਥਕ ਜਥੇਬੰਦੀਆਂ, ਪ੍ਰਚਾਰਕਾਂ ਅਤੇ ਸੰਗਤਾਂ ਨੇ ਜਿਸ ਉਤਸ਼ਾਹ ਅਤੇ ਸਮਰਪਣ ਨਾਲ ਸੇਵਾ ਨਿਭਾਈ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਰਾਹੀਂ ਪਿਛਲੇ ਮਹੀਨਿਆਂ ਦੌਰਾਨ ਜਿਸ ਤਰ੍ਹਾਂ ਸੈਂਕੜੇ ਪਿੰਡਾਂ ਅਤੇ ਸ਼ਹਿਰਾਂ ਦੀ ਸੰਗਤ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ, ਇਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਮਾਰਚ ਨਾਲ ਜੁੜਨਾ ਅਤੇ ਥਾਂ-ਥਾਂ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਸੰਗਤ ਅੱਜ ਵੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਪੰਥਕ ਪਰੰਪਰਾਵਾਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਆਰੰਭ ਹੋਇਆ ਇਹ ਮੀਰੀ-ਪੀਰੀ ਖ਼ਾਲਸਾ ਮਾਰਚ ਪੰਥਕ ਜਾਗਰੂਕਤਾ, ਗੁਰਮਤਿ ਪ੍ਰਚਾਰ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਖਾਲਸਾ ਮਾਰਚ ਦੀ ਸੰਪੂਰਨਤਾ ਮਗਰੋਂ ਅਗਲੇ ਪੜਾਅ ਤਹਿਤ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਵਿਚ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਰੇਕ ਮੈਂਬਰ ਆਪਣੇ ਇਲਾਕੇ ਵਿਚ ਵੱਧ ਤੋਂ ਵੱਧ ਸੰਗਤ ਨੂੰ ਗੁਰਮਤਿ ਨਾਲ ਜੋੜਨ, ਅੰਮ੍ਰਿਤ ਸੰਚਾਰ ਲਈ ਪ੍ਰੇਰਿਤ ਕਰਨ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਯਤਨਸ਼ੀਲ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖਾਲਸਾ ਮਾਰਚ ਵਿਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰ ਸਾਹਿਬਾਨ, ਹਲਕਾ ਇੰਚਾਰਜ, ਸੇਵਾਦਾਰਾਂ, ਪੰਥਕ ਜਥੇਬੰਦੀਆਂ, ਪ੍ਰਚਾਰਕਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੇ ਆਪਣੀ ਸਮਰੱਥਾ ਅਨੁਸਾਰ ਇਸ ਸੇਵਾ ਵਿਚ ਯੋਗਦਾਨ ਪਾਇਆ ਹੈ। ਇਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜੁਆਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਹਲਕਾ ਮਜੀਠਾ ਵਿਖੇ ਪੁੱਜੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਸੁਰਜੀਤ ਸਿੰਘ ਭਿੱਟੇਵੱਡ, ਅਮਰਜੀਤ ਸਿੰਘ ਬੰਡਾਲਾ, ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਭਗਵੰਤ ਸਿੰਘ ਧੰਗੇੜਾ, ਮਨਜੀਤ ਸਿੰਘ ਤਲਵੰਡੀ, ਮਨਦੀਪ ਸਿੰਘ, ਭਾਈ ਜਗਦੇਵ ਸਿੰਘ, ਭੁਪਿੰਦਰ ਸਿੰਘ ਬੁੱਟਰ, ਮੋਹਨਦੀਪ ਸਿੰਘ ਆਦਿ ਮੌਜੂਦ ਸਨ।