ਪਰ ਅਫਸੋਸ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲਾ ਦੇ ਚੱਕ 105 ਵਿਚ ਪੈਂਦੇ ਜੱਦੀ ਪਿੰਡ ਗਾਬੇ ਬੰਗੇ ਦੀ ਹਾਲਤ ਅੱਜ ਵੀ ਤਰਸਯੋਗ ਹੈ, ਜਦੋਂਕਿ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਸ਼ਹੀਦੀ ਨੂੰ ਲਗਭਗ ਇਕ ਸਦੀ ਪੂਰੀ ਹੋਣ ਵਾਲੀ ਹੈ।

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ: 23 ਮਾਰਚ 1931 ਨੂੰ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ ਦੇ ਕੇ ਸ਼ਹੀਦ ਕੀਤੇ ਗਏ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਭਾਰਤ-ਪਾਕਿ ਖਾਸ ਕਰ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅੱਜ ਵੀ ਲੋਕ ਨਾਇਕ ਵਜੋਂ ਸਤਿਕਾਰੇ ਜਾਂਦੇ ਹਨ। ਪਰ ਅਫਸੋਸ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲਾ ਦੇ ਚੱਕ 105 ਵਿਚ ਪੈਂਦੇ ਜੱਦੀ ਪਿੰਡ ਗਾਬੇ ਬੰਗੇ ਦੀ ਹਾਲਤ ਅੱਜ ਵੀ ਤਰਸਯੋਗ ਹੈ, ਜਦੋਂਕਿ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਸ਼ਹੀਦੀ ਨੂੰ ਲਗਭਗ ਇਕ ਸਦੀ ਪੂਰੀ ਹੋਣ ਵਾਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅੱਡਾ ਮੱਕੂਆਣਾ ਤੋਂ ਸ਼ਹੀਦ ਦੇ ਪਿੰਡ ਨੂੰ ਜਾਣ ਵਾਲੀ ਮੁੱਖ ਸੜਕ ਤੋਂ ਲੈ ਕੇ ਪਿੰਡ ਦੀਆਂ ਜੂਹਾਂ ਅਤੇ ਫਿਰਨੀਆਂ ਨੂੰ ਜਾਣ ਵਾਲੇ ਰਸਤਿਆਂ ਦੀ ਹਾਲਤ ਵੀ ਤਰਸਯੋਗ ਹੈ। ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਵੱਲੋਂ ਸਿੱਖ ਗੁਰੂਆਂ ਦੀਆਂ ਚਰਨਛੋਹ ਪ੍ਰਾਪਤ ਧਰਤੀਆਂ (ਗੁਰੂਘਰਾਂ) ਤੇ ਸਿੱਖ ਲੋਕ ਨਾਇਕਾਂ ਦੀਆਂ ਯਾਦਗਾਰਾਂ ਤੇ ਉਨ੍ਹਾਂ ਨਾਲ ਸਬੰਧਤ ਵਿਰਾਸਤੀ ਚੀਜ਼ਾਂ ਦੀ ਸਾਂਭ-ਸੰਭਾਲ ਤੇ ਰੱਖ-ਰਖਾਅ ਲਈ ਕੀਤੇ ਗਏ ਦਾਅਵੇ ਤੇ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆਉਂਦੇ ਜਦੋਂਕਿ ਭਾਰਤ ਵਿਚ 1947 ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਲੋਕ ਨਾਇਕਾਂ ਦੇ ਨਾਲ ਸਬੰਧਤ ਘਰਾਂ, ਬੂਹਿਆਂ ਤੇ ਅਸਥਾਨਾਂ ਦੀ ਸਾਂਭ ਸੰਭਾਲ ਵੱਲ ਸਬੰਧਤ ਵਿਭਾਗਾਂ ਵੱਲੋਂ ਪੂਰਾ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।
ਸ਼ਹੀਦ-ਏ-ਆਜਮ ਦੀ ਜੱਦੀ ਹਵੇਲੀ ਅਤੇ ਪਿੰਡ ਦੀ ਹਾਲਤ ਨੂੰ ਲੈ ਕੇ ਪਾਕਿ ਇਲੈਕਟ੍ਰਾਨਿਕ, ਪ੍ਰਿੰਟ ਤੇ ਸੋਸ਼ਲ ਮੀਡੀਆਂ ਵੱਲੋਂ ਅਹਿਮ ਖੁਲਾਸੇ ਕੀਤੇ ਜਾਂਦੇ ਹਨ ਜਿਸ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਵਾਲਿਆਂ ਵਿੱਚ ਭਾਰੀ ਰੋਸ ਹੈ। ਦੱਸਣਯੋਗ ਹੈ ਕਿ ਵੰਡ ਤੋਂ ਪਹਿਲਾਂ ਸ਼ਹੀਦ-ਏ-ਆਜਮ ਦੇ ਪੁਰਖਿਆਂ ਦਾ ਉਸ ਪਿੰਡ ਤੇ ਹਵੇਲੀ ਦੇ ਨਾਲ ਗੂੜ੍ਹਾ ਸਬੰਧ ਸੀ। ਅੱਜ ਵੀ ਉਸ ਪਿੰਡ ਦੇ ਚੌਰਾਹੇ ਤੇ ਲੋਕ ਸ਼ਹੀਦ-ਏ-ਆਜਮ ਦੀ ਕੁਰਬਾਨੀ ਦੀ ਗੱਲ ਕਰਦੇ ਹਨ। ਬੇਸ਼ੱਕ ਹਵੇਲੀ ਤੇ ਕੁੱਝ ਹੋਰ ਯਾਦਗਾਰਾਂ ਤੇ ਸਾਜ਼ੋ-ਸਾਮਾਨ ਦੀ ਸਾਂਭ ਸੰਭਾਲ ਸਰਕਾਰੀ ਤੇ ਗੈਰ ਸਰਕਾਰੀ ਪੱਧਰ ’ਤੇ ਥੋੜ੍ਹੀ ਬਹੁਤ ਜ਼ਰੂਰ ਹੋ ਰਹੀ ਹੈ ਪਰ ਉਸ ਸਿਲਸਿਲੇ ਨੂੰ ਉਹ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ ਜਿਸ ਦੀ ਵਾਕਿਆ ਹੀ ਜ਼ਰੂਰਤ ਹੈ। ਹੁਣ ਸ਼ਹੀਦੀ ਸ਼ਤਾਬਦੀ ਨੇੜੇ ਆ ਰਹੀ ਹੈ ਤੇ ਪਾਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ ਦੇ ਪਿੰਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ।