ASI 'ਤੇ ਹਮਲੇ ਦੀ ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ, ਮੁੜ ਦਿੱਤੀ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
SSP Amritsar Rural ਕੰਵਲਪ੍ਰੀਤ ਸਿੰਘ ਚਾਹਲ ਦੇ ਅਨੁਸਾਰ ਪੁਲਿਸ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਵਿਸ਼ੇਸ਼ ਡੀਜੀਪੀ ਕਾਨੂੰਨ-ਵਿਵਸਥਾ ਪ੍ਰਵੀਨ ਕੁਮਾਰ ਸਿਨਹਾ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਸੀ। ਪੁਲਿਸ ਮੁਤਾਬਕ ਵਿਸ਼ੇਸ਼ ਜਾਂਚ ਟੀਮਾਂ ਲਗਾਈਆਂ ਗਈਆਂ ਹਨ ਅਤੇ ਹਮਲੇ ਦੇ ਪਿੱਛੇ ਅਸਲ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Publish Date: Tue, 06 Oct 2026 01:22 PM (IST)
Updated Date: Tue, 06 Oct 2026 01:25 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਡਿਊਟੀ ਤੋਂ ਘਰ ਪਰਤ ਰਹੇ ਜੀ.ਆਰ.ਪੀ. ਦੇ ਏਐਸਆਈ ਸੁਖਚੈਨ ਸਿੰਘ 'ਤੇ ਫਾਇਰਿੰਗ ਦੇ ਮਾਮਲੇ 'ਚ ਸੋਮਵਾਰ ਨੂੰ ਨਵਾਂ ਮੋੜ ਸਾਹਮਣੇ ਆਇਆ। ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (ਟੀਟੀਐਚ) ਨਾਮ ਦੇ ਸੰਗਠਨ ਵੱਲੋਂ ਜਾਰੀ ਪ੍ਰੈੱਸ ਰਿਲੀਜ਼ 'ਚ ਚਾਰ ਅਕਤੂਬਰ ਨੂੰ ਅੰਮ੍ਰਿਤਸਰ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਸੰਗਠਨ ਨੇ ਇਸ ਨੂੰ ‘ਆਪਰੇਸ਼ਨ ਨੂਰ’ ਤਹਿਤ ਕੀਤੀ ਗਈ ਕਾਰਵਾਈ ਦੱਸਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਅੱਗੇ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ, ਸੰਗਠਨ ਦੇ ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਪ੍ਰੈੱਸ ਰਿਲੀਜ਼ 'ਚ ਦਾਅਵਾ ਕੀਤਾ ਗਿਆ ਹੈ ਕਿ ਏਐਸਆਈ ਸੁਖਚੈਨ ਸਿੰਘ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਸੰਗਠਨ ਨੇ ਅੱਗੇ ਵੀ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ ਅਤੇ ਹਮਲੇ ਨਾਲ ਸਬੰਧਤ ਵੀਡੀਓ ਜਾਰੀ ਕਰਨ ਦੀ ਗੱਲ ਕਹੀ ਹੈ।
ਜਗਦੇਵ ਖੁਰਦ ਨੇੜੇ ਪਿੱਛਿਓਂ ਕੀਤੀ ਸੀ ਫਾਇਰਿੰਗ
ਦਰਅਸਲ, ਚਾਰ ਅਕਤੂਬਰ ਦੀ ਸ਼ਾਮ ਕਰੀਬ ਸੱਤ ਤੋਂ ਅੱਠ ਵਜੇ ਦੇ ਵਿਚਕਾਰ ਏਐਸਆਈ ਸੁਖਚੈਨ ਸਿੰਘ ਡਿਊਟੀ ਖ਼ਤਮ ਕਰਨ ਤੋਂ ਬਾਅਦ ਬਾਈਕ 'ਤੇ ਆਪਣੇ ਘਰ ਜਾ ਰਹੇ ਸਨ। ਉਹ ਸਾਦੇ ਕੱਪੜਿਆਂ 'ਚ ਸਨ। ਜਗਦੇਵ ਖੁਰਦ ਨੇੜੇ ਬਾਈਕ ਸਵਾਰ ਹਮਲਾਵਰਾਂ ਨੇ ਪਿੱਛਿਓਂ ਉਨ੍ਹਾਂ 'ਤੇ ਫਾਇਰਿੰਗ ਕੀਤੀ। ਗੋਲੀ ਉਨ੍ਹਾਂ ਦੀ ਖੱਬੀ ਬਾਂਹ ਨੂੰ ਚੀਰਦੀ ਹੋਈ ਨਿਕਲ ਗਈ। ਉਹ ਕਿਸੇ ਤਰ੍ਹਾਂ ਘਰ ਪਹੁੰਚੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ।
ਪੁਲਿਸ ਸਾਰੇ ਪਹਿਲੂਆਂ ਤੋਂ ਕਰ ਰਹੀ ਜਾਂਚ
ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਦੇ ਅਨੁਸਾਰ ਪੁਲਿਸ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਵਿਸ਼ੇਸ਼ ਡੀਜੀਪੀ ਕਾਨੂੰਨ-ਵਿਵਸਥਾ ਪ੍ਰਵੀਨ ਕੁਮਾਰ ਸਿਨਹਾ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਸੀ। ਪੁਲਿਸ ਮੁਤਾਬਕ ਵਿਸ਼ੇਸ਼ ਜਾਂਚ ਟੀਮਾਂ ਲਗਾਈਆਂ ਗਈਆਂ ਹਨ ਅਤੇ ਹਮਲੇ ਦੇ ਪਿੱਛੇ ਅਸਲ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰਿਵਾਰਕ ਵਿਵਾਦ ਦੇ ਪਹਿਲੂ ਦੀ ਵੀ ਹੋ ਰਹੀ ਜਾਂਚ
ਹਮਲੇ ਤੋਂ ਬਾਅਦ ਏਐਸਆਈ ਸੁਖਚੈਨ ਸਿੰਘ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਪਰਿਵਾਰਕ ਵਿਵਾਦ ਦੇ ਪਹਿਲੂ ਤੋਂ ਵੀ ਜਾਂਚ ਸ਼ੁਰੂ ਕੀਤੀ ਸੀ। ਸੁਖਚੈਨ ਸਿੰਘ ਨੇ ਆਪਣੀ ਭਰਜਾਈ ਗੁਰਪ੍ਰੀਤ ਕੌਰ 'ਤੇ ਹਮਲਾ ਕਰਵਾਉਣ ਦਾ ਸ਼ੱਕ ਜਤਾਇਆ ਸੀ। ਦੱਸਿਆ ਗਿਆ ਕਿ ਸਾਲ 2019 'ਚ ਉਨ੍ਹਾਂ ਦੇ ਭਰਾ ਹੀਰਾ ਸਿੰਘ ਦੀ ਹੱਤਿਆ ਹੋਈ ਸੀ ਅਤੇ ਉਸ ਮਾਮਲੇ ਨਾਲ ਜੁੜੇ ਪੁਰਾਣੇ ਵਿਵਾਦ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਗਿਆ ਹੈ।