CM ਮਾਨ ਦੇ ਅੜੀਅਲ ਰਵੱਈਏ ਖ਼ਿਲਾਫ਼ ਤਰਸੇਮ ਸਿੰਘ ਦਾ ਵੱਡਾ ਬਿਆਨ; ਕਿਹਾ- ਝੂਠ ਦਾ ਸਹਾਰਾ ਲੈ ਕੇ ਸਿੱਖ ਸੰਗਤ ਨੂੰ ਗੁਮਰਾਹ ਕਰ ਰਹੀ ਹੈ ਸਰਕਾਰ
'ਵਾਰਸ ਪੰਜਾਬ ਦੇ' ਜੱਥੇਬੰਦੀ ਦੇ ਸਰਪ੍ਰਸਤ ਤਰਸੇਮ ਸਿੰਘ ਨੇ ਮੁੱਖ ਮੰਤਰੀ ਪੰਜਾਬ ਦੇ ਹਾਲੀਆ ਰਵੱਈਏ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੀ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਸੀ, ਪਰ ਉਹ ਅਜਿਹਾ ਕਰਨ ਦੀ ਬਜਾਏ ਲਗਾਤਾਰ ਅੜੀਅਲ ਰਵੱਈਆ ਅਪਣਾ ਰਹੇ ਹਨ।
Publish Date: Fri, 26 Jun 2026 03:01 PM (IST)
Updated Date: Fri, 26 Jun 2026 03:05 PM (IST)

ਅੰਮ੍ਰਿਤਸਰ : 'ਵਾਰਸ ਪੰਜਾਬ ਦੇ' ਜੱਥੇਬੰਦੀ ਦੇ ਸਰਪ੍ਰਸਤ ਤਰਸੇਮ ਸਿੰਘ ਨੇ ਮੁੱਖ ਮੰਤਰੀ ਪੰਜਾਬ ਦੇ ਹਾਲੀਆ ਰਵੱਈਏ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੀ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਸੀ, ਪਰ ਉਹ ਅਜਿਹਾ ਕਰਨ ਦੀ ਬਜਾਏ ਲਗਾਤਾਰ ਅੜੀਅਲ ਰਵੱਈਆ ਅਪਣਾ ਰਹੇ ਹਨ।
ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਗਲਤੀ ਮੰਨਣ ਦੀ ਬਜਾਏ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਗਾਤਾਰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੂਠੀਆਂ ਰਿਪੋਰਟਾਂ ਪੇਸ਼ ਕਰਕੇ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਸੰਗਤ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਪਣੀ ਗਲਤੀ ਦਾ ਪਛਤਾਵਾ ਕਰਦਿਆਂ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੰਗਤ ਤੋਂ ਮਾਫ਼ੀ ਮੰਗਣ ਦੀ ਗੱਲ ਕਹੀ।
ਭਗਵੰਤ ਮਾਨ 'ਚ ਸਿੱਖਾਂ ਵਾਲੀ ਕੋਈ ਗੱਲ ਨਹੀਂ, ਬਦਲਿਆ ਜਾਵੇ ਮੁੱਖ ਮੰਤਰੀ: ਐਮ.ਪੀ. ਸਰਬਜੀਤ ਸਿੰਘ ਖਾਲਸਾ
ਦੂਜੇ ਪਾਸੇ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਬੇਹੱਦ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਅੰਦਰ ਸਿੱਖੀ ਵਾਲਾ ਕੋਈ ਗੁਣ ਨਜ਼ਰ ਨਹੀਂ ਆਉਂਦਾ। ਖਾਲਸਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਲਗਾਤਾਰ ਸਿੱਖ ਗੁਰੂਆਂ ਦਾ ਅਪਮਾਨ ਕਰ ਰਹੇ ਹਨ ਅਤੇ ਬਹਿਬਲ ਕਲਾਂ ਤੇ ਬਰਗਾੜੀ ਵਰਗੇ ਪਵਿੱਤਰ ਅਸਥਾਨਾਂ 'ਤੇ ਵੀ ਉਹ ਸ਼ਰਾਬ ਪੀ ਕੇ ਗਏ ਸਨ। ਐਮ.ਪੀ. ਖਾਲਸਾ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਪੰਜਾਬ 'ਚ ਤੁਰੰਤ ਕਿਸੇ ਸਿੱਖ ਵਿਧਾਇਕ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪੀ ਜਾਵੇ।