225 ਪਾਵਨ ਸਰੂਪਾਂ ਦਾ ਮਾਮਲਾ ਮੁੜ ਭਖਿਆ, ਵੱਖ-ਵੱਖ ਜਥੇਬੰਦੀਆਂ ਵੱਲੋਂ SGPC ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਵਾਬਦੇਹੀ ਦੀ ਮੰਗ
ਆਵਾਜ਼-ਏ-ਕੌਮ ਜਥੇਬੰਦੀ ਦੇ ਆਗੂ ਹਰਜਿੰਦਰ ਸਿੰਘ ਅਤੇ ਨੋਬਲਜੀਤ ਸਿੰਘ ਨੇ ਕਿਹਾ ਕਿ ਪਾਵਨ ਸਰੂਪਾਂ ਨੂੰ ਕੰਟੇਨਰਾਂ ਜਾਂ ਬੱਸਾਂ ਰਾਹੀਂ ਭੇਜਣ ਦੌਰਾਨ ਧਾਰਮਿਕ ਮਰਿਆਦਾ ਦੀ ਪਾਲਣਾ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪਾਵਨ ਸਰੂਪਾਂ ਨੂੰ ਪੰਜ ਸਿੰਘਾਂ ਦੀ ਮੌਜੂਦਗੀ ਤੋਂ ਬਿਨਾਂ ਭੇਜਿਆ ਗਿਆ, ਜੋ ਮਰਿਆਦਾ ਦੇ ਉਲਟ ਹੈ।
Publish Date: Wed, 23 Sep 2026 04:15 PM (IST)
Updated Date: Wed, 23 Sep 2026 04:19 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਕੈਨੇਡਾ ਦੇ ਸਰੀ ਭੇਜਣ ਦੀ ਪ੍ਰਕਿਰਿਆ ਤੇ ਧਾਰਮਿਕ ਮਰਿਆਦਾ ਦੀ ਕਥਿਤ ਉਲੰਘਣਾ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਆਵਾਜ਼-ਏ-ਕੌਮ, ਮਿਸਲ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਸਪੱਸ਼ਟੀਕਰਨ ਅਤੇ ਜਵਾਬਦੇਹੀ ਦੀ ਮੰਗ ਕੀਤੀ ਹੈ।
ਆਵਾਜ਼-ਏ-ਕੌਮ ਜਥੇਬੰਦੀ ਦੇ ਆਗੂ ਹਰਜਿੰਦਰ ਸਿੰਘ ਅਤੇ ਨੋਬਲਜੀਤ ਸਿੰਘ ਨੇ ਕਿਹਾ ਕਿ ਪਾਵਨ ਸਰੂਪਾਂ ਨੂੰ ਕੰਟੇਨਰਾਂ ਜਾਂ ਬੱਸਾਂ ਰਾਹੀਂ ਭੇਜਣ ਦੌਰਾਨ ਧਾਰਮਿਕ ਮਰਿਆਦਾ ਦੀ ਪਾਲਣਾ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪਾਵਨ ਸਰੂਪਾਂ ਨੂੰ ਪੰਜ ਸਿੰਘਾਂ ਦੀ ਮੌਜੂਦਗੀ ਤੋਂ ਬਿਨਾਂ ਭੇਜਿਆ ਗਿਆ, ਜੋ ਮਰਿਆਦਾ ਦੇ ਉਲਟ ਹੈ। ਸਰੀ 'ਚ ਪਾਵਨ ਸਰੂਪਾਂ ਨੂੰ ਵਾਹਨਾਂ ਦੀ ਡਿੱਕੀ 'ਚ ਲਿਜਾਣ ਨਾਲ ਸਬੰਧਤ ਸਾਹਮਣੇ ਆਈ ਵੀਡੀਓ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ।
ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ 225 ਪਾਵਨ ਸਰੂਪਾਂ ਦੀ ਮੰਗ ਕਰਨ ਵਾਲਿਆਂ ਤੇ ਗੁਰਘਰਾਂ ਦੀ ਪੂਰੀ ਸੂਚੀ ਜਨਤਕ ਕੀਤੀ ਜਾਵੇ। ਇਸ ਦੇ ਨਾਲ ਹੀ ਸਬੰਧਤ ਅਥਾਰਟੀ ਦੇ ਵੇਰਵੇ ਅਤੇ ਹਰਜਿੰਦਰ ਸਿੰਘ ਮਹਿਤਾ ਵੱਲੋਂ ਕੀਤੀ ਗਈ ਜਾਂਚ ਨਾਲ ਜੁੜੀ ਜਾਣਕਾਰੀ ਵੀ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ।
ਨਿੱਜੀ ਜਾਂਚ ਦੇ ਹਵਾਲੇ ਨਾਲ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ 225 ਪਾਵਨ ਸਰੂਪਾਂ 'ਚੋਂ ਛੇ ਪਾਵਨ ਸਰੂਪ ਅਮਰੀਕਾ ਭੇਜੇ ਗਏ ਸਨ। ਜਥੇਬੰਦੀਆਂ ਨੇ ਇਸ ਦਾਅਵੇ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਥੇਬੰਦੀਆਂ ਦਾ ਕਹਿਣਾ ਹੈ ਕਿ ਲਗਾਤਾਰ ਮੰਗ ਪੱਤਰ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਲਿਖਤੀ ਜਵਾਬ ਜਾਂ ਸਪੱਸ਼ਟ ਹੁਕਮ ਨਹੀਂ ਮਿਲਿਆ। ਇਸ ਦੇ ਚਲਦਿਆਂ ਹੁਣ ਮਾਮਲੇ ਨੂੰ ਪੰਥ ਦੀ ਕਚਹਿਰੀ, ਭਾਵ ਸੰਗਤ ਦੇ ਸਾਹਮਣੇ ਲਿਜਾਣ ਅਤੇ ਪੰਜਾਬ ਭਰ 'ਚ ਪੋਸਟਰ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
ਉਧਰ, ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਵੀ ਸਿੱਖ ਸੰਗਤ ਵੱਲੋਂ ਕਥਿਤ ਤੌਰ 'ਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਅਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ।