ਇਟਲੀ 'ਚ ਸੋਨੀਆ ਗਾਂਧੀ ਦਾ ਜੱਦੀ ਘਰ ਬਣੇਗਾ ਅਜਾਇਬ ਘਰ, ਸਿੱਖ ਕਾਰੋਬਾਰੀ ਨੇ ਬਣਾਈ ਯੋਜਨਾ; ਸੰਭਾਲ ਕੇ ਰੱਖੀਆਂ ਪੁਰਾਣੀਆਂ ਯਾਦਾਂ
ਕੰਗ ਮੁਤਾਬਕ ਹਾਲ ਹੀ 'ਚ ਸੋਨੀਆ ਗਾਂਧੀ ਦੀ ਕਿਤਾਬ 'ਬਿਲੌਂਗਿੰਗ : ਏ ਜਰਨੀ ਆਫ਼ ਲਵ' ਲੋਕ ਅਰਪਿਤ ਕੀਤੀ ਗਈ। ਇਸ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸ਼ੁਰੂਆਤੀ ਜੀਵਨ, ਪਰਿਵਾਰਕ ਪਿਛੋਕੜ ਅਤੇ ਨਿੱਜੀ ਸਫ਼ਰ ਨੂੰ ਜਾਣਨ 'ਚ ਲੋਕਾਂ ਦੀ ਦਿਲਚਸਪੀ ਕਾਫ਼ੀ ਵਧੀ ਹੈ। ਅਜਿਹੇ 'ਚ ਇਸ ਜਾਇਦਾਦ ਨੂੰ ਅਜਾਇਬ ਘਰ ਵਜੋਂ ਵਿਕਸਤ ਕਰਨ ਲਈ ਇਹ ਸਭ ਤੋਂ ਸਹੀ ਸਮਾਂ ਹੈ।
Publish Date: Fri, 20 Nov 2026 03:17 PM (IST)
Updated Date: Fri, 20 Nov 2026 03:20 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਇਟਲੀ ਦੇ ਵੇਨੇਤੋ ਖੇਤਰ ਦੇ ਲੁਸਿਆਨਾ ਕਸਬੇ 'ਚ ਸਥਿਤ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜੱਦੀ ਘਰ ਨੂੰ ਅਜਾਇਬ ਘਰ ਦਾ ਰੂਪ ਦਿੱਤਾ ਜਾਵੇਗਾ। ਇਸ ਘਰ ਨੂੰ 6 ਸਾਲ ਪਹਿਲਾਂ ਇਟਲੀ 'ਚ ਵੱਸੇ ਭਾਰਤੀ ਮੂਲ ਦੇ ਸਿੱਖ ਕਾਰੋਬਾਰੀ ਸੁਖਦੇਵ ਸਿੰਘ ਕੰਗ ਨੇ ਖਰੀਦਿਆ ਸੀ। ਉਨ੍ਹਾਂ ਮੁਤਾਬਕ ਸਾਲ 2020 'ਚ ਮਾਇਨੋ ਪਰਿਵਾਰ ਤੋਂ ਇਹ ਘਰ ਖਰੀਦਣ ਤੋਂ ਬਾਅਦ ਉਨ੍ਹਾਂ ਨੇ ਇਸ ਜਾਇਦਾਦ 'ਚ ਕੋਈ ਤਬਦੀਲੀ ਨਹੀਂ ਕੀਤੀ। ਛੇ ਕਮਰਿਆਂ ਵਾਲੇ ਇਸ ਘਰ ਦੀਆਂ ਸਾਰੀਆਂ ਚੀਜ਼ਾਂ ਅੱਜ ਵੀ ਉਸੇ ਤਰ੍ਹਾਂ ਸੁਰੱਖਿਅਤ ਰੱਖੀਆਂ ਗਈਆਂ ਹਨ, ਜਿਵੇਂ ਪਹਿਲਾਂ ਸਨ।
ਕੰਗ ਮੁਤਾਬਕ ਹਾਲ ਹੀ 'ਚ ਸੋਨੀਆ ਗਾਂਧੀ ਦੀ ਕਿਤਾਬ 'ਬਿਲੌਂਗਿੰਗ : ਏ ਜਰਨੀ ਆਫ਼ ਲਵ' ਲੋਕ ਅਰਪਿਤ ਕੀਤੀ ਗਈ। ਇਸ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸ਼ੁਰੂਆਤੀ ਜੀਵਨ, ਪਰਿਵਾਰਕ ਪਿਛੋਕੜ ਅਤੇ ਨਿੱਜੀ ਸਫ਼ਰ ਨੂੰ ਜਾਣਨ 'ਚ ਲੋਕਾਂ ਦੀ ਦਿਲਚਸਪੀ ਕਾਫ਼ੀ ਵਧੀ ਹੈ। ਅਜਿਹੇ 'ਚ ਇਸ ਜਾਇਦਾਦ ਨੂੰ ਅਜਾਇਬ ਘਰ ਵਜੋਂ ਵਿਕਸਤ ਕਰਨ ਲਈ ਇਹ ਸਭ ਤੋਂ ਸਹੀ ਸਮਾਂ ਹੈ। ਉਹ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਵੀ ਮਿਲਣਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਦੇ ਪਰਿਵਾਰ ਦੇ ਇਤਿਹਾਸ ਬਾਰੇ ਨੇੜਿਓਂ ਜਾਣ ਸਕਣ। ਇਸ ਨਾਲ ਉਨ੍ਹਾਂ ਨੂੰ ਇਹ ਸਮਝਣ 'ਚ ਮਦਦ ਮਿਲੇਗੀ ਕਿ ਅਜਾਇਬ ਘਰ 'ਚ ਪਰਿਵਾਰ ਦੀਆਂ ਕਿਹੜੀਆਂ ਨਿੱਜੀ ਵਸਤਾਂ ਅਤੇ ਯਾਦਾਂ ਪ੍ਰਦਰਸ਼ਿਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਸੋਨੀਆ ਗਾਂਧੀ ਦੇ ਪਰਿਵਾਰਕ ਪਿਛੋਕੜ ਅਤੇ ਸ਼ੁਰੂਆਤੀ ਜੀਵਨ ਦੀ ਝਲਕ ਦੇਖਣ ਨੂੰ ਮਿਲੇ।
ਅੰਮ੍ਰਿਤਸਰ ਪੁੱਜੇ ਕਾਰੋਬਾਰੀ ਕੰਗ ਮੁਤਾਬਕ ਸਥਾਨਕ ਪੱਧਰ 'ਤੇ ਇਹ ਘਰ 'ਇੰਡੀਆ ਹਾਊਸ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੋਨੀਆ ਗਾਂਧੀ ਦਾ ਜੱਦੀ ਘਰ ਹੁੰਦਾ ਸੀ। ਵਿਆਹ ਤੋਂ ਬਾਅਦ ਸੋਨੀਆ ਗਾਂਧੀ ਭਾਰਤ 'ਚ ਆ ਕੇ ਵੱਸ ਗਈ ਸੀ। ਕੰਗ ਦਾ ਕਹਿਣਾ ਹੈ ਕਿ ਇਸ ਇਤਿਹਾਸਕ ਜਾਇਦਾਦ ਨੂੰ ਅਜਾਇਬ ਘਰ ਵਜੋਂ ਵਿਕਸਤ ਕਰਨ ਦਾ ਇਹ ਸਭ ਤੋਂ ਢੁਕਵਾਂ ਸਮਾਂ ਹੈ।
ਕੰਗ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਲਈ ਲੋੜੀਂਦੀਆਂ ਪ੍ਰਸ਼ਾਸਨਿਕ ਮਨਜ਼ੂਰੀਆਂ ਵੀ ਹਾਸਲ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਗਾਂਧੀ ਪਰਿਵਾਰ ਕਦੇ ਵੀ ਇਸ ਜੱਦੀ ਘਰ ਦਾ ਦੌਰਾ ਕਰਦਾ ਹੈ ਤਾਂ ਉਨ੍ਹਾਂ ਦਾ ਪਰਿਵਾਰ ਬਹੁਤ ਖ਼ੁਸ਼ ਹੋਵੇਗਾ। ਉਹ ਜਦੋਂ ਵੀ ਚਾਹੁਣ, ਉਨ੍ਹਾਂ ਨੂੰ ਆਪਣੇ ਪਰਿਵਾਰਕ ਘਰ ਦੀਆਂ ਚਾਬੀਆਂ ਸੌਂਪਣ ਲਈ ਹਮੇਸ਼ਾ ਤਿਆਰ ਹਨ।
ਸੈਰ-ਸਪਾਟਾ ਕੇਂਦਰ ਵਜੋਂ ਉੱਭਰ ਰਿਹਾ ਹੈ ਇਹ ਘਰ
9 ਦਸੰਬਰ 1946 ਨੂੰ ਸੋਨੀਆ ਗਾਂਧੀ ਦਾ ਜਨਮ ਇਸੇ ਘਰ 'ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਇਸੇ ਕਸਬੇ 'ਚ ਬੀਤਿਆ। ਸੋਨੀਆ ਗਾਂਧੀ ਦੇ ਪਿਤਾ ਬਿਲਡਿੰਗ ਕੰਟ੍ਰੈਕਟਰ ਸਨ। ਇਕ ਸਾਧਾਰਨ ਪਰਿਵਾਰ ਦੀ ਧੀ ਤੋਂ ਲੈ ਕੇ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਦੀ ਨੂੰਹ ਬਣਨ ਅਤੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਤੱਕ ਦਾ ਉਨ੍ਹਾਂ ਦਾ ਸਫ਼ਰ ਵਿਲੱਖਣ ਰਿਹਾ ਹੈ।
ਅੱਜ ਛੇ ਕਮਰਿਆਂ ਵਾਲਾ ਇਹ ਘਰ ਸਥਾਨਕ ਲੋਕਾਂ ਦੇ ਨਾਲ-ਨਾਲ ਭਾਰਤ ਤੋਂ ਇੱਥੇ ਜਾਣ ਵਾਲੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣ ਚੁੱਕਾ ਹੈ। ਕੰਗ ਨੇ ਦੱਸਿਆ ਕਿ ਹੁਣ ਉਨ੍ਹਾਂ ਨੇ ਘਰ ਦੇ ਬਾਹਰ ਇਕ ਸਾਈਨ ਬੋਰਡ ਵੀ ਲਗਾ ਦਿੱਤਾ ਹੈ, ਜਿਸ 'ਤੇ ਇਸ ਘਰ ਨੂੰ ਸੋਨੀਆ ਗਾਂਧੀ ਦਾ ਜਨਮ ਸਥਾਨ ਦਰਸਾਇਆ ਗਿਆ ਹੈ। ਕਈ ਲੋਕਾਂ ਨੇ ਉਨ੍ਹਾਂ ਨੂੰ ਇਹ ਜਾਇਦਾਦ ਕਿਰਾਏ 'ਤੇ ਦੇਣ ਜਾਂ ਵਪਾਰਕ ਤੌਰ 'ਤੇ ਵਰਤਣ ਦਾ ਸੁਝਾਅ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।
ਇਸ ਇਮਾਰਤ ਦੀ ਦੇਖਭਾਲ ਲਈ ਸੁਖਦੇਵ ਸਿੰਘ ਕੰਗ ਹਰ ਮਹੀਨੇ ਕੇਅਰਟੇਕਰ ਨੂੰ ਕਰੀਬ 100 ਯੂਰੋ ਦਿੰਦੇ ਹਨ ਅਤੇ ਸਾਲਾਨਾ ਲਗਪਗ 1,000 ਯੂਰੋ ਪ੍ਰਾਪਰਟੀ ਟੈਕਸ ਵਜੋਂ ਅਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਲੋਕਾਂ ਨੇ ਇਸ ਘਰ ਨੂੰ 800 ਯੂਰੋ ਪ੍ਰਤੀ ਮਹੀਨਾ ਤੋਂ ਵੱਧ ਕਿਰਾਏ 'ਤੇ ਦੇਣ ਜਾਂ ਇਸ ਨੂੰ ਗੁਰਦੁਆਰਾ ਸਾਹਿਬ 'ਚ ਤਬਦੀਲ ਕਰਨ ਦਾ ਸੁਝਾਅ ਵੀ ਦਿੱਤਾ ਸੀ। ਪਰ ਉਨ੍ਹਾਂ ਦੇ ਪਰਿਵਾਰ ਨੇ ਇਨ੍ਹਾਂ ਸਾਰੇ ਪ੍ਰਸਤਾਵਾਂ ਨੂੰ ਠੁਕਰਾ ਦਿੱਤਾ ਅਤੇ ਇਸ ਨੂੰ ਅਜਾਇਬ ਘਰ ਵਜੋਂ ਸੰਭਾਲਣ ਦਾ ਫ਼ੈਸਲਾ ਕੀਤਾ।
ਕਾਰੋਬਾਰੀ ਕੰਗ ਮੁਤਾਬਕ ਉਨ੍ਹਾਂ ਨੇ ਇਹ ਘਰ ਆਪਣੀ ਪਤਨੀ ਅਤੇ ਧੀ ਦੇ ਨਾਂ 'ਤੇ ਖਰੀਦਿਆ ਸੀ। ਉਨ੍ਹਾਂ ਦਾ ਪਰਿਵਾਰ ਲੁਸਿਆਨਾ ਤੋਂ ਇਕ ਘੰਟੇ ਦੀ ਦੂਰੀ 'ਤੇ ਸਥਿਤ ਬ੍ਰੇਸ਼ੀਆ 'ਚ ਰਹਿੰਦਾ ਹੈ।