- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮ ਕਈ ਕਾਰੋਬਾਰੀਆਂ ਰਾਹੀਂ ਹਵਾਲਾ ਰਾਹੀਂ ਨਸ਼ੀਲੇ ਪਦਾਰਥਾਂ ਲਈ ਭੁਗਤਾਨ ਕਰ ਰਿਹਾ ਸੀ। ਨਵਪ੍ਰੀਤ ਨਵ ਵਜ਼ੀਰ ਭੁੱਲਰ ਦਾ ਨਾਂ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਨੇ ਬਿਆਸ ਦੇ ਇਕ ਘਰ ਵਿੱਚੋਂ 105 ਕਿੱਲੋ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ ਹੋਈ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ: ਕੇਂਦਰੀ ਏਜੰਸੀਆਂ ਨੇ ਤੁਰਕੀ ਤੋਂ ਡਿਪੋਰਟ ਕੀਤੇ ਗਏ ਹੈਰੋਇਨ ਤਸਕਰ ਨਵਪ੍ਰੀਤ ਸਿੰਘ ਨਵ ਵਜ਼ੀਰ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੁਲਜ਼ਮ ਨੂੰ ਦਿੱਲੀ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਬਿਆਸ ਪੁਲਿਸ ਸਟੇਸ਼ਨ ਤਹਿਤ ਪੈਂਦੇ ਪਿੰਡ ਵਜ਼ੀਰ ਭੁੱਲਰ ਦਾ ਰਹਿਣ ਵਾਲਾ ਨਵਪ੍ਰੀਤ ਨਵ ਪਿਛਲੇ ਸੱਤ ਸਾਲਾਂ ਤੋਂ ਤੁਰਕੀ ਵਿਚ ਰਹਿ ਰਿਹਾ ਸੀ ਅਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਰਾਹੀਂ ਭਾਰਤ ਦੇ ਕਈ ਸੂਬਿਆਂ ਵਿਚ ਹੈਰੋਇਨ ਦੀਆਂ ਵੱਡੀਆਂ ਖੇਪਾਂ ਭੇਜ ਰਿਹਾ ਸੀ। ਉਹ ਨਵਾਬ ਵਿਰਕ ਦੇ ਨਾਂ ਹੇਠ ਤੁਰਕੀ ’ਚ ਤੁਰਿਆ ਫਿਰਦਾ ਸੀ ਤੇ ਉਥੇ ਪਾਸਪੋਰਟ ਹਾਸਿਲ ਕਰ ਚੁੱਕਾ ਸੀ।
ਮੁਲਜ਼ਮ ਕਈ ਕਾਰੋਬਾਰੀਆਂ ਰਾਹੀਂ ਹਵਾਲਾ ਰਾਹੀਂ ਨਸ਼ੀਲੇ ਪਦਾਰਥਾਂ ਲਈ ਭੁਗਤਾਨ ਕਰ ਰਿਹਾ ਸੀ। ਨਵਪ੍ਰੀਤ ਨਵ ਵਜ਼ੀਰ ਭੁੱਲਰ ਦਾ ਨਾਂ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਨੇ ਬਿਆਸ ਦੇ ਇਕ ਘਰ ਵਿੱਚੋਂ 105 ਕਿੱਲੋ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ ਹੋਈ ਸੀ। ਗਿਰੋਹ ਦੇ ਦੋ ਮੈਂਬਰਾਂ ਨੇ ਪੁਲਿਸ ਹਿਰਾਸਤ ਵਿਚ ਕਬੂਲ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨੀ ਤਸਕਰਾਂ ਨਾਲ ਮਿਲ ਕੇ ਰਾਵੀ ਰਾਹੀਂ ਭਾਰਤੀ ਖੇਤਰ ਵਿਚ ਹੈਰੋਇਨ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚੀ ਸੀ। ਪੰਜਾਬ ਪੁਲਿਸ ਅਤੇ ਕੇਂਦਰੀ ਖੁਫੀਆ ਏਜੰਸੀਆਂ ਪਿਛਲੇ ਤਿੰਨ ਸਾਲਾਂ ਤੋਂ ਕੇਂਦਰ ਸਰਕਾਰ ਨਾਲ ਦੋਸ਼ੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਗੱਲਬਾਤ ਕਰ ਰਹੀਆਂ ਸਨ। 2016-17 ਵਿਚ ਮੁਲਜ਼ਮ ਨਵ ਵਜ਼ੀਰ ਭੁੱਲਰ ਨੇ ਜਾਅਲੀ ਪਾਸਪੋਰਟ ਪ੍ਰਾਪਤ ਕੀਤਾ ਅਤੇ ਤੁਰਕੀ ਵਿਚ ਲੁਕਣ ਲਈ ਕਈ ਦੇਸ਼ਾਂ ਦੀ ਯਾਤਰਾ ਕੀਤੀ। ਉਸ ਨੇ ‘ਨਵਾਬ ਵਿਰਕ’ ਨਾਂ ਹੇਠ ਤੁਰਕੀ ਦੀ ਨਾਗਰਿਕਤਾ ਵੀ ਪ੍ਰਾਪਤ ਕਰ ਲਈ। ਦਰਅਸਲ, ਜਦੋਂ ਉਹ ਭਾਰਤ ਵਿੱਚੋਂ ਰੂਪੋਸ਼ ਹੋ ਗਿਆ ਤਾਂ ਪੁਲਿਸ ਨੇ ਇਸ ਦੇ ਵਿਰੁੱਧ ਲੁੱਕ ਆਊਟ ਨੋਟਿਸ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਪਰ ਉਸ ਨੂੰ ਲੱਭਣ ਵਿਚ ਅਸਮਰੱਥ ਰਹੇ। ਅਕਤੂਬਰ 2024 ਵਿਚ ਮੁਲਜ਼ਮ ਨੇ ਬਿਆਸ ਇਲਾਕੇ ਵਿਚ 105 ਕਿੱਲੋ ਹੈਰੋਇਨ, 32 ਕਿੱਲੋ ਕੈਫੀਨ ਐਨਹਾਈਡ੍ਰਸ ਅਤੇ 17 ਕਿੱਲੋ ਹੋਰ ਨਸ਼ੀਲੇ ਪਦਾਰਥ ਲੁਕਾਏ ਸਨ। ਮੁਲਜ਼ਮ ਦੇ ਇਕ ਸਾਥੀ ਰਿਜ਼ਵਾਨ ਕਸ਼ਮੀਰੀ ਨੂੰ ਵੀ 2021 ਵਿਚ ਦੱਖਣੀ ਦਿੱਲੀ ਵਿਚ ਹੈਰੋਇਨ ਦੀ ਵੱਡੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਨਵਪ੍ਰੀਤ ਵਜ਼ੀਰ ਭੁੱਲਰ ਵਿਰੁੱਧ ਅੰਮ੍ਰਿਤਸਰ ਦਿਹਾਤੀ ਪੁਲਿਸ, ਜ਼ਿਲ੍ਹਾ ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਅੰਮ੍ਰਿਤਸਰ) ਫਿਲੌਰ ਵਿਚ ਨਸ਼ਾ ਤਸਕਰੀ ਸਬੰਧੀ ਮਾਮਲੇ ਦਰਜ ਕੀਤੇ ਗਏ ਸਨ।