SGPC Election : ਧਾਮੀ ਨੂੰ 5ਵੀਂ ਵਾਰ ਮਿਲੇਗੀ ਪ੍ਰਧਾਨਗੀ ਜਾਂ ਬੀਬੀ ਜਗੀਰ ਕੌਰ ਦੀ ਹੋਵੇਗੀ ਵਾਪਸੀ? 20 ਨਵੰਬਰ ਨੂੰ ਹੋਵੇਗੀ SGPC ਦੀ ਚੋਣ
ਚੋਣ 'ਚ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ ਵੀ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਲਈ ਇਸ ਵਾਰ ਚੋਣ ਇਸ ਕਰਕੇ ਵੀ ਚੁਣੌਤੀਪੂਰਨ ਹੈ, ਕਿਉਂਕਿ ਬੀਬੀ ਜਗੀਰ ਕੌਰ ਹੁਣ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) 'ਚ ਸ਼ਾਮਲ ਹੋ ਚੁੱਕੇ ਹਨ।
Publish Date: Sat, 07 Nov 2026 03:34 PM (IST)
Updated Date: Sat, 07 Nov 2026 03:36 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ 20 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਚੋਣ ਨੂੰ ਲੈ ਕੇ ਪੰਥਕ ਹਲਚਲ ਤੇਜ਼ ਹੋ ਗਈ ਹੈ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਚਕਾਰ ਮੁਕਾਬਲਾ ਹੈ। ਕੀ ਧਾਮੀ ਲਗਾਤਾਰ ਪੰਜਵੀਂ ਵਾਰ ਪ੍ਰਧਾਨਗੀ ਹਾਸਲ ਕਰਨਗੇ ਜਾਂ ਬੀਬੀ ਜਗੀਰ ਕੌਰ ਦੀ ਵਾਪਸੀ ਦਾ ਰਾਹ ਪੱਧਰਾ ਹੋਵੇਗਾ? ਇਸ ਚੋਣ ਦਾ ਨਤੀਜਾ ਨਾ ਸਿਰਫ਼ ਐੱਸਜੀਪੀਸੀ ਦੀ ਅਗਲੀ ਕਾਰਜਕਾਰਨੀ ਤੈਅ ਕਰੇਗਾ, ਸਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਸਥਿਤੀ ਦੇ ਲਿਹਾਜ਼ ਨਾਲ ਵੀ ਅਹਿਮ ਹੋਵੇਗਾ। ਦੋਵੇਂ ਉਮੀਦਵਾਰ ਇਕ-ਦੂਜੇ ਦੇ ਸਮਰਥਕਾਂ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਚੋਣ 'ਚ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ ਵੀ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਲਈ ਇਸ ਵਾਰ ਚੋਣ ਇਸ ਕਰਕੇ ਵੀ ਚੁਣੌਤੀਪੂਰਨ ਹੈ, ਕਿਉਂਕਿ ਬੀਬੀ ਜਗੀਰ ਕੌਰ ਹੁਣ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) 'ਚ ਸ਼ਾਮਲ ਹੋ ਚੁੱਕੇ ਹਨ।
ਪਿਛਲੀ ਚੋਣ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ। ਧਾਮੀ ਨੂੰ 107 ਵੋਟਾਂ ਮਿਲੀਆਂ ਸਨ, ਜਦਕਿ ਬੀਬੀ ਜਗੀਰ ਕੌਰ ਦੇ ਹੱਕ 'ਚ 33 ਵੋਟਾਂ ਪਈਆਂ ਸਨ।
ਅਕਾਲੀ ਦਲ ਦੀ ਸਾਖ ਵੀ ਦਾਅ 'ਤੇ
ਐੱਸਜੀਪੀਸੀ ਚੋਣ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਮੰਨਿਆ ਜਾ ਰਿਹਾ ਹੈ। ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਪ੍ਰਧਾਨ ਦੇ ਅਹੁਦੇ 'ਤੇ ਉਸ ਦੇ ਸਮਰਥਨ ਵਾਲੇ ਉਮੀਦਵਾਰ ਦੀ ਜਿੱਤ ਹੋਵੇ ਅਤੇ ਕਾਰਜਕਾਰਨੀ 'ਚ ਵੀ ਉਸ ਦਾ ਪ੍ਰਭਾਵ ਬਰਕਰਾਰ ਰਹੇ।
ਦੂਜੇ ਪਾਸੇ, ਜੇਕਰ ਬੀਬੀ ਜਗੀਰ ਕੌਰ ਦੀ ਦਾਅਵੇਦਾਰੀ ਮਜ਼ਬੂਤ ਹੁੰਦੀ ਹੈ ਤਾਂ ਇਸ ਨੂੰ ਅਕਾਲੀ ਦਲ ਦੇ ਅੰਦਰ ਅਤੇ ਇਸ ਤੋਂ ਵੱਖ ਹੋਏ ਆਗੂਆਂ ਦੀ ਸਿਆਸੀ ਤਾਕਤ ਵਜੋਂ ਦੇਖਿਆ ਜਾਵੇਗਾ।
ਬੀਬੀ ਜਗੀਰ ਕੌਰ ਪਹਿਲਾਂ ਵੀ ਐੱਸਜੀਪੀਸੀ ਦੀ ਪ੍ਰਧਾਨ ਰਹਿ ਚੁੱਕੇ ਹਨ। ਉਹ ਬਾਦਲ ਧੜੇ ਤੋਂ ਵੱਖ ਹੋ ਕੇ ਅਕਾਲੀ ਦਲ ਪੁਨਰ ਸੁਰਜੀਤ 'ਚ ਸ਼ਾਮਲ ਹੋਏ ਸਨ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ ਪੁਨਰ ਸੁਰਜੀਤ ਵਿਚਕਾਰ ਸੰਭਾਵੀ ਸਿਆਸੀ ਸਮਝੌਤੇ ਨੂੰ ਲੈ ਕੇ ਗੱਲਬਾਤ ਦੀਆਂ ਅਟਕਲਾਂ ਵੀ ਲਾਈਆਂ ਜਾ ਰਹੀਆਂ ਹਨ।
ਇਨ੍ਹਾਂ ਅਹੁਦਿਆਂ ਲਈ ਚੋਣ ਲੜੇਗਾ ਧਾਮੀ ਗਰੁੱਪ
ਐਡਵੋਕੇਟ ਹਰਜਿੰਦਰ ਸਿੰਘ ਧਾਮੀ – ਪ੍ਰਧਾਨ
ਰਘੁਜੀਤ ਸਿੰਘ ਵਿਰਕ – ਸੀਨੀਅਰ ਮੀਤ ਪ੍ਰਧਾਨ
ਬਲਦੇਵ ਸਿੰਘ ਕਲਿਆਣ – ਜੂਨੀਅਰ ਮੀਤ ਪ੍ਰਧਾਨ
ਸ਼ੇਰ ਸਿੰਘ ਮੰਡਵਾਲਾ – ਜਨਰਲ ਸਕੱਤਰ
ਲਵੰਤ ਸਿੰਘ ਮੰਨਣ – ਮੁੱਖ ਸਕੱਤਰ