6 ਸਾਲ ਬਾਅਦ ਵਾਪਸੀ ਤੋਂ ਕੁਝ ਦਿਨ ਪਹਿਲਾਂ ਸਪੇਨ 'ਚ ਪੰਜਾਬੀ ਨੌਜਵਾਨ ਦੀ ਹੱਤਿਆ, ਮਾਂ ਨੇ ਆਖਰੀ ਫੋਨ ਕਾਲ ਨੂੰ ਕੀਤਾ ਯਾਦ; 3 ਹਫ਼ਤਿਆਂ ਤੋਂ ਦੇਹ ਉਡੀਕ ਰਿਹਾ ਪਰਿਵਾਰ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਘਟਨਾ ਜਲੰਧਰ ਦੇ ਇੱਕ ਰੂਮਮੇਟ ਨਾਲ ਮਾਮੂਲੀ ਗੱਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਵਾਪਰੀ। ਕਥਿਤ ਤੌਰ 'ਤੇ ਤਕਰਾਰ ਹਿੰਸਕ ਹੋ ਗਈ ਅਤੇ ਜਲੰਧਰ ਦੇ ਦੁਸਾਂਝਣ ਪਿੰਡ ਦੇ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪੀੜਤਾਂ 'ਤੇ ਹਮਲਾ ਕਰ ਦਿੱਤਾ।
Publish Date: Sat, 21 Nov 2026 01:43 PM (IST)
Updated Date: Sat, 21 Nov 2026 01:50 PM (IST)
ਅੰਮ੍ਰਿਤਸਰ (ਏਜੰਸੀ) : ਪੰਜਾਬ ਦੇ ਇੱਕ ਭਾਰਤੀ ਨੌਜਵਾਨ ਮਨਪ੍ਰੀਤ ਸਿੰਘ ਦਾ ਸਪੇਨ 'ਚ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਤੋਂ ਬਾਅਦ ਵਿਵਾਦ ਹਿੰਸਕ ਹੋ ਗਿਆ। ਇਸ ਘਟਨਾ ਨਾਲ ਉਸ ਦਾ ਪਰਿਵਾਰ ਡੂੰਘੇ ਸਦਮੇ 'ਚ ਹੈ। ਮਨਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਤੇ ਪਰਿਵਾਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ। ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਉਸ ਦੀ ਦੇਹ ਵਾਪਸ ਲਿਆਉਣ 'ਚ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦੇਹ ਦੇ ਭਾਰਤ ਆਉਣ ਦੀ ਉਡੀਕ ਕਰ ਰਹੇ ਹਨ।
ਘਰ ਵਾਪਸੀ ਦੀ ਯੋਜਨਾ ਬਣਾ ਰਿਹਾ ਸੀ ਮਨਪ੍ਰੀਤ
ਮਨਪ੍ਰੀਤ ਕਰੀਬ ਛੇ ਸਾਲ ਪਹਿਲਾਂ ਕੰਮ ਦੀ ਭਾਲ 'ਚ ਪੁਰਤਗਾਲ ਗਿਆ ਸੀ। ਉਹ ਉੱਥੇ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਬਾਅਦ 'ਚ ਪੁਰਤਗਾਲ ਸਥਿਤ ਇੱਕ ਕੰਪਨੀ ਨੇ ਉਸ ਨੂੰ ਸਪੇਨ ਭੇਜ ਦਿੱਤਾ ਸੀ। ਪਰਿਵਾਰ ਦੇ ਅਨੁਸਾਰ, ਮਨਪ੍ਰੀਤ ਨੇ ਹਾਲ ਹੀ 'ਚ ਆਪਣੀ ਮਾਂ ਗੁਰਮੀਤ ਕੌਰ ਨਾਲ ਗੱਲ ਕੀਤੀ ਸੀ ਤੇ ਦੱਸਿਆ ਸੀ ਕਿ ਉਹ ਭਾਰਤ ਵਾਪਸ ਆਉਣ ਲਈ ਟਿਕਟ ਬੁੱਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਆਖਰੀ ਗੱਲਬਾਤ ਤੋਂ ਬਾਅਦ ਪਰਿਵਾਰ ਦਾ ਉਸ ਨਾਲ ਸੰਪਰਕ ਟੁੱਟ ਗਿਆ।
ਮਾਂ ਨੇ ਆਖਰੀ ਗੱਲਬਾਤ ਨੂੰ ਕੀਤਾ ਯਾਦ
ਮਨਪ੍ਰੀਤ ਦੀ ਮਾਂ ਨੇ ਆਪਣੇ ਪੁੱਤਰ ਨਾਲ ਹੋਈ ਆਖਰੀ ਫੋਨ ਕਾਲ ਨੂੰ ਯਾਦ ਕਰਦਿਆਂ ਕਿਹਾ ਕਿ ਮੈਂ ਉਸ ਨਾਲ ਵੀਰਵਾਰ 27 ਤਰੀਕ ਨੂੰ ਗੱਲ ਕੀਤੀ ਸੀ। ਉਸ ਨੇ ਮੈਨੂੰ ਕਿਹਾ ਕਿ ਮਾਂ, ਮੈਂ ਆਪਣੀ ਟਿਕਟ ਬੁੱਕ ਕਰਨ ਜਾ ਰਿਹਾਂ। ਮੈਂ ਉਸ ਨੂੰ ਕਿਹਾ ਕਿ ਪੁੱਤ, ਟਿਕਟ ਬੁੱਕ ਕਰ ਤੇ ਘਰ ਆ ਜਾ। ਤੈਨੂੰ ਗਏ ਹੋਏ ਛੇ ਸਾਲ ਹੋ ਗਏ ਹਨ। ਉਸ ਨੇ ਕਿਹਾ ਕਿ ਮਾਂ ਮੈਂ ਟਿਕਟ ਬੁੱਕ ਕਰ ਲਵਾਂਗਾ। ਫਿਰ ਉਸ ਨੇ ਕਿਹਾ ਕਿ ਉਹ ਐਤਵਾਰ ਨੂੰ ਮੇਰੇ ਨਾਲ ਗੱਲ ਕਰੇਗਾ। ਮੈਂ ਕਿਹਾ ਕਿ ਠੀਕ ਹੈ ਅਤੇ ਉਸ ਨੂੰ ਟਿਕਟ ਬੁੱਕ ਕਰਨ ਤੋਂ ਬਾਅਦ ਮੈਸੇਜ ਭੇਜਣ ਲਈ ਕਿਹਾ। ਇਸ ਤੋਂ ਬਾਅਦ ਮੇਰੀ ਉਸ ਨਾਲ ਦੁਬਾਰਾ ਗੱਲ ਨਹੀਂ ਹੋਈ
— IANS (@ians_india) November 20, 2026
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਘਟਨਾ ਜਲੰਧਰ ਦੇ ਇਕ ਰੂਮਮੇਟ ਨਾਲ ਮਾਮੂਲੀ ਗੱਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਵਾਪਰੀ। ਕਥਿਤ ਤੌਰ 'ਤੇ ਤਕਰਾਰ ਹਿੰਸਕ ਹੋ ਗਈ ਅਤੇ ਜਲੰਧਰ ਦੇ ਦੁਸਾਂਝਣ ਪਿੰਡ ਦੇ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪੀੜਤਾਂ 'ਤੇ ਹਮਲਾ ਕਰ ਦਿੱਤਾ। ਇਸ ਘਟਨਾ 'ਚ ਤਿੰਨ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।
ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦੇਹ ਦੀ ਉਡੀਕ ਕਰ ਰਿਹਾ ਪਰਿਵਾਰ
ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਦੇ 22 ਦਿਨ ਬਾਅਦ ਵੀ ਮਨਪ੍ਰੀਤ ਦੀ ਦੇਹ ਭਾਰਤ ਨਹੀਂ ਭੇਜੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਸਪੇਨ 'ਚ ਮੌਜੂਦ ਉਸ ਦੇ ਚਚੇਰੇ ਭਰਾਵਾਂ ਨੂੰ ਵੀ ਦੇਹ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪਰਿਵਾਰਕ ਮੈਂਬਰਾਂ ਅਨੁਸਾਰ, ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ 'ਚ ਕੁਝ ਸਮੱਸਿਆਵਾਂ ਕਾਰਨ ਪ੍ਰਕਿਰਿਆ 'ਚ ਦੇਰੀ ਹੋ ਰਹੀ ਹੈ। ਪਰਿਵਾਰ ਲੋੜੀਂਦੀਆਂ ਰਸਮਾਂ ਜਲਦੀ ਪੂਰੀਆਂ ਕਰਵਾਉਣ ਅਤੇ ਮਨਪ੍ਰੀਤ ਦੀ ਦੇਹ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਸਥਿਤ ਉਸ ਦੇ ਜੱਦੀ ਪਿੰਡ ਲਿਆਉਣ ਲਈ ਤੁਰੰਤ ਮਦਦ ਦੀ ਮੰਗ ਕਰ ਰਿਹਾ ਹੈ। ਪਰਿਵਾਰ ਨੇ ਸਪੇਨ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਸਮੂਹਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲੋੜੀਂਦੇ ਪ੍ਰਬੰਧਾਂ 'ਚ ਮਦਦ ਕਰਨ, ਤਾਂ ਜੋ ਮਨਪ੍ਰੀਤ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ 'ਚ ਕੀਤਾ ਜਾ ਸਕੇ।