ਪੰਜਾਬ ਪੁਲਿਸ ਦੀ ਅੰਤਰਰਾਸ਼ਟਰੀ ਨਸ਼ਾ ਤਸਕਰੀ 'ਤੇ ਵੱਡੀ ਸਟਰਾਈਕ: ਪਾਕਿਸਤਾਨ ਤੋਂ ਭੇਜੀ 25 ਕਿੱਲੋ ਹੈਰੋਇਨ ਸਣੇ ਸੋਨੂੰ ਖੱਤਰੀ ਗੈਂਗ ਦੇ 3 ਤਸਕਰ ਕਾਬੂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸਰਹੱਦ ਪਾਰੋਂ ਡ੍ਰੋਨ ਰਾਹੀਂ ਭੇਜੀ ਗਈ 25 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਖ਼ਤਰਨਾਕ ਸੋਨੂੰ ਖੱਤਰੀ ਗੈਂਗ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਮਦ ਹੈਰੋਇਨ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ਤੱਕ ਪਹੁੰਚਾਈ ਗਈ ਸੀ।
Publish Date: Wed, 08 Jul 2026 11:34 AM (IST)
Updated Date: Wed, 08 Jul 2026 11:35 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸਰਹੱਦ ਪਾਰੋਂ ਡ੍ਰੋਨ ਰਾਹੀਂ ਭੇਜੀ ਗਈ 25 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਖ਼ਤਰਨਾਕ ਸੋਨੂੰ ਖੱਤਰੀ ਗੈਂਗ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਮਦ ਹੈਰੋਇਨ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ਤੱਕ ਪਹੁੰਚਾਈ ਗਈ ਸੀ।
ਦਰਅਸਲ, ਕਾਊਂਟਰ ਇੰਟੈਲੀਜੈਂਸ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਸਰਹੱਦ ਪਾਰੋਂ ਹੈਰੋਇਨ ਦੀ ਇਕ ਵੱਡੀ ਖੇਪ ਮਹਿਤਾ ਰੋਡ ਰਾਹੀਂ ਲਿਜਾਈ ਜਾਣ ਵਾਲੀ ਸੀ। ਜਾਣਕਾਰੀ ਦੇ ਆਧਾਰ 'ਤੇ ਸੈਕਟਰ ਇੰਚਾਰਜ ਇੰਦਰਦੀਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਨੇ ਪਿੰਡ ਗਿੱਲ ਨੇੜੇ ਨਾਕਾ ਲਗਾਇਆ ਤੇ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਅਤੇ 25 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਕਾਰ ਸਵਾਰ ਤਿੰਨ ਮੁਲਜ਼ਮਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਜਿਨ੍ਹਾਂ ਦੀ ਪਛਾਣ ਭੁਪਿੰਦਰ ਸਿੰਘ ਉਰਫ਼ ਭਿੰਦਾ ਖਰੋੜ, ਦਸੂਹਾ ਵਾਸੀ ਰਵੀ ਕੁਮਾਰ ਤੇ ਅੰਨਗੜ੍ਹ ਪਿੰਡ (ਅੰਮ੍ਰਿਤਸਰ) ਵਾਸੀ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਭੁਪਿੰਦਰ ਸਿੰਘ ਖ਼ਤਰਨਾਕ ਸੋਨੂੰ ਖੱਤਰੀ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਵਿਰੁੱਧ ਪਹਿਲਾਂ ਹੀ ਨੌਂ ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ’ਚ ਕਤਲ, ਐੱਨਡੀਪੀਐਸ ਐਕਟ ਤੇ ਹੋਰ ਗੰਭੀਰ ਅਪਰਾਧ ਸ਼ਾਮਲ ਹਨ। ਪੁਲਿਸ ਹੁਣ ਉਸ ਦੇ ਅਪਰਾਧਿਕ ਨੈੱਟਵਰਕ ਤੇ ਹੋਰ ਸਾਥੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਤਸਕਰੀ ਨੈੱਟਵਰਕ ਦੇ ਸੰਪਰਕ ’ਚ ਸਨ। ਯੋਜਨਾ ਸਰਹੱਦ ਪਾਰੋਂ ਡ੍ਰੋਨ ਰਾਹੀਂ ਭੇਜੀ ਗਈ ਹੈਰੋਇਨ ਪ੍ਰਾਪਤ ਕਰਨ ਤੇ ਫਿਰ ਇਸ ਨੂੰ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਸਪਲਾਈ ਕਰਨ ਦੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਨੈੱਟਵਰਕ ਵਿਚ ਕਈ ਹੋਰ ਸਥਾਨਕ ਸਾਥੀ ਸ਼ਾਮਲ ਹੋ ਸਕਦੇ ਹਨ। ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜ਼ਬਤ ਕੀਤੀ ਹੈਰੋਇਨ ਦੇ ਸਰੋਤ, ਸਪਲਾਈ ਚੇਨ, ਲੈਣ-ਦੇਣ ਅਤੇ ਅੰਤਰਰਾਸ਼ਟਰੀ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।