- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਲੱਗਾ ਕੈਂਪ

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਹਰ ਇਕ ਮਹਿਲਾ ਨੂੰ ਲਾਹਾ ਦਿੱਤੇ ਜਾਣ ਦੇ ਮੰਤਵ ਨਾਲ ਨਗਰ ਨਿਗਮ ਦੀ ਵਾਰਡ 84 ਸੰਧੂ ਕਲੌਨੀ ਜੀਟੀ ਰੋਡ ਛੇਹਰਟਾ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਵਾਰਡ ਇੰਚਾਰਜ ਕੌਮਾਂਤਰੀ ਸਾਈਕਲਿਸਟ ਤੇ ਸੀਆਈਟੀ ਰੇਲਵੇ (ਰਿਟਾ.) ਬਾਵਾ ਸਿੰਘ ਸੰਧੂ ਭੋਮਾ ਦੀ ਅਗਵਾਈ ਤੇ ਮਿਸਾਲੀ ਪ੍ਰਬੰਧਾਂ ਹੇਠ ਉਨ੍ਹਾਂ ਦੇ ਆਪਣੇ ਘਰ ’ਚ ਲੱਗੇ ਇਸ ਕੈਂਪ ਦਾ ਇਲਾਕੇ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਦੇ ਵੱਲੋਂ ਲਾਹਾ ਲਿਆ ਗਿਆ।
ਇਸ ਮੌਕੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਦਾ ਫਾਇਦਾ ਚੁੱਕਣ ਲਈ ਪ੍ਰਬੰਧਕਾਂ ਵੱਲੋਂ ਫਾਰਮ ਭਰੇ ਗਏ। ਇਸ ਮੌਕੇ ਗੱਲਬਾਤ ਕਰਦੇ ਵਾਰਡ ਇੰਚਾਰਜ ਬਾਵਾ ਸਿੰਘ ਸੰਧੂ ਭੋਮਾ ਨੇ ਕਿਹਾ ਕਿ ਹਲਕਾ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ। ਉਹ ਉਸ ਨੂੰ ਤਨਦੇਹੀ ਦੇ ਨਾਲ ਨਿਭਾਅ ਰਹੇ ਹਨ। ਅੱਜ ਦਾ ਇਹ ਕੈਂਪ ਵੀ ਉਸੇ ਸਿਲਸਿਲੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮਹਿਲਾ ਨੂੰ ਇਸ ਯੋਜਨਾ ਦਾ ਲਾਭ ਮਿਲਣਾ ਉਸ ਦਾ ਹੱਕ ਹੈ। ਜਦੋਂ ਕਿ ਉਨ੍ਹਾਂ ਦੀਆਂ ਦਸਤਾਵੇਜ਼ੀ ਕਾਰਵਾਈਆਂ ਮੁਕੰਮਲ ਕਰਵਾਉਣਾਂ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਚੋਣ ਮਨੋਰਥ ਦੇ ਵਿਚ ਜਿਹੜਾ ਵਾਅਦਾ ਮਹਿਲਾਵਾਂ ਦੇ ਨਾਲ ਕੀਤਾ ਗਿਆ ਸੀ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕਲਿਆਣਕਾਰੀ ਨੀਤੀਆਂ ਤੋਂ ਜਾਣੂ ਕਰਵਾਉਣਾ ਤੇ ਉਸ ਦਾ ਲਾਹਾ ਲੈਣ ਲਈ ਜਨਤਾ ਨੂੰ ਪ੍ਰੇਰਿਤ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਅਤੇ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੋਟਰਾਂ ਦੀ ਮੋਰਚਾਬੰਦੀ ਤੇ ਕਿਲਾਬੰਦੀ ਕਰਨਾ ਸਮੇਂ ਦੀ ਲੋੜ ਅਤੇ ਮੰਗ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਹੁਤ ਸਾਰੀਆਂ ਮਹਿਲਾਵਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਰਕਾਰ ਦੀ ਯੋਜਨਾ ਤੇ ਖੁਸ਼ੀ ਤੇ ਸੰਤੁਸ਼ਟੀ ਦਾ ਇਜ਼ਹਾਰ ਵੀ ਕੀਤਾ। ਅੰਤ ਵਿਚ ਇੰਚਾਰਜ ਬਾਵਾ ਸਿੰਘ ਸੰਧੂ ਭੋਮਾ ਨੇ ਆਈਆਂ ਮਹਿਲਾਵਾਂ ਨੂੰ ਰਸਮੀ ਤੌਰ ਤੇ ਜੀ ਆਇਆ ਨੂੰ ਆਖਦਿਆਂ ਧੰਨਵਾਦ ਕੀਤਾ।