- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ-

-ਕਿਹਾ, ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ਨੂੰ ਜ਼ਿਲ੍ਹਾ ਵਾਸੀ ਦੇਖਣ
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ :
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫ਼ਲਸਫ਼ੇ ਤੇ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਦਸਤਾਵੇਜ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਲਈ 3 ਡਾਕੂਮੈਂਟਰੀ ਵੈਨਾਂ ਨੂੰ ਅੱਜ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ, ਜ਼ਿਲ੍ਹਾ ਸੈਰ ਸਪਾਟਾ ਅਫ਼ਸਰ ਸੁਖਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ, ਡਿਪਟੀ ਡੀਈਓ ਰਾਜੇਸ਼ ਖੰਨਾ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਭਾਈਚਾਰੇ ਦੇ ਨੁਮਾਇੰਦੇ ਜਗਜੀਤ ਸਿੰਘ ਜੈਂਕੀ, ਗੁਰਚਰਨ, ਰਾਮ, ਕੌਂਸਲਰ ਸਤਨਾਮ ਸਿੰਘ ਸਾਬਾ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਫਲਸਫ਼ੇ ਤੇ ਸਿੱਖਿਆਵਾਂ ਤੇ ਅਧਾਰਿਤ ਪਿੰਡਾਂ ਵਿੱਚ ਦਸਤਾਵੇਜ਼ੀ ਫਿਲਮ ਦਿਖਾਉਣ ਲਈ ਵਿਸ਼ੇਸ ਉੱਦਮ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਲਈ ਇਹ ਤਿੰਨ ਵੈਨਾਂ ਅਲਾਟ ਹੋਈਆਂ ਹਨ। ਇਸ ਵੈਨ ’ਤੇ 12 ਫੁੱਟ × 8 ਫੁੱਟ ਦੀ ਵੱਡੀ ਐੱਲਈਡੀ ਸਕਰੀਨ ਲਾਈ ਹੈ ਜਿਸ ਵਿਚ ਇਹ 30 ਮਿੰਟ ਦੀ ਦਸਤਾਵੇਜ਼ੀ ਫਿਲਮ ਸੰਖੇਪ, ਅਰਥਪੂਰਨ ਅਤੇ ਬਹੁਤ ਪ੍ਰਭਾਵਸ਼ਾਲੀ ਹੈ, ਜੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਏਗੀ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪਹਿਲੇ 15 ਦਿਨ ਇਹ ਵੈਨਾਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ, ਬਾਬਾ ਬਕਾਲਾ ਸਾਹਿਬ ਅਤੇ ਅਜਨਾਲਾ ਦੇ ਪਿੰਡਾਂ ਵਿੱਚ ਡਾਕੂਮੈਂਟਰੀ ਫਿਲਮ ਦਿਖਾਉਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਪਿੰਡ ਕਵਰ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤੇ ਸਮਾਜਿਕ ਬਰਾਬਰੀ, ਸਦਭਾਵਨਾ, ਸੱਚ, ਮਿਹਨਤ ਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਇਹ ਡਾਕੂਮੈਂਟਰੀ ਫਿਲਮ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇੱਕ ਵੈਨ ਰੋਜ਼ਾਨਾ ਦੋ ਪਿੰਡ ਕਵਰ ਕਰੇਗੀ ਅਤੇ ਸ਼ਾਮ ਨੂੰ 5:00 ਵਜੇ ਤੋਂ 7:30 ਵਜੇ ਤੱਕ ਦੋ ਵੱਖ-ਵੱਖ ਪਿੰਡਾਂ ਵਿੱਚ ਡਾਕੂਮੈਂਟਰੀ ਫਿਲਮ ਦਿਖਾਈ ਜਾਵੇਗੀ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਡਾਕੂਮੈਂਟਰੀ ਵੈਨ ਦੇ ਪਹੁੰਚਣ ਸਮੇਂ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋ ਕੇ ਇਸ ਵਿਲੱਖਣ ਉਪਰਾਲੇ ਦਾ ਲਾਭ ਉਠਾਉਣ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸਮਾਜ ਸੁਧਾਰ ਲਈ ਦਿੱਤੇ ਅਮੁੱਲੇ ਯੋਗਦਾਨ ਤੋਂ ਪ੍ਰੇਰਨਾ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਆਪਸੀ ਭਾਈਚਾਰੇ, ਸਮਾਨਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੋਣਗੇ।