ਕੰਬੋਜ ਫਾਊਂਡੇਸ਼ਨ ਦੇ ਉੱਚ ਪੱਧਰੀ ਵਫ਼ਦ ਨੇ ਧਾਲੀਵਾਲ ਨੂੰ ਦਿੱਤਾ ਮੰਗ ਪੱਤਰ ਕੰਬੋਜ ਫਾਊਂਡੇਸ਼ਨ ਦੇ ਉੱਚ ਪੱਧਰੀ ਵਫ਼ਦ ਨੇ ਧਾਲੀਵਾਲ ਨੂੰ ਸੌਪਿਆ ਮੰਗ ਪੱਤਰ
Publish Date: Tue, 30 Jun 2026 06:08 PM (IST)
Updated Date: Wed, 01 Jul 2026 04:05 AM (IST)
-ਵਿਧਾਇਕ ਨੇ ਮੁੱਖ ਮੰਤਰੀ ਕੋਲ ਤਰਜੀਹ ਦੇ ਆਧਾਰ ਤੇ ਮਾਮਲਾ ਚੁੱਕਣ ਦਾ ਦਿੱਤਾ ਭਰੋਸਾ ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਕੌਮੀ ਅਣਖ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੰਬੋਜ ਭਾਈਚਾਰੇ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਸੁਭਾਨਪੁਰ ਵਿਖੇ ਇਕ ਨਿਵੇਕਲੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਊਧਮ ਸਿੰਘ ਸ਼ਹੀਦ ਸਕਿੱਲ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਮਹਾਨ ਪ੍ਰੋਜੈਕਟ ਨੂੰ ਕਾਨੂੰਨੀ ਅਮਲ ਵਿਚ ਲਿਆਉਣ ਅਤੇ ਯੂਨੀਵਰਸਿਟੀ ਐਕਟ-2026 ਪਾਸ ਕਰਨ ਲਈ ਸ਼ਹੀਦ ਦੇ ਸ਼ਹਾਦਤ ਦਿਵਸ (31 ਜੁਲਾਈ 2026) ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ਵਿਚ ਕੰਬੋਜ ਫਾਊਂਡੇਸ਼ਨ ਦੇ ਚੇਅਰਮੈਨ ਡਾ. ਮੰਗਲ ਸਿੰਘ ਕਿਸ਼ਨਪੁਰੀ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਵਫ਼ਦ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਮੰਗ ਪੱਤਰ ਸੌਂਪਿਆ। ਧਾਲੀਵਾਲ ਵਫ਼ਦ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਸੁਣਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦਾਂ ਨੂੰ ਬਣਦਾ ਮਾਨ-ਸਤਿਕਾਰ ਦੇਣ ਲਈ ਪਹਿਲਾਂ ਹੀ ਵਚਨਬੱਧ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮਕਰਨ ਕਰਵਾਇਆ ਗਿਆ ਅਤੇ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਸੜਕਾਂ ਦੇ ਨਾਮ ਰੱਖਣ ਸਮੇਤ ਗਜ਼ਟਿਡ ਛੁੱਟੀ ਦਾ ਫੈਸਲਾ ਕੀਤਾ ਗਿਆ ਹੈ, ਉਸੇ ਤਰ੍ਹਾਂ ਇਸ ਯੂਨੀਵਰਸਿਟੀ ਦੇ ਮਾਮਲੇ ਨੂੰ ਵੀ ਉਹ ਮੁੱਖ ਮੰਤਰੀ ਪੰਜਾਬ ਕੋਲ ਬਹੁਤ ਤਰਜੀਹ ਨਾਲ ਉਠਾਉਣਗੇ। ਡਾ. ਕੌੜਾ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਦੱਸਿਆ ਕਿ ਪੰਜਾਬ ਵਿੱਚ ਸਥਾਪਿਤ ਹੋਣ ਜਾ ਰਹੀ ਇਹ ਉਦਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਅਤੇ ਉਦਯਮਤਾ ਯੂਨੀਵਰਸਿਟੀ ਚਾਰ ਵਿਸ਼ਵ ਪ੍ਰਸਿੱਧ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਇੱਕ ਪ੍ਰਮੁੱਖ ਵਿਸ਼ਵ ਪੱਧਰੀ ਆਈਟੀ ਕੰਪਨੀ ਨੇ ਐਂਕਰ ਇੰਡਸਟਰੀ ਪਾਰਟਨਰ ਵਜੋਂ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ ਹੈ, ਜਦਕਿ ਇੱਕ ਹੋਰ ਪ੍ਰਸਿੱਧ ਉਦਯੋਗਿਕ ਸਮੂਹ ਇਸ ਵਿੱਚ ਬਤੌਰ ਇੰਡਸਟਰੀ ਪਾਰਟਨਰ ਆਪਣੀ ਅਹਿਮ ਭੂਮਿਕਾ ਨਿਭਾਏਗਾ। ਇਹ ਸਾਰੀਆਂ ਸੰਸਥਾਵਾਂ 15 ਜੂਨ 2026 ਤੋਂ 15 ਜੁਲਾਈ 2026 ਦੇ ਦਰਮਿਆਨ ਯੂਨੀਵਰਸਿਟੀ ਅਤੇ ਇਸ ਦੀ ਪ੍ਰਮੋਟਰ ਸੰਸਥਾ ਨਾਲ ਰਸਮੀ ਭਾਈਵਾਲੀ ਸਮਝੌਤਿਆਂ ’ਤੇ ਦਸਤਖਤ ਕਰਨਗੀਆਂ, ਜਿਸ ਦੀ ਅਧਿਕਾਰਿਕ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ। 32 ਏਕੜ ਚ ਬਣੇਗਾ ਅਤਿ-ਆਧੁਨਿਕ ਕੈਂਪਸ ਪੰਜਾਬ ਸਰਕਾਰ ਅਤੇ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੁਸਾਇਟੀ ਦੇ ਸਾਂਝੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਰਹੀ ਇਹ ਯੂਨੀਵਰਸਿਟੀ 32 ਏਕੜ ਦੇ ਵਿਸ਼ਾਲ ਕੈਂਪਸ ਵਿੱਚ ਵਿਕਸਤ ਕੀਤੀ ਜਾਵੇਗੀ। ਇਸ ਦੀ ਪ੍ਰਮੋਟਰ ਸੰਸਥਾ ਨੂੰ ਤਕਨੀਕੀ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ 21 ਸਾਲਾਂ ਦਾ ਵਿਸ਼ੇਸ਼ ਅਨੁਭਵ ਹੈ। ਯੂਨੀਵਰਸਿਟੀ ਦਾ ਮੁੱਖ ਉਦੇਸ਼ ਇੱਕ ਵਿਸ਼ਵ-ਪੱਧਰੀ ਸੈਂਟਰ ਆਫ ਐਕਸੀਲੈਂਸ ਵਜੋਂ ਉਭਰਨਾ ਹੈ, ਜੋ ਸਕਿੱਲ ਡਿਵੈਲਪਮੈਂਟ (ਹੁਨਰ ਵਿਕਾਸ), ਉਦਯਮਤਾ, ਨਵੀਨਤਾ ਅਤੇ ਉਦਯੋਗ-ਅਧਾਰਿਤ ਸਿੱਖਿਆ ਨੂੰ ਸਮਰਪਿਤ ਹੋਵੇਗੀ ਤਾਂ ਜੋ ਦੇਸ਼-ਵਿਦੇਸ਼ ਦੇ ਵਿਿਦਆਰਥੀਆਂ, ਖੋਜਕਰਤਾਵਾਂ ਅਤੇ ਰੁਜ਼ਗਾਰਦਾਤਾਵਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕੀਤੇ ਜਾ ਸਕਣ। ਵਿਧਾਇਕ ਧਾਲੀਵਾਲ ਨੂੰ ਮੰਗ ਪੱਤਰ ਸੌਂਪਣ ਮੌਕੇ ਵਫ਼ਦ ਵਿਚ ਡਾ. ਮੰਗਲ ਸਿੰਘ (ਚੇਅਰਮੈਨ, ਕੰਬੋਜ ਫਾਊਂਡੇਸ਼ਨ), ਸਵਿੰਦਰ ਸਿੰਘ ਚੰਡੀ (ਕਾਰਜਕਾਰੀ ਮੈਂਬਰ), ਚਾਚਾ ਅਮਰ ਸਿੰਘ (ਸਾਬਕਾ ਮੈਂਬਰ), ਪਰਲਾਦ ਸਿੰਘ, ਭੁਪਿੰਦਰ ਸਿੰਘ (ਸਾਬਕਾ ਮੈਂਬਰ), ਐਮਸੀ ਮਨਦੀਪ ਸਿੰਘ ਧੋਤ, ਅਮਰ ਸਿੰਘ, ਅਰਸ਼ਦੀਪ ਸਿੰਘ (ਜੁਆਇੰਟ ਕੈਸ਼ੀਅਰ) ਸਮੇਤ ਕੰਬੋਜ ਫਾਊਂਡੇਸ਼ਨ ਦੇ ਹੋਰ ਕਈ ਸੀਨੀਅਰ ਆਗੂ ਅਤੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।