- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਲੀਵਾਲ ਨੇ ਪੈਟਰੋਲ ਪੰਪਾਂ 'ਤੇ ਛਾਪਾਮਾਰੀ ਕਰਕੇ ਲਏ ਇਥੋਨੋਲ ਯੁਕਤ ਪੈਟਰੋਲ ਦੇ ਨਮੂਨੇ

-ਕਿਹਾ, ਇਥੋਨੋਲ ਯੁਕਤ ਪੈਟਰੋਲ ਨਾਲ ਹੋ ਰਹੀ ਖ਼ਰਾਬੀ ਕਾਰਨ ਵਾਹਨ ਚਾਲਕ ਪਰੇਸ਼ਾਨ
ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਤੇ ਤੋਲ ਤੇ ਮਾਪ ਇੰਸਪੈਕਟਰ ਗਗਨਦੀਪ ਸਿੰਘ ਆਦਿ ਵਿਭਾਗੀ ਅਧਿਕਾਰੀਆਂ ਦੀ ਟੀਮ ਨਾਲ ਪੈਟਰੋਲ ’ਚ ਪਾਈ ਜਾਂਦੀ ਇਥੋਨੈਲ ਦੀ ਮਿਕਦਾਰ ਦੀ ਪੜਤਾਲ ਕਰਨ ਲਈ ਅਜਨਾਲਾ ਖੇਤਰ ਦੇ ਵੱਖ-ਵੱਖ ਪੈਟਰੋਲ ਪੰਪਾਂ ਦੀ ਚੈਕਿੰਗ ਕੀਤੀ ਗਈ ਅਤੇ ਪੜਤਾਲ ਲਈ ਮੌਕੇ ’ਤੇ ਪੈਟਰੋਲ ਦੇ ਨਮੂਨੇ ਲਏ ਗਏ। ਪੈਟਰੋਲ ’ਚ ਇਥਨੋਲ ਦੀ ਮਿਕਦਾਰ ਸਬੰਧੀ ਅਧਿਕਾਰੀਆਂ ਦੀ ਮੌਜੂਦਗੀ ’ਚ ਸੈਂਪਲ ਲੈਣ ਮੌਕੇ ਧਾਲੀਵਾਲ ਨੇ ਗੱਲਬਾਤ ਦੌਰਾਨ ਪ੍ਰਗਟਾਵਾ ਕੀਤਾ ਕਿ ਪੈਟਰੋਲ ਨਾਲ ਚਲਦੇ ਚਾਰ ਤੇ ਦੁਪਹੀਆ ਵਾਹਨਾਂ ’ਚ ਪੰਪਾਂ 'ਤੇ ਇਥਨੋਲ ਦੀ ਮਿਕਦਾਰ ਵਾਲਾ ਪੈਟਰੋਲ ਪਾਏ ਜਾਣ ਦੇ ਨਤੀਜੇ ਵਜੋਂ ਇਨ੍ਹਾਂ ਵਾਹਨਾਂ ’ਚ ਕਥਿਤ ਤੌਰ 'ਤੇ ਭਾਰੀ ਖ਼ਰਾਬੀ ਪੈਦਾ ਹੋਣ ਕਾਰਣ ਵਾਹਨ ਮਾਲਕਾਂ ’ਚ ਹਾਹਾਕਾਰ ਮਚਣ ਤੇ ਇਸ ਬਾਬਤ ਸ਼ਿਕਾਇਤਾਂ ਆਉਣ ਦੇ ਮੱਦੇਨਜ਼ਰ ਉਨ੍ਹਾਂ (ਧਾਲੀਵਾਲ) ਵੱਲੋਂ ਅਧਿਕਾਰੀਆਂ ਦੀ ਟੀਮ ਨਾਲ ਪੈਟਰੋਲ ਦੇ ਨਮੂਨੇ ਲੈਣ ਲਈ ਛਾਪਾਮਾਰੀ ਕਰਨ ਵਾਲਾ ਕਦਮ ਚੁੱਕਣਾ ਪਿਆ।
ਧਾਲੀਵਾਲ ਨੇ ਇਥਨੋਲ ਦੀ ਮਿਕਦਾਰ ਵਾਲੇ ਪੈਟਰੋਲ ਦੀ ਵਰਤੋਂ ਨਾਲ ਵਾਹਨਾਂ ਦੇ ਇੰਜਣਾਂ ਸਮੇਤ ਹੋਰ ਚਾਲਕ ਪੁਰਜ਼ਿਆਂ ’ਚ ਪੈ ਰਹੀ ਖ਼ਰਾਬੀ ਕਾਰਣ ਵਾਹਨ ਮਾਲਕਾਂ ਨੂੰ ਪ੍ਰਤੀ ਵਾਹਨ ਪੁੱਜ ਰਹੇ ਹਜ਼ਾਰਾਂ ਰੁਪਏ ਦੇ ਨੁਕਸਾਨ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਵਾਹਨ ਚਾਲਕਾਂ ਨੂੰ ਕਥਿਤ ਤੌਰ 'ਤੇ ਵਿੱਤੀ ਚੂਨਾ ਲਗਾ ਕੇ ਪੈਟਰੋਲੀਅਮ ਦੇ ਅੰਨ੍ਹੇ ਮੁਨਾਫੇ ਵਾਲੀ ਨੀਤੀ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਨੇ ਕੇਂਦਰ ਸਰਕਾਰ ਦੀ ਤਿੱਖੀ ਸ਼ਬਦੀ ਨਾਕਾਬੰਦੀ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਤਰਕ ਨੂੰ ਮੁੱਢੋਂ ਰੱਦ ਕਰ ਦਿੱਤਾ ਜਿਸ ’ਚ ਭਾਰਤ ਦੇ ਮੁਕਾਬਲੇ ਵਿਦੇਸ਼ਾਂ ’ਚ ਸੜਕਾਂ 'ਤੇ ਪੈਟਰੋਲ ’ਚ ਇਥੋਨੋਲ ਦੀ 50 ਫ਼ੀਸਦੀ ਤੋਂ ਵੀ ਵੱਧ ਮਿਕਦਾਰ ਵਾਲੇ ਪੈਟਰੋਲ ਦੀ ਵਰਤੋਂ ਨਾਲ ਤੇਜ਼ ਰਫ਼ਤਾਰ ਵਾਹਨ ਦੌੜਨ ਦੀ ਕੇਂਦਰ ਸਰਕਾਰ ਵਲੋਂ ਵਕਾਲਤ ਕੀਤੀ ਗਈ ਹੈ। ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਬੇਹੂਦਾ ਤਰਕ ਦੇ ਕੇ ਆਪਣੇ ਦੇਸ਼ ਦੇ ਅੱਤ ਦੀ ਮਹਿੰਗਾਈ ਚ ਪਿਸ ਰਹੇ ਮੱਧ ਵਰਗੀ ਤੇ ਛੋਟੇ ਕਾਰੋਬਾਰੀਆਂ, ਮੁਲਾਜ਼ਮਾਂ ਆਦਿ ਵਾਹਨ ਮਾਲਕਾਂ ਦੇ ਹੱਕ ਚ ਖੜ੍ਹਨ ਦੀ ਬਜਾਏ ਪਹਿਲਾਂ ਹੀ ਅੰਨ੍ਹੇ ਮੁਨਾਫ਼ੇ ਕਾਰਨ ਅਮੀਰ ਹੋ ਚੁੱਕੀਆਂ ਪੈਟਰੋਲੀਅਮ ਕੰਪਨੀਆਂ ਨੂੰ ਹੋਰ ਅਮੀਰ ਬਣਾਉਣ ਲਈ ਐਲਾਨੀਆਂ ਤੌਰ ’ਤੇ ਖੁੱਲ੍ਹ ਦੇਣ 'ਤੇ ਉੱਤਰ ਆਈ ਹੈ, ਜਦੋਂ ਕਿ ਕੇਂਦਰ ਸਰਕਾਰ ਦਾ ਵਿਦੇਸ਼ਾਂ ’ਚ ਸੜਕਾਂ ’ਤੇ ਇਥਨੋਲ ਦੀ ਭਾਰੀ ਮਿਕਦਾਰ ਵਾਲੇ ਤੇਲ ਨਾਲ ਤੇਜ਼ ਦੌੜਦੇ ਵਿਦੇਸ਼ੀ ਵਾਹਨਾਂ ਨਾਲ ਤੁਲਨਾਤਮਕ ਇਹ ਐਲਾਨ ਇਸ ਕਰਕੇ ਪੂਰੀ ਤਰ੍ਹਾਂ ਤਰਕਹੀਣ ਹੈ ਕਿਉਂਕਿ ਵਿਦੇਸ਼ੀ ਵਾਹਨਾਂ ਦੀ ਤਕਨੀਕੀ ਬਣਤਰ ਤੇ ਸੜਕਾਂ ਦੇ ਮੁਕਾਬਲੇ ਕੇਂਦਰ ਸਰਕਾਰ ਭਲੀ-ਭਾਂਤ ਜਾਣਦੀ ਹੈ ਕਿ ਆਪਣੇ ਦੇਸ਼ ਦੇ ਵਾਹਨਾਂ ਦੀ ਤਕਨੀਕੀ ਬਣਤਰ ਤੇ ਸੜਕਾਂ ਦੀ ਹਾਲਤ ਕਮਜ਼ੋਰ ਹੈ। ਉਨ੍ਹਾਂ ਨੇ ਇਹ ਵੀ ਇਲਜ਼ਾਮ ਧਰੇ ਕਿ ਕੇਂਦਰੀ ਸਰਕਾਰ ਅਜਿਹੇ ਬੇਤੁਕੇ ਫੈਸਲੇਨੁਮਾ ਐਲਾਨ ਸੁਣਾ ਕੇ ਆਪਣੇ ਹੀ ਇੱਕ ਕੇਂਦਰੀ ਵਜ਼ੀਰ ਦੇ ਇਥਨੋਲ ਵਿਕਰੀ ਦਾ ਦੇਸ਼ ਭਰ ’ਚ ਵਪਾਰ ਚਲਾ ਰਹੇ ਉਸ ਦੇ ਪੁੱਤਰ ਮੋਹ ਨੂੰ ਅੰਨ੍ਹਾ ਮੁਨਾਫ਼ਾ ਪਹੁੰਚਾਉਣ ਲਈ ਲੋਕ ਵਿਰੋਧੀ ਨੀਤੀ ਦੀ ਸੀਮਾ ਨੂੰ ਉਲੰਘਣਾ ਤੋਂ ਵੀ ਨਹੀਂ ਝਿਜਕ ਰਹੀ।
ਵਿਧਾਇਕ ਤੇ ‘ਆਪ’ ਦੇ ਮੁੱਖ ਬੁਲਾਰੇ ਧਾਲੀਵਾਲ ਨੇ ਕੇਂਦਰ ਸਰਕਾਰ 'ਤੇ ਜ਼ੋਰ ਦਿੱਤਾ ਕਿ ਪੈਟਰੋਲੀਅਮ ਕੰਪਨੀਆਂ ਦੇ ਹੱਕ ਚ ਭੁਗਤਣ ਦੀ ਬਜਾਏ ਕੇਂਦਰ ਸਰਕਾਰ ਫੋਰੀ ਤੌਰ ਤੇ ਕੌਮਾਂਤਰੀ ਮੰਡੀ ’ਚ ਘੱਟ ਕੇ ਲਗਭਗ ਪਹਿਲੇ ਭਾਅ ’ਤੇ ਪੁੱਜ ਚੁੱਕੇ ਪ੍ਰਤੀ ਬੈਰਲ ਕੱਚੇ ਤੇਲ ਦੀਆਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਪੈਟਰੋਲ, ਡੀਜ਼ਲ, ਘਰੇਲੂ ਰਸੋਈ ਗੈਸ, ਵਪਾਰਕ ਗੈਸ ਆਦਿ ਤੇਲ ਕੀਮਤਾਂ ਨੂੰ ਘਟਾ ਕੇ ਹੋਰ ਰਾਹਤ ਨਹੀਂ ਤਾਂ, ਘੱਟੋ ਘੱਟ ਪਹਿਲੀਆਂ ਕੀਮਤਾਂ ਹੀ ਬਹਾਲ ਕਰਕੇ ਅੱਤ ਦੀ ਮਹਿੰਗਾਈ ’ਚ ਖਪਤਕਾਰਾਂ ਨੂੰ ਊਠ ਤੋਂ ਛਾਣਨੀ ਲਾਹੁਣ ਜਿਨ੍ਹੀ ਰਾਹਤ ਪਹੁੰਚਾਏ।