- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਜਸਵੰਤ ਸਿੰਘ ਪੁੜੈਣ ਅਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿੱਚ ਹਿੱਸਾ ਲੈਣ ’ਤੇ ਰੋਕ ਲਾਈ ਗਈ ਸੀ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੰਭਾਵਨਾ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੀ ਮੁਲਾਕਾਤ ਪੰਥਕ ਮਸਲਿਆਂ ’ਤੇ ਵਿਚਾਰ-ਵਟਾਂਦਰੇ ਦਾ ਰਾਹ ਖੋਲ੍ਹੇਗੀ ਅਤੇ ਦੋਵਾਂ ਵਿਚਕਾਰ ਨੇੜਤਾ ਵਧ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਪੰਥ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਵੀ ਆਪਣੀ ਰਾਏ ਦੇ ਸਕਦੇ ਹਨ।
ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਜਸਵੰਤ ਸਿੰਘ ਪੁੜੈਣ ਅਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿੱਚ ਹਿੱਸਾ ਲੈਣ ’ਤੇ ਰੋਕ ਲਾਈ ਗਈ ਸੀ। ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਗੜਗੱਜ ਨੂੰ ਤਿੰਨ ਪੰਨਿਆਂ ਦਾ ਪੱਤਰ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੇ ਜਥੇਦਾਰ ਦੀਆਂ ਸੇਵਾਵਾਂ ਨਿਭਾਉਣ ਦੇ ਤਰੀਕਿਆਂ ਬਾਰੇ ਸੁਝਾਅ ਦੇਣ ਦੇ ਨਾਲ ਹੁਣ ਤੱਕ ਹੋਈਆਂ ਗ਼ਲਤੀਆਂ ਵੱਲ ਵੀ ਧਿਆਨ ਦਿਵਾਇਆ ਸੀ। ਪੱਤਰ ਵਿੱਚ ਉਠਾਏ ਸਵਾਲਾਂ ’ਤੇ ਵਿਚਾਰ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਸਕੱਤਰੇਤ ਵਿਖੇ ਸੱਦਿਆ ਜਾ ਸਕਦਾ ਹੈ।
26 ਅਕਤੂਬਰ ਤੋਂ 4 ਨਵੰਬਰ ਤੱਕ ਵਿਦੇਸ਼ ਦੌਰੇ ’ਤੇ ਰਹਿਣਗੇ ਜਥੇਦਾਰ ਗੜਗੱਜ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 26 ਅਕਤੂਬਰ ਤੋਂ 4 ਨਵੰਬਰ ਤੱਕ ਵਿਦੇਸ਼ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਪਹਿਲਾਂ ਚਾਰ ਦਿਨ ਨਾਰਵੇ ਅਤੇ ਫਿਰ ਛੇ ਦਿਨ ਯੂਕੇ ਵਿੱਚ ਰਹਿਣਗੇ। ਦੌਰੇ ਦੌਰਾਨ ਉਹ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਸਥਾਨਕ ਸਿੱਖਾਂ ਤੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਅਤੇ ਕਿਰਪਾਨ ਨਾਲ ਸਬੰਧਤ ਮਸਲੇ ਵੀ ਅਹਿਮ ਰਹਿਣਗੇ।
4 ਨਵੰਬਰ ਤੋਂ ਬਾਅਦ ਹੋ ਸਕਦੀ ਹੈ ਇਕੱਤਰਤਾ
ਵਿਦੇਸ਼ ਦੌਰੇ ਤੋਂ ਪਰਤਣ ਮਗਰੋਂ ਜਥੇਦਾਰ ਗੜਗੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਸਕਦੇ ਹਨ। ਇਹ ਇਕੱਤਰਤਾ 8 ਨਵੰਬਰ ਨੂੰ ਬੰਦੀ ਛੋੜ ਦਿਵਸ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਹੈ।