- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਵਿਚਾਲੇ ਹੁਣ ਮਜੀਠਾ ’ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਵੱਡੇ-ਵੱਡੇ ਹੋਰਡਿੰਗਸ ਲੱਗ ਗਏ ਹਨ। ਹੋਰਡਿੰਗਾਂ ’ਤੇ‘ਗੁਮਸ਼ੁਦਾ ਭਗੋੜੇ ਦੀ ਭਾਲ’ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਪੁਲਿਸ ਮਜੀਠਾ ਥਾਣੇ ’ਤੇ ਹੋਏ ਕਥਿਤ ਹਮਲੇ ਦੇ ਸਬੰਧ ਵਿਚ ਗਿਰੋਹ ਦੇ ਮਾਸਟਰਮਾਈਂਡ ਬਿਕਰਮ ਸਿੰਘ ਮਜੀਠੀਆ ਦੀ ਭਾਲ ਕਰ ਰਹੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣੇ ’ਚੋਂ ਸਮਰਥਕ ਨੂੰ ਜਬਰੀ ਛੁਡਾਉਣ ਦੇ ਯਤਨਾਂ ਦੇ ਮਾਮਲੇ ’ਚ ਪੰਜਾਬ ਪੁਲਿਸ ਦੀਆਂ 12 ਟੀਮਾਂ ਚਾਰ ਦਿਨਾਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਲੱਭ ਸਕੀ। ਇਸੇ ਵਿਚਾਲੇ ਹੁਣ ਮਜੀਠਾ ’ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਵੱਡੇ-ਵੱਡੇ ਹੋਰਡਿੰਗਸ ਲੱਗ ਗਏ ਹਨ। ਹੋਰਡਿੰਗਾਂ ’ਤੇ‘ਗੁਮਸ਼ੁਦਾ ਭਗੋੜੇ ਦੀ ਭਾਲ’ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਪੁਲਿਸ ਮਜੀਠਾ ਥਾਣੇ ’ਤੇ ਹੋਏ ਕਥਿਤ ਹਮਲੇ ਦੇ ਸਬੰਧ ਵਿਚ ਗਿਰੋਹ ਦੇ ਮਾਸਟਰਮਾਈਂਡ ਬਿਕਰਮ ਸਿੰਘ ਮਜੀਠੀਆ ਦੀ ਭਾਲ ਕਰ ਰਹੀ ਹੈ। ਜੇਕਰ ਕਿਸੇ ਨੂੰ ਉਸ ਬਾਰੇ ਕੋਈ ਜਾਣਕਾਰੀ ਹੈ ਤਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਸੂਚਿਤ ਕਰਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਇਹ ਹੋਰਡਿੰਗਸ ਕਿਸ ਨੇ ਲਗਵਾਏ ਹਨ। ਇਸੇ ਵਿਚਾਲੇ ਮਜੀਠੀਆ ਦੀ ਪਤਨੀ ਵਿਧਾਇਕਾ ਗੁਨੀਵ ਕੌਰ ਨੇ ਸਪਸ਼ਟ ਕੀਤਾ ਹੈ ਕਿ ਉਹ ਕਿੱਤੇ ਭੱਜੇ ਨਹੀਂ। ਵਕੀਲਾਂ ਦੇ ਸੰਪਰਕ ’ਚ ਹਨ ਤੇ ਕਾਨੂੰਨੀ ਲੜਾਈ ਲੜਣਗੇ। ਓਧਰ ਇਸ ਮਾਮਲੇ ’ਚ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਨੇ ਪੁਲਿਸ ਨੂੰ 24 ਘੰਟਿਆਂ ਅੰਦਰ ਮਜੀਠੀਆ ਦੇ ਵਕੀਲਾਂ ਨੂੰ ਐੱਫਆਈਆਰ ਦੀ ਕਾਪੀ ਮੁਹਈਆ ਕਰਵਾਉਣ ਦਾ ਹੁਕਮ ਦਿੱਤਾ ਹੈ, ਤਾਂ ਜੋ ਉਹ ਮਾਮਲੇ ’ਚ ਕਾਨੂੰਨੀ ਕਾਰਵਾਈ ਤੇ ਪੈਰਵੀ ਕਰਸਕਣ।
ਮਜੀਠੀਆ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 31 ਮਈ ਨੂੰ ਮਜੀਠਾ ਪੁਲਿਸ ਥਾਣੇ ’ਚ ਵੜ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਬੂਥ ’ਤੇ ਹੰਗਾਮਾ ਕਰਨ ਦੇ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਜਬਰੀ ਛੁਡਾਉਣ ਦਾ ਯਤਨ ਕੀਤਾ ਸੀ। ਇਸ ਮਾਮਲੇ ’ਚ ਮਜੀਠੀਆ ਸਮੇਤ 60 ਤੋਂ ਵੱਧ ਲੋਕਾਂ ’ਤੇ ਐੱਫਆਈਆਰ ਦਰਜ ਹੈ। ਬੀਤੇ ਸੋਮਵਾਰ ਨੂੰ ਮਜੀਠਾ ਖੇਤਰ ’ਚ ਵੀ ਇਸੇ ਤਰ੍ਹਾਂ ਦੇ ਲਾਪਤਾ ਦੇ ਪੋਸਟਰ ਲਾਏ ਗਏ ਸਨ। ਹੁਣ ਵੱਡੇ ਹੋਰਡਿੰਗ ਲਾਏ ਗਏ ਹਨ।
ਹਾਈ ਕੋਰਟ ਨੇ ਦਿੱਤੇ ਜੋਬਨਪ੍ਰੀਤ ਦੀ ਰਿਹਾਈ ਦੇ ਹੁਕਮ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਿਰਾਸਤ ’ਚ ਲਏ ਗਏ ਜੋਬਨਪ੍ਰੀਤ ਸਿੰਘ ਦੇ ਪਿਤਾ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਉਸ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਜਸਟਿਸ ਆਲੋਕ ਜੈਨ ਨੇ ਸਪਸ਼ਟ ਕੀਤਾ ਹੈ ਕਿ ਗ੍ਰਿਫ਼ਤਾਰੀ ਸਮੇਂ ਮੁਲਜ਼ਮ ਨੂੰ ਲਿਖਤੀ ਰੂਪ ’ਚ ਗ੍ਰਿਫ਼ਤਾਰੀ ਦੇ ਆਧਾਰ ਉਪਲਬਧ ਨਹੀਂ ਕਰਵਾਏ ਗਏ, ਜੋ ਸੰਵਿਧਾਨ ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ। ਇਸ ਹਾਲਤ ’ਚ ਕਾਨੂੰਨ ਮੁਤਾਬਕ ਜੋਬਨਪ੍ਰੀਤ ਸਿੰਘ ਨੂੰ ਰਿਹਾਅ ਕੀਤਾ ਜਾਣਾ ਜ਼ਰੂਰੀ ਹੈ। ਪਟੀਸ਼ਨਰ ਮੁਖਵੰਤ ਸਿੰਘ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਗ਼ੈਰ ਸੰਵਿਧਾਨਕ ਤਰੀਕੇ ਨਾਲ ਹਿਰਾਸਤ ’ਚ ਲਿਆ ਗਿਆ ਹੈ। ਜੋਬਨਪ੍ਰੀਤ ਸਿੰਘ ਹੁਣੇ ਜਿਹੇ ਹੋਈਆਂ ਨਗਰ ਨਿਗਮ ਚੋਣਾਂ ’ਚ ਅਕਾਲੀ ਦਲ ਦੇ ਇਕ ਉਮੀਦਵਾਰ ਦਾ ਚੋਣ ਏਜੰਟ ਸੀ। ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਸਿਆਸੀ ਮੁਕਾਬਲੇਬਾਜ਼ੀ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ।