- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਬੇਅਦਬੀ ਹੋਏ ਗੁਟਕਾ ਸਾਹਿਬ ਅਤੇ ਇਸ ਦੇ ਅੰਗਾਂ ਨੂੰ ਥਾਣੇ ਵਿੱਚ ਰੱਖਣ ਦੀ ਬਜਾਏ ਗੁਰੂ ਘਰ ਵਿੱਚ ਸਤਿਕਾਰ ਨਾਲ ਰੱਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਹਾਲੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਬਜ਼ੇ ’ਚ ਲਈ ਕੇਸ ਪ੍ਰਾਪਰਟੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਵਿਚਕਾਰ ਮਤਭੇਦ ਸਾਹਮਣੇ ਆਏ ਹਨ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਬੇਅਦਬੀ ਹੋਏ ਗੁਟਕਾ ਸਾਹਿਬ ਅਤੇ ਇਸ ਦੇ ਅੰਗਾਂ ਨੂੰ ਥਾਣੇ ਵਿੱਚ ਰੱਖਣ ਦੀ ਬਜਾਏ ਗੁਰੂ ਘਰ ਵਿੱਚ ਸਤਿਕਾਰ ਨਾਲ ਰੱਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਹਾਲੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ।
ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਵਾਸੀ ਮਨਦੀਪ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਬੇਅਦਬੀ ਦੇ ਦੋਸ਼ ਵਿੱਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਸਿਮਰਨਜੀਤ ਸਿੰਘ ਦੀ ਸ਼ਿਕਾਇਤ ਮੁਤਾਬਕ ਮੁਲਜ਼ਮ ਨੇ ਗੁਟਕਾ ਸਾਹਿਬ ਦੇ ਅੰਗ ਇੱਕ ਔਰਤ ਦੇ ਸੂਟ ਨਾਲ ਬੰਨ੍ਹ ਦਿੱਤੇ ਸਨ। ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਉਸ ਦੇ ਘਰੋਂ ਗੁਟਕਾ ਸਾਹਿਬ ਵੀ ਬਰਾਮਦ ਕੀਤਾ।
ਇਕ ਦਿਨ ਪਹਿਲਾਂ ਮਿਲਿਆ ਸੀ ਗੁਟਕਾ ਸਾਹਿਬ ਦਾ ਅੰਗ
ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਭਵਨ ਵਿੱਚ ਸੰਗਤ ਲਈ ਵਿਛਾਈ ਚਟਾਈ ਹੇਠੋਂ ਗੁਟਕਾ ਸਾਹਿਬ ਦਾ ਅੰਗ ਮਿਲਣ ਸਬੰਧੀ ਕੋਤਵਾਲੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਜੇ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਬਾਅਦ ਦੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ।
ਸਿਆਲੀ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਬਰਾਮਦ ਗੁਟਕਾ ਸਾਹਿਬ ਅਤੇ ਦੋਵਾਂ ਘਟਨਾਵਾਂ ਨਾਲ ਸਬੰਧਤ ਅੰਗ ਇਕੋ ਗੁਟਕਾ ਸਾਹਿਬ ਨਾਲ ਮੇਲ ਖਾਂਦੇ ਹਨ। ਉਨ੍ਹਾਂ ਸ਼ੱਕ ਜਤਾਇਆ ਕਿ ਦੋਵੇਂ ਘਟਨਾਵਾਂ ਪਿੱਛੇ ਇਕੋ ਵਿਅਕਤੀ ਹੋ ਸਕਦਾ ਹੈ।
ਨਵੇਂ ਕਾਨੂੰਨ ’ਚ ਸੋਧਾਂ ਦੀ ਮੰਗ
ਸਿਆਲੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਬੇਅਦਬੀ ਵਿਰੁੱਧ ਨਵੇਂ ਕਾਨੂੰਨ ਵਿੱਚ ਲੋੜੀਂਦੀਆਂ ਸੋਧਾਂ ਲਈ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਪੋਥੀ ਜਾਂ ਉਸ ਦੇ ਅੰਗਾਂ ਨੂੰ ਸਤਿਕਾਰ ਨਾਲ ਸੰਭਾਲਣ ਲਈ ਗੁਰਦੁਆਰੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ।