- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਮਿਓਪੈਥੀ ਵਿੰਗ ਵਿਚ ਫਿਲਹਾਲ ਇੱਕ ਫਾਰਮਾਸਿਸਟ ਅਤੇ ਇੱਕ ਕਲਰਕ ਦੇ ਸਹਾਰੇ ਕੰਮ ਚਲਾਇਆ ਜਾ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਥੇ ਮੈਡੀਕਲ ਅਫ਼ਸਰ ਮਹੀਨੇ ਵਿਚ ਸਿਰਫ਼ ਤਿੰਨ ਦਿਨ ਹੀ ਓਪੀਡੀ ਵਿਚ ਉਪਲਬਧ ਹੁੰਦਾ ਹੈ। ਇਸ ਮਾੜੀ ਵਿਵਸਥਾ ਕਾਰਨ ਇੱਕ ਮਹੀਨੇ ਵਿੱਚ ਕਰੀਬ 120 ਮਰੀਜ਼ਾਂ ਦੀ ਹੀ ਜਾਂਚ ਸੰਭਵ ਹੋ ਪਾਉਂਦੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਦੇ 23 ਜ਼ਿਲ੍ਹਿਆਂ ’ਚ ਹੋਮਿਓਪੈਥੀ ਡਾਕਟਰੀ ਸੇਵਾਵਾਂ ਲਈ ਮੈਡੀਕਲ ਅਫ਼ਸਰਾਂ ਦੀ ਉਪਲਬਧਤਾ ਹੈਰਾਨੀਜਨਕ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਸਿਰਫ਼ ਦੋ ਹੋਮਿਓਪੈਥੀ ਮੈਡੀਕਲ ਅਫ਼ਸਰ ਹੀ ਹਨ। ਸਰਕਾਰੀ ਪੱਧਰ ’ਤੇ ਹੋ ਰਹੀ ਇਸ ਅਣਦੇਖੀ ਨਾਲ ਇਸ ਡਾਕਟਰੀ ਪ੍ਰਣਾਲੀ ਦੀਆਂ ਸੇਵਾਵਾਂ ਦਾ ਘੇਰਾ ਪ੍ਰਭਾਵਿਤ ਹੋ ਰਿਹਾ ਹੈ। ਇਸ ਦਾ ਸਿੱਧਾ ਅਸਰ ਅੰਮ੍ਰਿਤਸਰ ਸਿਵਲ ਹਸਪਤਾਲ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਸਥਿਤ ਹੋਮਿਓਪੈਥੀ ਵਿੰਗ ਵਿੱਚ ਦਵਾਈਆਂ ਤਾਂ ਪੁੱਜ ਚੁੱਕੀਆਂ ਹਨ, ਪਰ ਸਟਾਫ ਦੀ ਕਮੀ ਕਾਰਨ ਮਰੀਜ਼ਾਂ ਨੂੰ ਨਿਯਮਤ ਤੌਰ ’ਤੇ ਇਲਾਜ ਦੀ ਸਹੂਲਤ ਨਹੀਂ ਮਿਲ ਰਹੀ।
ਹੋਮਿਓਪੈਥੀ ਵਿੰਗ ਵਿਚ ਫਿਲਹਾਲ ਇੱਕ ਫਾਰਮਾਸਿਸਟ ਅਤੇ ਇੱਕ ਕਲਰਕ ਦੇ ਸਹਾਰੇ ਕੰਮ ਚਲਾਇਆ ਜਾ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਥੇ ਮੈਡੀਕਲ ਅਫ਼ਸਰ ਮਹੀਨੇ ਵਿਚ ਸਿਰਫ਼ ਤਿੰਨ ਦਿਨ ਹੀ ਓਪੀਡੀ ਵਿਚ ਉਪਲਬਧ ਹੁੰਦਾ ਹੈ। ਇਸ ਮਾੜੀ ਵਿਵਸਥਾ ਕਾਰਨ ਇੱਕ ਮਹੀਨੇ ਵਿੱਚ ਕਰੀਬ 120 ਮਰੀਜ਼ਾਂ ਦੀ ਹੀ ਜਾਂਚ ਸੰਭਵ ਹੋ ਪਾਉਂਦੀ ਹੈ। ਹੋਮਿਓਪੈਥੀ ਵਿੰਗ ਵਿੱਚ ਦਵਾਈਆਂ ਉਪਲਬਧ ਹੋਣ ਦੇ ਬਾਵਜੂਦ ਮੈਡੀਕਲ ਅਫਸਰ ਦੀ ਨਿਯਮਤ ਤਾਇਨਾਤੀ ਨਾ ਹੋਣਾ ਸਿਹਤ ਸੇਵਾਵਾਂ ’ਤੇ ਸਵਾਲ ਖੜ੍ਹੇ ਕਰਦਾ ਹੈ। ਮੈਡੀਕਲ ਅਫਸਰ ਦੀ ਗੈਰ-ਹਾਜ਼ਰੀ ਵਿੱਚ ਫਾਰਮਾਸਿਸਟ ਦੀ ਭੂਮਿਕਾ ਵੀ ਸੀਮਤ ਰਹਿ ਜਾਂਦੀ ਹੈ, ਕਿਉਂਕਿ ਮਰੀਜ਼ਾਂ ਦੀ ਜਾਂਚ ਅਤੇ ਦਵਾਈ ਤਜਵੀਜ਼ ਕਰਨ ਦਾ ਕੰਮ ਡਾਕਟਰ ਵੱਲੋਂ ਹੀ ਕੀਤਾ ਜਾਂਦਾ ਹੈ। ਹੋਮਿਓਪੈਥੀ ਵਿੰਗ ਵਿਚ ਕੰਮ ਕਰ ਰਹੇ ਕਲਰਕ ਅਸ਼ਵਿਨ ਨੇ ਦੱਸਿਆ ਕਿ ਸਟਾਫ ਦੀ ਕਮੀ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਡੀਕਲ ਅਫਸਰ ਹੋਮਿਓਪੈਥੀ ਵਿੰਗ ਦਾ ਜ਼ਿਲ੍ਹਾ ਇੰਚਾਰਜ ਵੀ ਕਹਾਇਆ ਜਾਂਦਾ ਹੈ।
ਵਿਵਸਥਾ ’ਤੇ ਕਈ ਸਵਾਲ ਖੜ੍ਹੇ ਕਰਦੀ ਹੈ ਤਰਸਯੋਗ ਸਥਿਤੀ
ਸਿਹਤ ਸੇਵਾਵਾਂ ਦੇ ਵਿਸਥਾਰ ਤੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਬਦਲਵੀਂ ਚਿਕਿਤਸਾ ਪ੍ਰਣਾਲੀ ਦਾ ਲਾਭ ਦੇਣ ਦੇ ਦਾਅਵਿਆਂ ਵਿਚਕਾਰ ਹੋਮਿਓਪੈਥੀ ਵਿੰਗ ਦੀ ਇਹ ਤਰਸਯੋਗ ਸਥਿਤੀ ਵਿਵਸਥਾ ’ਤੇ ਸਵਾਲ ਖੜ੍ਹੇ ਕਰਦੀ ਹੈ। ਸਿਰਫ਼ ਦਵਾਈਆਂ ਉਪਲਬਧ ਕਰਵਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਨ੍ਹਾਂ ਦੇ ਨਾਲ-ਨਾਲ ਯੋਗ ਡਾਕਟਰਾਂ ਤੇ ਲੋੜੀਂਦੇ ਸਟਾਫ ਦੀ ਨਿਯਮਤ ਤਾਇਨਾਤੀ ਵੀ ਜ਼ਰੂਰੀ ਹੈ।