- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
22 ਸਾਲ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਬਣਾਇਆ ਜਿਨ੍ਹਾਂ ਨੇ 22 ਸਾਲਾਂ ’ਚ ਲੋਕਾਂ ਨੂੰ ਟਿਊਬਵੈਲ ਕਨੈਕਸ਼ਨ ਦਿੱਤੇ, ਬੰਬੀਆਂ ਦੇ ਬਿੱਲ ਮਾਫ ਹੋਏ, ਟਰੈਕਟਰਾਂ ਦੇ ਟੈਕਸ ਮਾਫ ਹੋਏ, ਗਰੀਬਾਂ ਨੂੰ ਆਟਾ ਦਾਲ, ਸ਼ਗਨ ਸਕੀਮ, ਪੈਨਸ਼ਨਾਂ, ਥਰਮਲ ਪਲਾਂਟ ਬਣੇ, ਡੈਮ ਬਣੇ, ਸੜਕਾਂ, ਯੂਨੀਵਰਸਿਟੀਆਂ, ਕਾਲਜ ਬਣੇ।

ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਸ਼੍ਰੋਮਣੀ ਅਕਾਲੀ ਦਲ ਵਲੋਂ ‘ਸੁਖਬੀਰ ਲਿਆਓ, ਪੰਜਾਬ ਬਚਾਓ’ ਦੇ ਬੈਨਰ ਹੇਠ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਲੜੀ ਤਹਿਤ ਰਈਆ ਦੀ ਤਾਰਾਂ ਵਾਲੀ ਗਰਾਊਂਡ ਵਿਖੇ ਰੈਲੀ ਕੀਤੀ ਗਈ। ਇਸ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪ, ਕਾਂਗਰਸ ਤੇ ਭਾਜਪਾ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਦਿੱਲੀ ਤੋਂ ਚਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀਆਂ ਕਿਉਂਕਿ ਇਨ੍ਹਾਂ ਨੇ ਦਿੱਲੀ ਤੋਂ ਪੁੱਛ ਕੇ ਫੈਸਲੇ ਕਰਨੇ ਹੁੰਦੇ ਹਨ। ਪੰਜਾਬ ਦੇ ਭਲੇ ਦੀ ਗੱਲ ਤੁਹਾਡੀ ਮਾਂ ਪਾਰਟੀ ਅਕਾਲੀ ਦਲ ਹੀ ਕਰ ਸਕਦੀ ਹੈ ਕਿਉਂਕਿ ਇਸ ਦੀ ਲੀਡਰਸ਼ਿਪ ਖ਼ੁਦ ਫੈਸਲੇ ਲੈਣ ਦੇ ਸਮਰੱਥ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਵੱਡੇ ਬਾਦਲ ਸਾਹਿਬ ਪੰਜਾਬ, ਗਰੀਬ, ਕਿਸਾਨ, ਮਜ਼ਦੂਰ, ਵਪਾਰੀ ਪ੍ਰਤੀ ਜੋ ਸੋਚਦੇ ਸਨ, ਉਹ ਮੋਦੀ ਸਾਹਿਬ ਨਹੀਂ ਦੇ ਸਕਦੇ ਅਤੇ ਨਾ ਹੀ ਉਹ ਕੇਜਰੀਵਾਲ ਸੋਚ ਸਕਦਾ ਤੇ ਨਾ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਇਥੇ ਰਾਜ ਕਰਨ ਵਾਸਤੇ ਆਈਆ, ਜਿਵੇਂ ਅੰਗਰੇਜ਼ ਆਏ ਸੀ ਰਾਜ ਕੀਤਾ ਲੁੱਟਿਆ ਤੇ ਨਾਲ ਖਜ਼ਾਨੇ ਲੈ ਗਏ, ਏਹੀ ਕੰਮ ਹੁਣ ਇਨ੍ਹਾਂ ਨੇ ਸ਼ੁਰੂ ਕੀਤਾ ਹੈ। ਜੇ ਆਪਾਂ ਫੈਸਲੇ ਸਹੀ ਨਾ ਕੀਤੇ, ਵਾਰ-ਵਾਰ ਗਲਤੀਆਂ ਕਰਦੇ ਗਏ ਤੇ ਨੁਕਸਾਨ ਤਾਂ ਆਪਣਾ ਹੀ ਹੋਇਆ।
ਸੁਖਬੀਰ ਨੇ ਕਿਹਾ ਕਿ ਪੰਜਾਬੀ ਸੂਬਾ ਬਣੇ ਨੂੰ 60 ਸਾਲ ਹੋ ਗਏ ਹਨ। ਇਨ੍ਹਾਂ 60 ਸਾਲਾਂ ਵਿਚ 25 ਸਾਲ ਦਿੱਲੀ ਵਾਲੀ ਪਾਰਟੀ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ’ਚ ਰੱਖਿਆ। 22 ਸਾਲ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਬਣਾਇਆ ਜਿਨ੍ਹਾਂ ਨੇ 22 ਸਾਲਾਂ ’ਚ ਲੋਕਾਂ ਨੂੰ ਟਿਊਬਵੈਲ ਕਨੈਕਸ਼ਨ ਦਿੱਤੇ, ਬੰਬੀਆਂ ਦੇ ਬਿੱਲ ਮਾਫ ਹੋਏ, ਟਰੈਕਟਰਾਂ ਦੇ ਟੈਕਸ ਮਾਫ ਹੋਏ, ਗਰੀਬਾਂ ਨੂੰ ਆਟਾ ਦਾਲ, ਸ਼ਗਨ ਸਕੀਮ, ਪੈਨਸ਼ਨਾਂ, ਥਰਮਲ ਪਲਾਂਟ ਬਣੇ, ਡੈਮ ਬਣੇ, ਸੜਕਾਂ, ਯੂਨੀਵਰਸਿਟੀਆਂ, ਕਾਲਜ ਬਣੇ।
ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਲਈ, ਭਗਵੰਤ ਮਾਨ ਤੇ ਕੇਜਰੀਵਾਲ ਨੇ ਝੂਠੀਆਂ ਗਰੰਟੀਆਂ ਦਿੱਤੀਆਂ ਤੇ ਪੰਜਾਬੀਆਂ ਨੇ ਇਨ੍ਹਾਂ ਦੀਆਂ ਸਰਕਾਰਾਂ ਬਣਾ ਦਿੱਤੀਆਂ। ਅੱਜ ਪੰਜਾਬ ਵਿਚ ਗੁੰਡਾਗਰਦੀ ਦਾ ਰਾਜ ਹੈ। ਰੋਜ਼ਾਨਾ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ, ਗ੍ਰਨੇਡ ਹਮਲੇ ਵੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਤਖ਼ਤ ਹਜੂਰ ਸਾਹਿਬ ’ਤੇ ਮਹਾਰਾਸ਼ਟਰ ਸਰਕਾਰ, ਤਖਤ ਪਟਨਾ ਸਾਹਿਬ ’ਤੇ ਬਿਹਾਰ ਸਰਕਾਰ, ਦਿੱਲੀ ਕਮੇਟੀ ’ਤੇ ਦਿਲੀ ਸਰਕਾਰ ਅਤੇ ਹਰਿਆਣਾ ਕਮੇਟੀ ’ਤੇ ਹਰਿਆਣਾ ਸਰਕਾਰ ਕਬਜ਼ਾ ਕਰੀ ਬੈਠੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾਵੇ।
ਇਸ ਮੌਕੇ ਬਲਜੀਤ ਸਿੰਘ, ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਰਾਜਾ ਲਦੇਹ ਜ਼ਿਲ੍ਹਾ ਪ੍ਰਧਾਨ ਦਿਹਾਤੀ, ਵੀਰ ਸਿੰਘ ਲੋਪੋਕੇ, ਸੰਦੀਪ ਸਿੰਘ ਏ ਆਰ, ਜਥੇਦਾਰ ਮੋਹਣ ਸਿੰਘ ਕੰਗ ਪ੍ਰਧਾਨ ਬਾਬਾ ਬਕਾਲਾ ਸਾਹਿਬ ਸ਼ਹਿਰੀ, ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੁਲਕਾ, ਰਜਿੰਦਰ ਸਿੰਘ ਬਿੱਲਾ ਵੈਰੋਵਾਲ (ਸਾਰੇ ਸਰਕਲ ਪ੍ਰਧਾਨ), ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਸ਼ੇਰ ਸਿੰਘ, ਪਲਵਿੰਦਰ ਸਿੰਘ ਮੀਆਵਿੰਡ, ਹਰਪ੍ਰੀਤ ਸਿੰਘ ਖਾਲਸਾ ਕੌਂਸਲਰ ਰਈਆ, ਕਿਰਪਾਲ ਸਿੰਘ ਖਾਲਸਾ, ਭਿੰਦਾ ਕੌਂਸਲਰ, ਦਲਜੀਤ ਸਿੰਘ ਟਿੱਕਾ, ਕਸ਼ਮੀਰ ਸਿੰਘ ਗਗੜੇਵਾਲ, ਕੁਲਵੰਤ ਸਿੰਘ ਸਰਪੰਚ ਭਲਾਈਪੁਰ, ਹਰਦੇਵ ਸਿੰਘ ਨਾਗੋਕੇ, ਰਜਿੰਦਰ ਸਿੰਘ ਲਿੱਦੜ, ਬਲਬੀਰ ਸਿੰਘ ਭਲੋਜਲਾ, ਕੁਲਵੰਤ ਸਿੰਘ ਰੰਧਾਵਾ ਕੌਂਸਲਰ, ਪ੍ਰਤਾਪ ਸਿੰਘ ਬਾਬਾ ਬਕਾਲਾ, ਹਰਪ੍ਰੀਤ ਸਿੰਘ ਭਲਵਾਨ ਭਿੰਡਰ, ਜਥੇਦਾਰ ਲੱਖਾ ਸਿੰਘ ਫੌਜੀ ਪੱਡੇ, ਸਰਪੰਚ ਗੁਰਮੁੱਖ ਸਿੰਘ ਦਨਿਆਲ, ਸਾਹਬ ਸਿੰਘ ਝੀਰੀਨੰਗਲ, ਪਰਮਦੀਪ ਸਿੰਘ ਟਕਾਪੁਰ ਸਰਪੰਚ, ਜਸਵੰਤ ਸਿੰਘ ਗਰੋਵਰ ਹਾਜ਼ਰ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸ੍ਰੀ ਸਾਹਿਬ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।