- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੰਬਈ ਦੀਆਂ ਸੰਗਤਾਂ ਵੱਲੋਂ ਸਜਾਵਟ ਦੀ ਸੇਵਾ ਨਿਭਾਈ ਜਾ ਰਹੀ ਹੈ। ਸਜਾਵਟ ਲਈ ਦੇਸ਼-ਵਿਦੇਸ਼ ਤੋਂ ਲਗਪਗ 60 ਕਿਸਮਾਂ ਦੇ ਫੁੱਲ ਮੰਗਵਾਏ ਗਏ ਹਨ, ਜੋ ਪੰਜ ਟਰੱਕਾਂ ਵਿੱਚ ਇੱਥੇ ਪਹੁੰਚੇ ਹਨ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 12 ਸਤੰਬਰ ਨੂੰ ਹੋਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਵਿਸ਼ੇਸ਼ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੰਬਈ ਦੀਆਂ ਸੰਗਤਾਂ ਵੱਲੋਂ ਸਜਾਵਟ ਦੀ ਸੇਵਾ ਨਿਭਾਈ ਜਾ ਰਹੀ ਹੈ। ਸਜਾਵਟ ਲਈ ਦੇਸ਼-ਵਿਦੇਸ਼ ਤੋਂ ਲਗਪਗ 60 ਕਿਸਮਾਂ ਦੇ ਫੁੱਲ ਮੰਗਵਾਏ ਗਏ ਹਨ, ਜੋ ਪੰਜ ਟਰੱਕਾਂ ਵਿੱਚ ਇੱਥੇ ਪਹੁੰਚੇ ਹਨ।
ਫੁੱਲ ਕੋਲਕਾਤਾ, ਕੇਰਲਾ, ਪੁਣੇ, ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਹਿਮਾਚਲ ਸਮੇਤ ਵੱਖ-ਵੱਖ ਸੂਬਿਆਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਹਾਲੈਂਡ, ਨਿਊਜ਼ੀਲੈਂਡ, ਕੀਨੀਆ ਤੇ ਦੱਖਣੀ ਅਫਰੀਕਾ ਆਦਿ ਤੋਂ ਮੰਗਵਾਏ ਗਏ ਹਨ। ਇਨ੍ਹਾਂ ਵਿੱਚ ਗੇਂਦਾ, ਗੁਲਾਬ, ਕਿੰਗ ਪ੍ਰੋਟੀਆ, ਪਿੰਨ ਪ੍ਰੋਟੀਆ, ਐਂਥੂਰੀਅਮ, ਓਰੀਐਂਟਲ ਲਿਲੀ, ਕਾਰਨੇਸ਼ਨ, ਬੇਬੀ ਬ੍ਰੈਥ, ਡੇਜ਼ੀ, ਸੂਰਜਮੁਖੀ, ਗਰਬੇਰਾ ਤੇ ਆਰਚਿਡ ਸਮੇਤ ਕਈ ਕਿਸਮਾਂ ਸ਼ਾਮਲ ਹਨ।
11 ਸਤੰਬਰ ਦੀ ਰਾਤ ਤੱਕ ਮੁਕੰਮਲ ਹੋਵੇਗੀ ਸਜਾਵਟ
ਸੇਵਾ ਨਿਭਾਅ ਰਹੇ ਸਵਿੰਦਰਪਾਲ ਸਿੰਘ ਤੇ ਪ੍ਰਭਲੀਨ ਸਿੰਘ ਨੇ ਦੱਸਿਆ ਕਿ ਵੈਸਟ ਬੰਗਾਲ, ਦਿੱਲੀ ਤੇ ਮੁੰਬਈ ਤੋਂ ਲਗਪਗ 100 ਕਾਰੀਗਰ ਵਿਸ਼ੇਸ਼ ਤੌਰ ’ਤੇ ਪਹੁੰਚੇ ਹਨ। ਕਰੀਬ 250 ਸੰਗਤਾਂ ਵੀ ਵੱਖ-ਵੱਖ ਸ਼ਿਫਟਾਂ ਵਿੱਚ 24 ਘੰਟੇ ਸੇਵਾ ਕਰ ਰਹੀਆਂ ਹਨ। ਸਜਾਵਟ ਦਾ ਕੰਮ 11 ਸਤੰਬਰ ਦੀ ਰਾਤ ਤੱਕ ਮੁਕੰਮਲ ਕਰਨ ਦਾ ਟੀਚਾ ਹੈ।
ਫੁੱਲਾਂ ਨਾਲ ਗੋਲੇ, ਝੂਮਰ ਤੇ ਲੜੀਆਂ ਤਿਆਰ ਕਰਨ ਤੋਂ ਇਲਾਵਾ ਗੁਰਬਾਣੀ ਦੀਆਂ ਪੰਗਤੀਆਂ, ਖੰਡਾ ਤੇ ‘ਇਕ ਓਅੰਕਾਰ’ ਦੀਆਂ ਰੰਗ-ਬਿਰੰਗੀਆਂ ਝਾਲਰਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਹ ਸਜਾਵਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅਤੇ ਪਰਿਕਰਮਾ ਵਿੱਚ ਸਥਿਤ ਇਤਿਹਾਸਕ ਅਸਥਾਨਾਂ ’ਤੇ ਵੀ ਕੀਤੀ ਜਾਵੇਗੀ।