- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ ਵਿਖੇ ਸਥਿਤ ਜੰਮੂ ਅਤੇ ਕਸ਼ਮੀਰ ਰੈਸਟ ਹਾਊਸ ਦੇ ਨਵੀਨੀਕਰਨ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਉਦਘਾਟਨ ਕੀਤਾ। ਇਹ ਉਦਘਾਟਨ ਰਸਮੀ ਤੌਰ 'ਤੇ ਸੀ ਇਸ ਵਿੱਚ ਜੀਐਡਕੇ ਤੇ ਮੁੱਖ ਮੰਤਰੀ ਉਮਰ ਅਬਦੁਲਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ'।

ਸਟਾਫ ਰਿਪੋਰਟਰ, ਅੰਮ੍ਰਿਤਸਰ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੰਮ੍ਰਿਤਸਰ ਦੇ 2-ਕੋਰਟ ਰੋਡ ਸਥਿਤ ਨਵੀਨੀਕਰਨ ਕੀਤੇ ਜੰਮੂ-ਕਸ਼ਮੀਰ ਹਾਊਸ ਦਾ ਉਦਘਾਟਨ ਕੀਤਾ। ਇਸ ਵਿਰਾਸਤੀ ਇਮਾਰਤ ਨੂੰ ਕਰੀਬ 2.30 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤਾ ਗਿਆ ਹੈ। ਨਵੀਨੀਕਰਨ ਦਾ ਕੰਮ ਅਕਤੂਬਰ 2025 ਵਿੱਚ ਸ਼ੁਰੂ ਹੋਇਆ ਸੀ।
ਨਵੇਂ ਹਾਊਸ ਦਾ ਮੁੱਖ ਉਦੇਸ਼ ਜੰਮੂ-ਕਸ਼ਮੀਰ ਤੋਂ ਅੰਮ੍ਰਿਤਸਰ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਫਾਇਤੀ ਤੇ ਆਰਾਮਦਾਇਕ ਰਿਹਾਇਸ਼ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਨੂੰ ਵੀ ਇੱਥੇ ਠਹਿਰਨ ਦੀ ਸਹੂਲਤ ਮਿਲੇਗੀ।
ਅਪਗ੍ਰੇਡ ਕੀਤੀ ਸਹੂਲਤ ਵਿੱਚ ਚਾਰ ਗੈਸਟ ਰੂਮ, ਡ੍ਰੈਸਿੰਗ ਏਰੀਆ, ਵਾਸ਼ਰੂਮ, ਸਾਂਝਾ ਬੈਠਕ ਲਾਊਂਜ, ਡਾਇਨਿੰਗ ਏਰੀਆ ਅਤੇ ਰਸੋਈ ਸ਼ਾਮਲ ਹਨ। ਇਮਾਰਤ ਵਿੱਚ ਸਿਵਲ ਤੇ ਬਿਜਲੀ ਦੇ ਕੰਮਾਂ ਤੋਂ ਇਲਾਵਾ ਅੰਦਰੂਨੀ ਸਜਾਵਟ ਅਤੇ ਬਾਹਰੀ ਵਿਕਾਸ ਵੀ ਕੀਤਾ ਗਿਆ ਹੈ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੇ ਨੇੜੇ ਹੋਣ ਕਾਰਨ ਇਹ ਸਹੂਲਤ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਲਾਹੇਵੰਦ ਰਹੇਗੀ।
ਉਦਘਾਟਨ ਮੌਕੇ ਮੁੱਖ ਮੰਤਰੀ ਨੇ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਫ਼ਾਈ, ਰੱਖ-ਰਖਾਅ ਅਤੇ ਮਹਿਮਾਨਾਂ ਲਈ ਉੱਚ ਪੱਧਰੀ ਪ੍ਰਾਹੁਣਚਾਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਬਾਹਰ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਘਟਾਉਣ ਵਿੱਚ ਇਹ ਹਾਊਸ ਮਦਦਗਾਰ ਹੋਵੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ, ਵਧੀਕ ਮੁੱਖ ਸਕੱਤਰ ਧੀਰਜ ਗੁਪਤਾ, ਰੈਜ਼ੀਡੈਂਟ ਕਮਿਸ਼ਨਰ ਰਮੇਸ਼ ਕੁਮਾਰ, ਸਕੱਤਰ ਹਾਸਪਿਟੈਲਿਟੀ ਐਂਡ ਪ੍ਰੋਟੋਕੋਲ ਅਵਨੀ ਲਵਾਸਾ ਅਤੇ ਵਧੀਕ ਰੈਜ਼ੀਡੈਂਟ ਕਮਿਸ਼ਨਰ ਅਨਿਲ ਸ਼ਰਮਾ ਸਮੇਤ ਜੰਮੂ-ਕਸ਼ਮੀਰ ਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।