- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹੱਲਾ ਗੁਰਦੁਆਰਾ ਭਜਨਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਖੁੱਲ੍ਹੇ ਮੈਦਾਨ ’ਚ ਪਹੁੰਚਿਆ। ਨਿਹੰਗ ਸਿੰਘ ਰਵਾਇਤੀ ਬਾਣਿਆਂ ਅਤੇ ਸ਼ਸਤਰਾਂ ਨਾਲ ਘੋੜਿਆਂ ਤੇ ਹਾਥੀਆਂ ’ਤੇ ਸਵਾਰ ਹੋ ਕੇ ਸ਼ਾਮਲ ਹੋਏ। ਰਸਤੇ ’ਚ ਸੰਗਤਾਂ ਵੱਲੋਂ ਠੰਢੇ-ਮਿੱਠੇ ਜਲ ਅਤੇ ਫਲਾਂ ਦੇ ਲੰਗਰ ਲਗਾਏ ਗਏ। ਮੈਦਾਨ ’ਚ ਨਿਹੰਗ ਸਿੰਘਾਂ ਨੇ ਘੋੜਸਵਾਰੀ, ਨੇਜ਼ੇਬਾਜ਼ੀ ਅਤੇ ਗੱਤਕੇ ਦੇ ਜੰਗਜੂ ਕਰਤੱਬ ਦਿਖਾਏ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਦੁਸਹਿਰੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਪੁਰਾਤਨ ਰਵਾਇਤ ਮੁਤਾਬਕ ਮਹੱਲਾ ਸਜਾਇਆ ਗਿਆ। ਇਸ ਤੋਂ ਪਹਿਲਾਂ ਨਿਹੰਗ ਸਿੰਘ ਦਲਾਂ ਦੀਆਂ ਛਾਉਣੀਆਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਹੋਇਆ। ਕਥਾਵਾਚਕਾਂ, ਢਾਡੀਆਂ ਤੇ ਕਵੀਸ਼ਰਾਂ ਨੇ ਸਿੱਖ ਇਤਿਹਾਸ ਅਤੇ ਦੁਸਹਿਰੇ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਧਾਰਮਿਕ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਮਹੱਲਾ ਗੁਰਦੁਆਰਾ ਭਜਨਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਖੁੱਲ੍ਹੇ ਮੈਦਾਨ ’ਚ ਪਹੁੰਚਿਆ। ਨਿਹੰਗ ਸਿੰਘ ਰਵਾਇਤੀ ਬਾਣਿਆਂ ਅਤੇ ਸ਼ਸਤਰਾਂ ਨਾਲ ਘੋੜਿਆਂ ਤੇ ਹਾਥੀਆਂ ’ਤੇ ਸਵਾਰ ਹੋ ਕੇ ਸ਼ਾਮਲ ਹੋਏ। ਰਸਤੇ ’ਚ ਸੰਗਤਾਂ ਵੱਲੋਂ ਠੰਢੇ-ਮਿੱਠੇ ਜਲ ਅਤੇ ਫਲਾਂ ਦੇ ਲੰਗਰ ਲਗਾਏ ਗਏ। ਮੈਦਾਨ ’ਚ ਨਿਹੰਗ ਸਿੰਘਾਂ ਨੇ ਘੋੜਸਵਾਰੀ, ਨੇਜ਼ੇਬਾਜ਼ੀ ਅਤੇ ਗੱਤਕੇ ਦੇ ਜੰਗਜੂ ਕਰਤੱਬ ਦਿਖਾਏ। ਬੁੱਢਾ ਦਲ ਵੱਲੋਂ ਹਾਥੀਆਂ ਤੇ ਊਠਾਂ ਦਾ ਕਾਫ਼ਲਾ ਵੀ ਸ਼ਾਮਲ ਕੀਤਾ ਗਿਆ।
ਨੀਲੇ ਤੇ ਕੇਸਰੀ ਬਾਣਿਆਂ, ਸੁੰਦਰ ਦੁਮਾਲਿਆਂ ਅਤੇ ਵੱਖ-ਵੱਖ ਸ਼ਸਤਰਾਂ ਨਾਲ ਸਜੇ ਨਿਹੰਗ ਸਿੰਘਾਂ ਨੇ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕੀਤਾ। ਬੈਂਡ ਵਾਜਿਆਂ, ਢੋਲ-ਨਗਾਰਿਆਂ ਅਤੇ ਨਰਸਿੰਘਿਆਂ ਦੀਆਂ ਧੁਨਾਂ ਵਿਚਕਾਰ ਹਜ਼ਾਰਾਂ ਲੋਕਾਂ ਨੇ ਮਹੱਲਾ ਦੇਖਿਆ। ਬਾਅਦ ’ਚ ਘੋੜ ਦੌੜਾਂ ਹੋਈਆਂ, ਜਿਨ੍ਹਾਂ ’ਚ ਨਿਹੰਗ ਸਿੰਘਾਂ ਨੇ ਘੋੜਿਆਂ ’ਤੇ ਖੜ੍ਹੇ ਹੋ ਕੇ ਕਰਤੱਬ ਦਿਖਾਏ ਅਤੇ ਕਿੱਲੇ ਪੁੱਟ ਕੇ ਇਨਾਮ ਹਾਸਲ ਕੀਤੇ।
ਬਾਬਾ ਬਲਬੀਰ ਸਿੰਘ ਨੇ ਦੁਸਹਿਰੇ ਦੀ ਵਧਾਈ ਦਿੰਦਿਆਂ ਮਹੱਲੇ ’ਚ ਸ਼ਾਮਲ ਹੋਏ ਦਲਾਂ ਦੇ ਮੁਖੀਆਂ ਅਤੇ ਦੂਰੋਂ-ਨੇੜਿਓਂ ਪਹੁੰਚੀਆਂ ਨਿਹੰਗ ਸਿੰਘ ਫ਼ੌਜਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਬਾਬਾ ਨਰਿੰਦਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਮੇਜਰ ਸਿੰਘ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਮੌਜੂਦ ਸਨ।