- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਧੀਪ ਸਿੰਘ ਗੜਗੱਜ ਦੀ ਅਗਵਾਈ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਸ ’ਚ ਲੁਧਿਆਣਾ ਦੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਮਾਮਲਾ ਵਿਚਾਰਣ ਮਗਰੋਂ ਉਸ ਨੂੰ ਤਨਖ਼ਾਹੀਆ ਕਰਾਰ ਦੇਣ ਦਾ ਫ਼ੈਸਲਾ ਕੀਤਾ ਗਿਆ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਚ ਜਾਣ ਤੋਂ ਰੋਕੇ ਜਾਣ ਮਗਰੋਂ ਜਾਤੀ ਵਿਤਕਰੇ ਦੇ ਦੋਸ਼ ਲਗਾਉਣ ਵਾਲੇ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀ ਕਰਾਰ ਦੇ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਗਿਆਸਪੁਰਾ ਨੇ ਸਿੱਖ ਸੰਸਥਾਵਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਸਿੱਖ ਕੌਮ ਨੂੰ ਉਸ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖਣ ਦੀ ਨਸੀਹਤ ਦਿੱਤੀ ਦਿੱਤੀ।
ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਧੀਪ ਸਿੰਘ ਗੜਗੱਜ ਦੀ ਅਗਵਾਈ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਸ ’ਚ ਲੁਧਿਆਣਾ ਦੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਮਾਮਲਾ ਵਿਚਾਰਣ ਮਗਰੋਂ ਉਸ ਨੂੰ ਤਨਖ਼ਾਹੀਆ ਕਰਾਰ ਦੇਣ ਦਾ ਫ਼ੈਸਲਾ ਕੀਤਾ ਗਿਆ। ਬਾਅਦ ’ਚ ਜਥੇਦਾਰ ਗਿਆਨੀ ਕੁਲਧੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫ਼ੈਸਲਾ ਸੁਣਾਉੰਦਿਆਂ ਕਿਹਾ ਕਿ 12 ਅਕਤੂਬਰ ਨੂੰ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਧਾਇਕ ਤੇ ਸਿਆਸਤਦਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੰਗ ਪੱਤਰ ਦੇਣ ਆਏ ਸਨ। ਇਸ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਿੱਖ ਸੰਸਥਾਵਾਂ ਬਾਰੇ ਘਟੀਆ ਤੇ ਅਪਮਾਨਜਨਕ ਸ਼ਬਦਾਵਲੀ ਬੋਲਣ ਕਰਕੇ ਜਥੇਦਾਰ ਦੇ ਆਦੇਸ਼ ’ਤੇ ਸਕੱਤਰੇਤ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਹਾਜ਼ਰ ਹੋਏ ਵਿਧਾਇਕਾਂ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ ਪਰ ਗਿਆਸਪੁਰਾ ਨੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ’ਤੇ ਜਾਤੀ ਵਿਤਕਰੇ ਦੇ ਝੂਠੇ ਦੋਸ਼ ਲਗਾਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਘਟੀਆ ਸ਼ਬਦਵਾਲੀ ਵਰਤੀ। ਵਫ਼ਦ ਰੂਪ ’ਚ ਆਏ ਵਿਧਾਇਕਾਂ ਨੇ ਮੰਨਿਆ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਾਣਬੁੱਝ ਕੇ ਜਾਤ ਦਾ ਮੁੱਦਾ ਬਣਾਇਆ, ਜਦਕਿ ਉਸ ਦਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਜਥੇਦਾਰ ਗੜਗੱਜ ਨੇ ਕਿਹਾ ਕਿ ਮਨਵਿੰਦਰ ਸਿੰਘ ਗਿਆਸਪੁਰਾ ਨਿੱਜੀ ਸਿਆਸੀ ਲਾਭ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਸਿਧਾਂਤ ਦੇ ਉਲਟ ਚੱਲਿਆ ਹੈ। ਅੰਮ੍ਰਿਤਧਾਰੀ ਹੋ ਕੇ ਜਾਤ-ਪਾਤ ਅਧਾਰਤ ਝੂਠਾ ਤੇ ਨਫ਼ਰਤ ਫਲਾਉਣ ਦਾ ਬਿਰਤਾਂਤ ਸਿਰਜਿਆ ਹੈ। ਸੱਚ ਦੇ ਤਖ਼ਤ ਤੇ ਮਨੁੱਖਤਾ ਨੂੰ ਕਲਾਵੇ ’ਚ ਲੈਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਕੁਫ਼ਰ ਤੋਲਿਆ ਹੈ। ਇਸ ਦਾ ਗੁਨਾਹ ਬਹੁਤ ਗੰਭੀਰ ਤੇ ਸਿੱਖ ਸਿਧਾਂਤਾਂ ਨੂੰ ਢਾਹ ਲਗਾਉਣ ਵਾਲਾ ਹੈ, ਇਸ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਜਥੇਦਾਰ ਨੇ ਕਿਹਾ ਕਿ ਸਿੱਖ ਇਸ ਨਾਲ ਸਾਂਝ ਰੱਖਣ ਤੋਂ ਗੁਰੇਜ ਕਰਨ।
ਇਸ ਮੌਕੇ ਪੰਜ ਸਿੰਘ ਸਾਹਿਬਾਨ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੰਥੀ ਗਿਆਨੀ ਪਰਵਿੰਦਰਪਾਲ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਗੰਥੀ ਭਾਈ ਗੁਰਬਖਸ਼ੀਸ਼ ਸਿੰਘ ਤੇ ਭਾਈ ਪਰਮਜੀਤ ਸਿੰਘ ਸ਼ਾਮਲ ਸਨ।
ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ/ਕੀਰਤਨ ਕਰਨ ’ਤੇ ਰੋਕ
ਇਕ ਹੋਰ ਫ਼ੈਸਲੇ ’ਚ ਸ੍ਰੀ ਅਕਾਲ ਤਖ਼ਤ ਵੱਲੋਂ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ ਤੇ ਕੀਰਤਨ ਕਰਨ ’ਤੇ ਰੋਕ ਲਗਾ ਦਿੱਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੀਵਨ ਸਿੰਘ ਬਗੀਚੀ ਵਾਲੇ ਆਪੇ ਬਣੇ ਪ੍ਰਚਾਰਕ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ ਸਿੱਖ ਰਵਾਇਤਾਂ, ਸਿੱਖ ਰਹਿਤ ਮਰਿਆਦਾ, ਸਿੱਖ ਇਤਿਹਾਸ ਦੇ ਉਲਟ ਕੀਤੀਆਂ ਜਾ ਰਹੀਆਂ ਵਿਵਾਦਤ ਟਿੱਪਣੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਦੇਣ ਦੇ ਮਸਲੇ ’ਤੇ ਵੀ ਸਿੰਘ ਸਾਹਿਬਾਨ ਨੇ ਵਿਚਾਰ ਕੀਤਾ ਹੈ। ਜੀਵਨ ਸਿੰਘ ਬਗੀਚੀ ਵਾਲੇ ਨੂੰ ਗੁਰਬਾਣੀ ਸਿੱਖ ਇਤਿਹਾਸ, ਸਿੱਖ ਰਵਾਇਤਾਂ, ਸਿੱਖ ਰਹਿਤ ਮਰਿਆਦਾ ਤੇ ਗੁਰਮਤਿ ਆਸ਼ੇ ਅਨੁਸਾਰ ਸੋਝੀ ਨਹੀਂ ਹੈ। ਇਸ ਲਈ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ/ਕੀਰਤਨ ਕਰਨ ’ਤੇ ਰੋਕ ਲਗਾਈ ਜਾਂਦੀ ਹੈ।