- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਲੜਕੀ ਯਮੁਨਾਨਗਰ ਦੇ ਇਕ ਮਦਰੱਸੇ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਤੋਂ ਆਪਣੀ ਮਾਂ ਦਾ ਮੋਬਾਈਲ ਫੋਨ ਟੁੱਟ ਗਿਆ ਸੀ। ਇਸ ਕਾਰਨ ਮਾਂ ਦੀ ਝਿੜਕ ਅਤੇ ਕੁੱਟਮਾਰ ਦੇ ਡਰੋਂ ਉਹ ਘਰੋਂ 10 ਹਜ਼ਾਰ ਰੁਪਏ ਲੈ ਕੇ ਅੰਬਾਲਾ ਦੇ ਰਸਤੇ ਅੰਮ੍ਰਿਤਸਰ ਆ ਗਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਹਰਿਆਣਾ ਦੇ ਯਮੁਨਾਨਗਰ ਦੀ 15 ਸਾਲਾ ਲੜਕੀ ਮਾਂ ਦਾ ਮੋਬਾਈਲ ਟੁੱਟਣ ’ਤੇ ਝਿੜਕ ਅਤੇ ਕੁੱਟਮਾਰ ਦੇ ਡਰੋਂ ਘਰੋਂ 10 ਹਜ਼ਾਰ ਰੁਪਏ ਲੈ ਕੇ ਅੰਮ੍ਰਿਤਸਰ ਆ ਗਈ। ਇੱਥੇ ਇਕ ਨੌਜਵਾਨ ਨੇ ਉਸ ਨੂੰ ਹੋਟਲ ਵਿਚ ਕਮਰਾ ਦਿਵਾਇਆ, ਪਰ ਬਾਅਦ ਵਿਚ ਉਸ ਦਾ ਮੋਬਾਈਲ ਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ। ਗਲਿਆਰਾ ਪੁਲਿਸ ਚੌਂਕੀ ਨੇ ਨੌਜਵਾਨ ਨੂੰ ਕਾਬੂ ਕਰ ਕੇ ਲੜਕੀ ਦਾ ਮੋਬਾਈਲ ਤੇ ਨਕਦੀ ਬਰਾਮਦ ਕਰ ਲਈ।
ਜਾਣਕਾਰੀ ਅਨੁਸਾਰ ਲੜਕੀ ਯਮੁਨਾਨਗਰ ਦੇ ਇਕ ਮਦਰੱਸੇ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਤੋਂ ਆਪਣੀ ਮਾਂ ਦਾ ਮੋਬਾਈਲ ਫੋਨ ਟੁੱਟ ਗਿਆ ਸੀ। ਇਸ ਕਾਰਨ ਮਾਂ ਦੀ ਝਿੜਕ ਅਤੇ ਕੁੱਟਮਾਰ ਦੇ ਡਰੋਂ ਉਹ ਘਰੋਂ 10 ਹਜ਼ਾਰ ਰੁਪਏ ਲੈ ਕੇ ਅੰਬਾਲਾ ਦੇ ਰਸਤੇ ਅੰਮ੍ਰਿਤਸਰ ਆ ਗਈ। ਉਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਮਾਂ ਇਕ ਫੈਕਟਰੀ ਵਿਚ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਇਹ ਪਰਿਵਾਰ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ।
ਅੰਮ੍ਰਿਤਸਰ ਪਹੁੰਚਣ ’ਤੇ ਲੜਕੀ ਦੀ ਮੁਲਾਕਾਤ ਇਕ ਨੌਜਵਾਨ ਨਾਲ ਹੋਈ, ਜਿਸ ਨੇ ਉਸ ਨੂੰ 600 ਰੁਪਏ ਰੋਜ਼ਾਨਾ ਦੇ ਕਿਰਾਏ ’ਤੇ ਹੋਟਲ ਵਿਚ ਕਮਰਾ ਦਿਵਾਇਆ। ਕੁਝ ਸਮੇਂ ਬਾਅਦ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਬਾਹਰ ਨਿਕਲੀ ਤਾਂ ਨੌਜਵਾਨ ਉਸ ਦਾ ਮੋਬਾਈਲ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਗਲਿਆਰਾ ਪੁਲਿਸ ਚੌਂਕੀ ਨੇ ਉਸ ਨੂੰ ਕਾਬੂ ਕਰ ਲਿਆ।
ਬਾਲ ਕਲਿਆਣ ਕਮੇਟੀ ਦੇ ਪ੍ਰੀਜ਼ਾਈਡਿੰਗ ਮੈਂਬਰ ਐੱਮਕੇ ਸ਼ਰਮਾ ਨੇ ਦੱਸਿਆ ਕਿ ਲੜਕੀ ਵੱਲੋਂ ਦਿੱਤੇ ਪਤੇ ਦੇ ਆਧਾਰ ’ਤੇ ਯਮੁਨਾਨਗਰ ਵਿਚ ਉਸ ਦੀ ਮਾਂ ਨਾਲ ਸੰਪਰਕ ਕੀਤਾ ਗਿਆ। ਮਾਂ ਨੂੰ ਅੰਮ੍ਰਿਤਸਰ ਬੁਲਾ ਕੇ ਜ਼ਰੂਰੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਲੜਕੀ ਉਸ ਦੇ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨ ਤੋਂ ਲੜਕੀ ਦਾ ਮੋਬਾਈਲ ਫੋਨ ਅਤੇ ਨਕਦੀ ਵੀ ਬਰਾਮਦ ਕਰ ਲਈ ਗਈ ਹੈ।