- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲੇਰ ਮਾਂਗਟ ਵਿਖੇ ਸ਼ਹੀਦਾਂ ਦੀ ਯਾਦ ’ਚ ਸਾਲਾਨਾ ਜੋੜ ਮੇਲਾ ਮਨਾਇਆ

-ਕਲੇਰ ਮਾਂਗਟ ਵਿਖੇ ਸ਼ਹੀਦਾਂ ਦੀ ਯਾਦ ’ਚ ਮਨਾਇਆ ਸਾਲਾਨਾ ਜੋੜ ਮੇਲਾ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ :
ਮਜੀਠਾ ਹਲਕੇ ਦੇ ਪਿੰਡ ਕਲੇਰ ਮਾਂਗਟ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਬੇਰੀਵਾਲਾ ਵਿਖੇ ਸ਼ਹੀਦ ਸੰਤ ਬਾਬਾ ਨਿਧਾਨ ਸਿੰਘ ਅਤੇ ਸ਼ਹੀਦ ਸੰਤ ਬਾਬਾ ਦੀਵਾਨ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿੱਥੇ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀ ਆਰੰਭਤਾ ਲੜੀਵਾਰ ਰੱਖੇ ਗਏ ਅੱਠ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਹੋਈ। ਭੋਗ ਤੋਂ ਬਾਅਦ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਥ ਦੇ ਨਾਮਵਰ ਕੀਰਤਨੀਏ, ਕਥਾਵਾਚਕ, ਕਵੀਸ਼ਰ ਅਤੇ ਢਾਡੀ ਜੱਥਿਆਂ ਨੇ ਹਾਜ਼ਰੀ ਭਰੀ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਨੇ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਉਨ੍ਹਾਂ ਤੋਂ ਇਲਾਵਾ ਗੁਰਦੁਆਰਾ ਰੇਰੂ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ, ਪ੍ਰਸਿੱਧ ਕਵੀਸ਼ਰੀ ਜਥੇ ਭਾਈ ਲਖਬੀਰ ਸਿੰਘ ਤੇੜੀ, ਭਾਈ ਰਣਜੀਤ ਸਿੰਘ ਨੰਗਲ ਪੰਨਵਾਂ, ਬਾਪੂ ਹਰਬੰਸ ਸਿੰਘ ਮੌਜੀ, ਭਾਈ ਅਮਰਜੀਤ ਸਿੰਘ, ਭਾਈ ਲਖਵਿੰਦਰ ਸਿੰਘ ਕੋਮਲ ਦਾਦੂਪੁਰਾ ਅਤੇ ਧਾਰਮਿਕ ਗਾਇਕ ਭਾਈ ਤਸਬੀਰ ਸਿੰਘ ਤੁਲਸੀ ਨੇ ਸਿੱਖ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਗੁਰਮਤਿ ਵਿਚਾਰਾਂ ਨੂੰ ਆਪਣੀ ਸੁਰੀਲੀ ਅਵਾਜ਼ ਰਾਹੀਂ ਸੰਗਤਾਂ ਤੱਕ ਪਹੁੰਚਾਇਆ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਾਰੇ ਪੁੱਜੇ ਰਾਗੀ-ਢਾਡੀ ਜਥਿਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਨੌਜਵਾਨ ਸਭਾ ਕਲੇਰ ਮਾਂਗਟ ਵੱਲੋਂ ਵਿਸ਼ੇਸ਼ ਤੌਰ 'ਤੇ ਚਾਹ-ਪਕੌੜਿਆਂ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਪਿੰਡ ਨੂੰ ਆਉਂਦੇ ਸਾਰੇ ਰਸਤਿਆਂ 'ਤੇ ਵੀ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਛਬੀਲਾਂ ਅਤੇ ਲੰਗਰ ਲਗਾ ਕੇ ਆਉਣ ਵਾਲੀ ਸੰਗਤ ਦੀ ਸੇਵਾ ਕੀਤੀ ਗਈ, ਜਿਸ ਨਾਲ ਸਾਰਾ ਇਲਾਕਾ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਧਾਰਮਿਕ ਜੋੜ ਮੇਲੇ ਵਿੱਚ ਇਲਾਕੇ ਦੀਆਂ ਸਿਆਸੀ, ਧਾਰਮਿਕ ਅਤੇ ਸਮਾਜਸੇਵੀ ਸ਼ਖਸੀਅਤਾਂ ਨੇ ਵੀ ਗੁਰੂ ਘਰ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕ ਸੇਵਾਦਾਰਾਂ ਵੱਲੋਂ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ। ਸਮੁੱਚੇ ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਜਗਤਾਰ ਸਿੰਘ ਭੁੱਲਰ ਵੱਲੋਂ ਨਿਭਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ, ਪ੍ਰਬੰਧਕ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।