- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਮਣੇ ਆਇਆ ਹੈ ਕਿ ਵਿਦੇਸ਼ੀ ਹੈਂਡਲਰ ਨੇ ਉਸ ਨੂੰ ਟੀਚਾ ਦਿੱਤਾ ਸੀ ਕਿ ਉਹ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਇੱਕ ਵੱਡੀ ਟੀਮ ਨੂੰ ਸਰਗਰਮ ਕਰੇ ਜੋ ਉਸ ਦੇ ਇਕ ਇਸ਼ਾਰੇ 'ਤੇ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਚੁੱਕ ਕੇ ਸੁਰੱਖਿਅਤ ਆਪਣੇ ਕੋਲ ਰੱਖ ਲਵੇ। ਇਸ ਟੀਮ ਵਿਚ ਵੱਧ ਤੋਂ ਵੱਧ ਨਾਬਾਲਗਾਂ ਨੂੰ ਭਰਤੀ ਕਰਵਾਉਣ ਬਦਲੇ ਮੋਟੀ ਰਕਮ ਦੀ ਗੱਲ ਵੀ ਸਾਹਮਣੇ ਆਈ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ 'ਤੇ ਹਥਿਆਰ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਰੰਜਨ ਚੌਹਾਨ ਨੂੰ ਵਿਦੇਸ਼ੀ ਹੈਂਡਲਰ ਨੇ ਲਾਲਚ ਦਿੱਤਾ ਸੀ ਕਿ ਉਹ ਉਸ ਨੂੰ ਜਲਦੀ ਅਮਰੀਕਾ ਵਿਚ ਸੈਟਲ ਕਰਵਾ ਦੇਵੇਗਾ। ਕਿਉਂਕਿ ਹਥਿਆਰਾਂ ਅਤੇ ਹੈਰੋਇਨ ਨੂੰ ਟਿਕਾਣੇ ਲਾਉਣ ਨੂੰ ਲੈ ਕੇ ਰੰਜਨ ਦੀ ਰਫ਼ਤਾਰ ਹੋਰ ਤਸਕਰਾਂ ਦੇ ਮੁਕਾਬਲੇ ਕਾਫੀ ਤੇਜ਼ ਸੀ। ਰੰਜਨ ਨੂੰ ਕੋਰਟ ਨੇ ਦੋ ਦਿਨ ਦੇ ਪੁਲਿਸ ਰਿਮਾਂਡ ਵਿਚ ਭੇਜਿਆ ਹੈ। ਪੁੱਛਗਿੱਛ ਵਿਚ ਦੋਸ਼ੀ ਨੇ ਕਈ ਭੇਤ ਖੋਲ੍ਹੇ ਹਨ।
ਪਤਾ ਲੱਗਾ ਹੈ ਕਿ ਸੋਮਵਾਰ ਨੂੰ ਵੀ ਮੁਲਜਮ ਤੋਂ ਜੇਆਈਸੀ (ਜੁਆਇੰਟ ਇੰਟੈਰੋਗੇਸ਼ਨ ਸੈਂਟਰ) ਵਿਚ ਪੁੱਛਗਿੱਛ ਹੁੰਦੀ ਰਹੀ। ਮੁਲਜ਼ਮ ਦੇ ਕਬਜ਼ੇ ਵਿਚੋਂ ਮਿਲੇ ਮੋਬਾਈਲ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ। ਪੁਲਿਸ ਦੇ ਇਕ ਵੱਡੇ ਅਫਸਰ ਨੇ ਦੱਸਿਆ ਕਿ ਰੰਜਨ ਦੇ ਗਿਰੋਹ ਵਿਚ ਵੀਹ ਤੋਂ ਵੱਧ ਮੈਂਬਰ ਸਰਗਰਮ ਸਨ, ਪਰ ਉਸ ਦੀ ਗ੍ਰਿਫ਼ਤਾਰੀ ਦਾ ਖੁਲਾਸਾ ਹੁੰਦੇ ਹੀ ਸਾਰੇ ਭੂਮੀਗਤ ਹੋ ਚੁੱਕੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਹੈਂਡਲਰ ਨੇ ਉਸ ਨੂੰ ਟੀਚਾ ਦਿੱਤਾ ਸੀ ਕਿ ਉਹ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਇੱਕ ਵੱਡੀ ਟੀਮ ਨੂੰ ਸਰਗਰਮ ਕਰੇ ਜੋ ਉਸ ਦੇ ਇਕ ਇਸ਼ਾਰੇ 'ਤੇ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਚੁੱਕ ਕੇ ਸੁਰੱਖਿਅਤ ਆਪਣੇ ਕੋਲ ਰੱਖ ਲਵੇ। ਇਸ ਟੀਮ ਵਿਚ ਵੱਧ ਤੋਂ ਵੱਧ ਨਾਬਾਲਗਾਂ ਨੂੰ ਭਰਤੀ ਕਰਵਾਉਣ ਬਦਲੇ ਮੋਟੀ ਰਕਮ ਦੀ ਗੱਲ ਵੀ ਸਾਹਮਣੇ ਆਈ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੱਤ ਸਤੰਬਰ ਨੂੰ ਫੜੇ ਗਏ ਦੀਪਕ ਸਿੰਘ ਅਤੇ ਸ਼ੁਭਮ ਸਿੰਘ ਇਸ ਗਿਰੋਹ ਵਿਚ ਰੰਜਨ ਚੌਹਾਨ ਦੇ ਸਭ ਤੋਂ ਤੇਜ਼ ਅਤੇ ਸ਼ਾਤਰ ਗੁਰਗੇ ਸਨ। ਦੀਪਕ ਤਾਂ ਇੱਥੋਂ ਤੱਕ ਭੇਤ ਖੋਲ੍ਹ ਚੁੱਕਾ ਹੈ ਕਿ ਉਹ ਹਫ਼ਤੇ ਵਿਚ ਦੋ ਤੋਂ ਤਿੰਨ ਵਾਰ ਸਰਹੱਦ ਤੋਂ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਚੁੱਕਣ ਜਾਂਦਾ ਸੀ। ਦੀਪਕ ਅਤੇ ਸ਼ੁਭਮ ਨੂੰ ਪੰਦਰਾਂ ਪਿਸਤੌਲ ਅਤੇ ਪੰਜ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ।
---
ਭੁਗਤਾਨ ਨੂੰ ਲੈ ਕੇ ਕਾਰੋਬਾਰੀਆਂ ਨਾਲ ਜੁੜ ਰਹੇ ਤਾਰ
ਜਾਂਚ ਵਿਚ ਪਤਾ ਲੱਗਾ ਹੈ ਕਿ ਦੀਪਕ ਅਤੇ ਸ਼ੁਭਮ ਕਈ ਵਾਰ ਖੇਪ ਟਿਕਾਣੇ ਲਗਾ ਚੁੱਕੇ ਹਨ। ਉਨ੍ਹਾਂ ਨੂੰ ਇਸ ਬਦਲੇ ਭੁਗਤਾਨ ਵੀ ਕੀਤੇ ਜਾ ਚੁੱਕੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਕੁਝ ਭੁਗਤਾਨ ਪੁਰਾਣੇ ਕਾਰੋਬਾਰੀਆਂ ਰਾਹੀਂ ਹਵਾਲਾ ਸਿਸਟਮ ਤੋਂ ਕਰਵਾਏ ਗਏ ਹਨ। ਅਜੇ ਪੁਲਿਸ ਰੰਜਨ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਆਪਣੇ ਗੁਰਗਿਆਂ ਨੂੰ ਕਿਸ ਤਰੀਕੇ ਨਾਲ ਭੁਗਤਾਨ ਕਰਵਾ ਰਿਹਾ ਸੀ।