ਅੱਧੀ ਰਾਤ ਨੂੰ ਗੁੰਡਾਗਰਦੀ: ਨਕਾਬਪੋਸ਼ਾਂ ਨੇ ਘਰ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਵਾਲ-ਵਾਲ ਬਚਿਆ ਪਰਿਵਾਰ
ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਮੱਤੇਵਾਲ ਦੇ ਐਸ.ਐਚ.ਓ ਅਵਤਾਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਗੋਲੀਬਾਰੀ ਦੇ ਅਸਲ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ।
Publish Date: Wed, 01 Apr 2026 02:11 PM (IST)
Updated Date: Wed, 01 Apr 2026 02:15 PM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ। ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਆਮ ਲੋਕਾਂ ਦਾ ਜੀਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਅਣਪਛਾਤੇ ਨਕਾਬਪੋਸ਼ਾਂ ਨੇ ਇੱਕ ਘਰ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਪੀੜਤ ਪਰਿਵਾਰ ਦੇ ਮੁਖੀ ਰਛਪਾਲ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਅੱਧੀ ਰਾਤ ਦੇ ਕਰੀਬ ਮੋਟਰਸਾਈਕਲ ਸਵਾਰ ਕੁਝ ਨਕਾਬਪੋਸ਼ ਵਿਅਕਤੀ ਉਨ੍ਹਾਂ ਦੇ ਘਰ ਆਏ। ਹਮਲਾਵਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 8 ਫਾਇਰ ਕੀਤੇ। ਗੋਲੀਆਂ ਘਰ ਦੇ ਮੁੱਖ ਗੇਟ ਅਤੇ ਕੰਧਾਂ ਵਿੱਚ ਜਾ ਲੱਗੀਆਂ।
ਜਿਸ ਵੇਲੇ ਇਹ ਖ਼ੌਫ਼ਨਾਕ ਘਟਨਾ ਵਾਪਰੀ, ਉਸ ਸਮੇਂ ਰਛਪਾਲ ਸਿੰਘ ਦਾ ਪੂਰਾ ਪਰਿਵਾਰ ਘਰ ਦੇ ਅੰਦਰ ਹੀ ਮੌਜੂਦ ਸੀ। ਖ਼ੁਸ਼ਕਿਸਮਤੀ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਸਾਰਾ ਪਰਿਵਾਰ ਵਾਲ-ਵਾਲ ਬਚ ਗਿਆ। ਹਾਲਾਂਕਿ, ਇਸ ਹਮਲੇ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।