- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਸਫ਼ਰ ਵਿਚ, ਇਸ ਯੂਨੀਵਰਸਿਟੀ ਨੇ ਸਿੱਖਿਆ, ਖੋਜ, ਖੇਡਾਂ, ਸਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਅਤੇ ਵਿਦੇਸ਼ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ।

ਸਟਾਫ ਰਿਪੋਰਟਰ, ਅੰਮ੍ਰਿਤਸਰ। ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਕੇਵਲ ਰੁਜ਼ਗਾਰ ਪ੍ਰਾਪਤ ਕਰਨਾ ਨਹੀਂ, ਸਗੋਂ ਅਜਿਹੇ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਨੈਤਿਕ ਨਾਗਰਿਕ ਤਿਆਰ ਕਰਨਾ ਹੁੰਦਾ ਹੈ ਜੋ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ। ਅਜਿਹਾ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ ਵਿਚ 456 ਵਿਦਿਆਰਥੀਆਂ ਜਿਨ੍ਹਾਂ ਵਿਚ 03 ਵਿਦਿਆਰਥੀਆਂ ਨੂੰ 'ਚਾਂਸਲਰ ਮੈਡਲ', 35 ਹੋਣਹਾਰ ਵਿਦਿਆਰਥੀਆਂ ਨੂੰ 'ਮੈਮੋਰੀਅਲ ਮੈਡਲ', 82 ਖੋਜ-ਵਿਦਿਆਰਥੀਆਂ ਨੂੰ ਪੀਐੱਚ.ਡੀ. ਅਤੇ 336 ਵਿਦਿਆਰਥੀਆਂ ਨੂੰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਜਸਪ੍ਰੀਤ ਸਿੰਘ ਨੂੰ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕਰਨ ਸਮੇਂ ਸੰਬੋਧਨ ਕੀਤਾ।
ਉਨ੍ਹਾਂ ਨੇ ਅਕਾਦਮਿਕ ਸਿੱਖਿਆ ਪੂਰੀ ਕਰਨ ਉਪਰੰਤ ਸਮਾਜ ਵਿਚ ਕਦਮ ਰੱਖਣ ਜਾ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਸਿਰਫ਼ ਇਕ ਯੂਨੀਵਰਸਿਟੀ ਨਹੀਂ ਹੈ, ਸਗੋਂ ਉੱਚ ਸਿੱਖਿਆ, ਖੋਜ ਅਤੇ ਕਦਰਾਂ-ਕੀਮਤਾਂ ਦਾ ਇਕ ਚਾਨਣ-ਮੁਨਾਰਾ ਹੈ ਜਿਸ ਨੇ ਦੇਸ਼ ਅਤੇ ਦੁਨੀਆ ਨੂੰ ਅਣਗਿਣਤ ਪ੍ਰਤਿਭਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੱਕਾਰੀ ਸੰਸਥਾ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਸਾਲ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ਉੱਤੇ ਕੀਤੀ ਗਈ ਸੀ। ਇਹ ਸਿਰਫ਼ ਇਕ ਯੂਨੀਵਰਸਿਟੀ ਦੀ ਸਥਾਪਨਾ ਨਹੀਂ ਸੀ, ਸਗੋਂ ਪੰਜਾਬ ਅਤੇ ਦੇਸ਼ ਦੀ ਸਭਿਆਚਾਰਕ, ਅਧਿਆਤਮਿਕ ਅਤੇ ਵਿੱਦਿਅਕ ਵਿਰਾਸਤ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਇਕ ਰਾਸ਼ਟਰੀ ਸੰਕਲਪ ਸੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਪਣੇ ਇਤਿਹਾਸ ਵਿਚ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਉਨ੍ਹਾਂ ਵੱਲੋਂ ਉਚ-ਸਿਖਿਆ ਅਤੇ ਹੋਰ ਖੇਤਰਾਂ ਵਿਚ ਪਾਏ ਅਹਿਮ ਯੋਗਦਾਨ ਸਦਕਾ ਹੋਰਨਾਂ ਸਨਮਾਨਾਂ ਤੋਂ ਇਲਾਵਾ ਪੰਜਾਬ ਰਤਨ ਪੁਰਸਕਾਰ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਇਕ ਮਾਣ ਵਾਲੀ ਗੱਲ ਹੈ। ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਸਫ਼ਰ ਵਿਚ, ਇਸ ਯੂਨੀਵਰਸਿਟੀ ਨੇ ਸਿੱਖਿਆ, ਖੋਜ, ਖੇਡਾਂ, ਸਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਅਤੇ ਵਿਦੇਸ਼ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ।
ਇਸ ਮੌਕੇ ਪੰਜਾਬ ਦੇ ਰਾਜਪਾਲ ਕਟਾਰੀਆ ਅਤੇ ਵਾਈਸ ਚਾਂਸਲਰ, ਪ੍ਰੋ.ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਵੱਲੋਂ ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਜਸਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਦੇ ਅਕਾਦਮਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਸਦਕਾ ਆਨਰਜ਼ ਕਾਜ਼ਾ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਮੰਚ ਉਪਰ ਉਚੇਰੀ ਸਿਖਿਆ ਮੰਤਰੀ, ਹਰਜੋਤ ਸਿੰਘ ਬੈਂਸ, ਐਡੀਸ਼ਨ ਪ੍ਰਿੰਸੀਪਲ ਸਕੱਤਰ, ਵਿਵੇਕ ਪ੍ਰਤਾਪ ਸਿੰਘ, ਆਈ.ਏ.ਐੱਸ., ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ, ਪ੍ਰੋ.ਕੇ.ਐਸ. ਚਾਹਲ ਤੋਂ ਇਲਾਵਾ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਹਾਜ਼ਰ ਸਨ।