ਪੰਥਕ ਹਲਕਿਆਂ 'ਚ ਵੱਡੀ ਹਲਚਲ: ਸਿੱਖ ਰਹਿਤ ਮਰਿਆਦਾ ਦਾ 19 ਸਾਲ ਪਾਠ ਪੜ੍ਹਾਉਣ ਵਾਲੇ ਗਿਆਨੀ ਰਘਬੀਰ ਸਿੰਘ ਖ਼ੁਦ ਵਿਵਾਦਾਂ ਦੇ ਘੇਰੇ 'ਚ!
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਸਬੰਧਤ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਬਰਾਬਰ ਇੱਕ ਪ੍ਰਬੰਧਕ ਕੁਰਸੀ 'ਤੇ ਬੈਠਾ ਨਜ਼ਰ ਆ ਰਿਹਾ ਹੈ, ਜਦਕਿ ਗਿਆਨੀ ਰਘਬੀਰ ਸਿੰਘ ਸੰਬੋਧਨ ਕਰ ਰਹੇ ਹਨ। ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਸਬੰਧੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖ ਪੰਥ ਦੇ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ ਗਿਆਨੀ ਰਘਬੀਰ ਸਿੰਘ
Publish Date: Tue, 14 Jul 2026 10:28 AM (IST)
Updated Date: Tue, 14 Jul 2026 10:29 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਸਬੰਧਤ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਬਰਾਬਰ ਇੱਕ ਪ੍ਰਬੰਧਕ ਕੁਰਸੀ 'ਤੇ ਬੈਠਾ ਨਜ਼ਰ ਆ ਰਿਹਾ ਹੈ, ਜਦਕਿ ਗਿਆਨੀ ਰਘਬੀਰ ਸਿੰਘ ਸੰਬੋਧਨ ਕਰ ਰਹੇ ਹਨ। ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਸਬੰਧੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖ ਪੰਥ ਦੇ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ ਗਿਆਨੀ ਰਘਬੀਰ ਸਿੰਘ ਦੀ ਮੌਜੂਦਗੀ ਵਿੱਚ ਮਰਿਆਦਾ ਦੀ ਕਥਿਤ ਉਲੰਘਣਾ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਫਿਲਹਾਲ ਇਸ ਤਸਵੀਰ ਕਾਰਨ ਉਹ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਪਾਠੀ ਸਿੰਘ ਵਜੋਂ ਸੇਵਾ ਸ਼ੁਰੂ ਕਰਨ ਵਾਲੇ ਗਿਆਨੀ ਰਘਬੀਰ ਸਿੰਘ ਨੇ ਕਰੀਬ 19 ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਸੇਵਾ ਦੌਰਾਨ ਅੰਮ੍ਰਿਤ ਅਭਿਲਾਖੀਆਂ ਨੂੰ ਸਿੱਖ ਰਹਿਤ ਮਰਿਆਦਾ ਦਾ ਪਾਠ ਪੜ੍ਹਾਇਆ। ਉਨ੍ਹਾਂ ਨੂੰ 21 ਅਪ੍ਰੈਲ 2014 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਮਿਲੀ, ਜਦਕਿ 24 ਅਗਸਤ 2017 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ। ਬਾਅਦ ਵਿੱਚ 16 ਜੂਨ 2023 ਨੂੰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਵੀ ਮਿਲੀ। ਅਜਿਹੇ ਅਹਿਮ ਅਹੁਦਿਆਂ 'ਤੇ ਸੇਵਾ ਨਿਭਾਉਣ ਅਤੇ ਸਿੱਖ ਰਹਿਤ ਮਰਿਆਦਾ ਦੇ ਜਾਣਕਾਰ ਹੋਣ ਦੇ ਬਾਵਜੂਦ ਇਸ ਮਾਮਲੇ 'ਤੇ ਉਨ੍ਹਾਂ ਦੀ ਚੁੱਪੀ ਨੂੰ ਲੈ ਕੇ ਚਰਚਾ ਛਿੜ ਗਈ ਹੈ।
ਕੀ ਕਹਿੰਦੀ ਹੈ ਸਿੱਖ ਰਹਿਤ ਮਰਿਆਦਾ? ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਅਨੁਸਾਰ ਗੁਰਦੁਆਰੇ ਅੰਦਰ ਦਾਖ਼ਲ ਹੋਣ ਉਪਰੰਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਅਤੇ ਫਿਰ ਗੁਰੂ ਰੂਪ ਸਾਧ ਸੰਗਤ ਨੂੰ ਫਤਹਿ ਬੁਲਾਉਣੀ ਚਾਹੀਦੀ ਹੈ। ਮਰਿਆਦਾ ਵਿੱਚ ਸਪੱਸ਼ਟ ਹੈ ਕਿ ਸੰਗਤ ਵਿੱਚ ਕਿਸੇ ਮਨੁੱਖ ਦਾ ਗੱਦੇ, ਆਸਣ, ਕੁਰਸੀ, ਚੌਕੀ ਜਾਂ ਮੰਜੇ 'ਤੇ ਵੱਖਰਾ ਬੈਠਣਾ ਮਨਮੱਤ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 20 ਅਪ੍ਰੈਲ 1998, 8 ਜੁਲਾਈ 2009 ਅਤੇ 22 ਨਵੰਬਰ 2013 ਨੂੰ ਜਾਰੀ ਹੁਕਮਨਾਮਿਆਂ ਅਤੇ ਆਦੇਸ਼ਾਂ ਵਿੱਚ ਵੀ ਸੰਗਤ ਅਤੇ ਪ੍ਰਬੰਧਕਾਂ ਨੂੰ ਬਰਾਬਰ ਬੈਠਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਕੁਰਸੀਆਂ ਜਾਂ ਬੈਂਚਾਂ 'ਤੇ ਬੈਠ ਕੇ ਲੰਗਰ ਛਕਣ ਤੋਂ ਵੀ ਮਨਾਹੀ ਕੀਤੀ ਗਈ ਹੈ।