ਸਾਈਕਲ ਦੀ ਜ਼ਿੱਦ ਮਾਸੂਮ ਨੂੰ ਲੈ ਆਈ ਸੈਂਕੜੇ ਕਿਲੋਮੀਟਰ ਦੂਰ, ਅੰਮ੍ਰਿਤਸਰ 'ਚ ਹੋਇਆ ਪਿਤਾ-ਪੁੱਤਰ ਦਾ ਭਾਵੁਕ ਮਿਲਾਪ ਐੱਮਕੇ ਸ਼ਰਮਾ ਮੁਤਾਬਕ ਪਿਤਾ ਨੇ ਦੱਸਿਆ ਕਿ ਪੁੱਤਰ ਸਾਈਕਲ ਦੀ ਮੰਗ ਕਰ ਰਿਹਾ ਸੀ, ਪਰ ਆਰਥਿਕ ਹਾਲਾਤ ਅਜਿਹੇ ਨਹੀਂ ਸਨ ਕਿ ਉਹ ਉਸ ਦੀ ਇੱਛਾ ਪੂਰੀ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਪੈਸਿਆਂ ਦੀ ਕਮੀ ਕਾਰਨ ਪੁੱਤਰ ਨੂੰ ਸਾਈਕਲ ਨਹੀਂ ਦਿਵਾ ਸਕੇ। ਸ਼ਾਇਦ ਪਿਤਾ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਈਕਲ ਦੀ ਛੋਟੀ ਜਿਹੀ ਮੰਗ ਪੂਰੀ ਨਾ ਕਰ ਸਕਣ ਦਾ ਮਲਾਲ ਪੁੱਤਰ ਨੂੰ ਇੰਨੀ ਦੂਰ ਲੈ ਜਾਵੇਗਾ।
Publish Date: Tue, 22 Sep 2026 05:09 PM (IST)
Updated Date: Tue, 22 Sep 2026 05:14 PM (IST)
ਨਿਤਿਨ ਧੀਮਾਨ, ਅੰਮ੍ਰਿਤਸਰ : ਨਵੀਂ ਸਾਈਕਲ ਦੀ ਇਕ ਛੋਟੀ ਜਿਹੀ ਇੱਛਾ... ਪਿਤਾ ਕੋਲ ਵਾਰ-ਵਾਰ ਕੀਤੀ ਇਕ ਮਾਸੂਮ ਜ਼ਿੱਦ... ਤੇ ਜਦੋਂ ਆਰਥਿਕ ਮਜਬੂਰੀ ਕਾਰਨ ਪਿਤਾ ਉਹ ਇੱਛਾ ਪੂਰੀ ਨਹੀਂ ਕਰ ਸਕਿਆ ਤਾਂ 13 ਸਾਲ ਦਾ ਪੁੱਤਰ ਘਰ ਦੀ ਦਹਿਲੀਜ਼ ਟੱਪ ਕੇ ਸੈਂਕੜੇ ਕਿਲੋਮੀਟਰ ਦੂਰ ਅੰਮ੍ਰਿਤਸਰ ਪਹੁੰਚ ਗਿਆ। ਉਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਸੀ ਕਿ ਘਰ ਤੋਂ ਨਿਕਲਣ ਤੋਂ ਬਾਅਦ ਰਸਤਾ ਉਸ ਨੂੰ ਕਿੱਥੇ ਲੈ ਜਾਵੇਗਾ।
ਮਨ ਵਿਚ ਸਿਰਫ਼ ਇਹੀ ਟੀਸ ਸੀ ਕਿ ਪਿਤਾ ਨੇ ਸਾਈਕਲ ਨਹੀਂ ਦਿਵਾਈ। ਹਨੂੰਮਾਨਗੜ੍ਹ ਤੋਂ ਬਿਨਾਂ ਟਿਕਟ ਰੇਲ 'ਚ ਬੈਠਾ ਅੱਠਵੀਂ ਜਮਾਤ ਦਾ ਵਿਦਿਆਰਥੀ ਮਨੋਜ ਕੁਮਾਰ ਜਦੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਤਾਂ ਉਹ ਇਕੱਲਾ ਸੀ। ਘਰ 'ਚ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਨੂੰ ਲੈ ਕੇ ਪਰੇਸ਼ਾਨ ਸਨ ਅਤੇ ਇੱਥੇ ਅਣਜਾਣ ਸ਼ਹਿਰ 'ਚ ਉਹ ਸਹਾਰੇ ਦੀ ਭਾਲ 'ਚ ਭਟਕ ਰਿਹਾ ਸੀ।
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਇਕੱਲੇ ਘੁੰਮ ਰਹੇ ਲੜਕੇ 'ਤੇ ਐੱਸਜੀਪੀਸੀ ਦੇ ਸੇਵਾਦਾਰਾਂ ਦੀ ਨਜ਼ਰ ਪਈ। ਉਸ ਦੀ ਉਮਰ ਤੇ ਚਿਹਰੇ ਦੀ ਉਦਾਸੀ ਦੇਖ ਕੇ ਸੇਵਾਦਾਰਾਂ ਨੇ ਉਸ ਨੂੰ ਪਿਆਰ ਨਾਲ ਰੋਕ ਕੇ ਗੱਲਬਾਤ ਕੀਤੀ। ਪੁੱਛਣ 'ਤੇ ਉਸ ਨੇ ਆਪਣੀ ਕਹਾਣੀ ਦੱਸੀ। ਪਤਾ ਲੱਗਾ ਕਿ ਪਿਤਾ ਤੋਂ ਸਾਈਕਲ ਦਿਵਾਉਣ ਦੀ ਜ਼ਿੱਦ ਪੂਰੀ ਨਾ ਹੋਣ ਕਾਰਨ ਨਾਰਾਜ਼ ਹੋ ਕੇ ਉਹ ਘਰੋਂ ਨਿਕਲ ਆਇਆ ਹੈ। ਸੇਵਾਦਾਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਬਾਲ ਕਲਿਆਣ ਕਮੇਟੀ ਦੇ ਹਵਾਲੇ ਕੀਤਾ ਸੂਚਨਾ ਮਿਲਣ 'ਤੇ ਥਾਣਾ ਈ-ਡਿਵੀਜ਼ਨ ਪੁਲਿਸ ਮੌਕੇ 'ਤੇ ਪਹੁੰਚੀ ਤੇ ਲੜਕੇ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ। ਪੁਲਿਸ ਨੇ ਉਸ ਨੂੰ ਭਰੋਸੇ 'ਚ ਲੈ ਕੇ ਗੱਲਬਾਤ ਕੀਤੀ। ਬਾਲ ਕਲਿਆਣ ਕਮੇਟੀ ਦੇ ਐਡਵੋਕੇਟ ਐੱਮਕੇ ਸ਼ਰਮਾ ਨਾਲ ਵੀ ਸੰਪਰਕ ਕੀਤਾ ਗਿਆ। ਲੜਕੇ ਨੇ ਆਪਣੇ ਪਿਤਾ ਦਾ ਨਾਮ ਦਿਨੇਸ਼ ਕੁਮਾਰ ਤੇ ਮੋਬਾਈਲ ਨੰਬਰ ਪੁਲਿਸ ਤੇ ਕਮੇਟੀ ਨੂੰ ਦੱਸਿਆ। ਨੰਬਰ ਮਿਲਦੇ ਹੀ ਜਦੋਂ ਐੱਮਕੇ ਸ਼ਰਮਾ ਨੇ ਉਸ ਦੇ ਪਿਤਾ ਨਾਲ ਗੱਲ ਕੀਤੀ ਤਾਂ ਦੂਜੇ ਪਾਸੇ ਪਿਤਾ ਦੀ ਆਵਾਜ਼ 'ਚ ਪੁੱਤਰ ਦੀ ਚਿੰਤਾ ਸਾਫ਼ ਝਲਕ ਰਹੀ ਸੀ।
ਆਰਥਿਕ ਹਾਲਾਤ ਕਾਰਨ ਨਹੀਂ ਦਿਵਾ ਸਕਿਆ ਸਾਈਕਲ ਐੱਮਕੇ ਸ਼ਰਮਾ ਮੁਤਾਬਕ ਪਿਤਾ ਨੇ ਦੱਸਿਆ ਕਿ ਪੁੱਤਰ ਸਾਈਕਲ ਦੀ ਮੰਗ ਕਰ ਰਿਹਾ ਸੀ, ਪਰ ਆਰਥਿਕ ਹਾਲਾਤ ਅਜਿਹੇ ਨਹੀਂ ਸਨ ਕਿ ਉਹ ਉਸ ਦੀ ਇੱਛਾ ਪੂਰੀ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਪੈਸਿਆਂ ਦੀ ਕਮੀ ਕਾਰਨ ਪੁੱਤਰ ਨੂੰ ਸਾਈਕਲ ਨਹੀਂ ਦਿਵਾ ਸਕੇ। ਸ਼ਾਇਦ ਪਿਤਾ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਈਕਲ ਦੀ ਛੋਟੀ ਜਿਹੀ ਮੰਗ ਪੂਰੀ ਨਾ ਕਰ ਸਕਣ ਦਾ ਮਲਾਲ ਪੁੱਤਰ ਨੂੰ ਇੰਨੀ ਦੂਰ ਲੈ ਜਾਵੇਗਾ।
ਪੁੱਤਰ ਦੇ ਅੰਮ੍ਰਿਤਸਰ 'ਚ ਸੁਰੱਖਿਅਤ ਹੋਣ ਦੀ ਖ਼ਬਰ ਮਿਲਦੇ ਹੀ ਪਿਤਾ ਦਿਨੇਸ਼ ਕੁਮਾਰ ਤੁਰੰਤ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਬਾਲ ਕਲਿਆਣ ਕਮੇਟੀ ਦੇ ਦਫ਼ਤਰ 'ਚ ਪਿਤਾ-ਪੁੱਤਰ ਦਾ ਸਾਹਮਣਾ ਹੋਇਆ ਤਾਂ ਕੁਝ ਪਲਾਂ ਲਈ ਦੋਵਾਂ ਵਿਚਕਾਰ ਜਿਵੇਂ ਸ਼ਬਦ ਹੀ ਖ਼ਤਮ ਹੋ ਗਏ। ਜਿਸ ਪੁੱਤਰ ਦੇ ਅਚਾਨਕ ਘਰੋਂ ਚਲੇ ਜਾਣ ਤੋਂ ਬਾਅਦ ਪਿਤਾ ਉਸ ਦੀ ਭਾਲ ਨੂੰ ਲੈ ਕੇ ਪਰੇਸ਼ਾਨ ਸਨ, ਉਹੀ ਪੁੱਤਰ ਸਾਹਮਣੇ ਸੁਰੱਖਿਅਤ ਖੜ੍ਹਾ ਸੀ। ਬੱਚੇ ਨੂੰ ਦੇਖਦੇ ਹੀ ਪਿਤਾ ਭਾਵੁਕ ਹੋ ਗਏ।
ਇੱਕ-ਦੂਜੇ ਨੂੰ ਦੇਖ ਕੇ ਰੋਣ ਲੱਗੇ ਕਮੇਟੀ ਨੇ ਪਿਤਾ ਤੇ ਬੱਚੇ ਦੀ ਕਾਊਂਸਲਿੰਗ ਕੀਤੀ। ਪਿਤਾ ਨੇ ਬੱਚੇ ਦੀ ਪਛਾਣ ਲਈ ਆਧਾਰ ਕਾਰਡ ਸਮੇਤ ਲੋੜੀਂਦੇ ਦਸਤਾਵੇਜ਼ ਪੇਸ਼ ਕੀਤੇ। ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਲੜਕੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ। ਪੁੱਤਰ ਨੂੰ ਸੁਰੱਖਿਅਤ ਆਪਣੇ ਨਾਲ ਲੈ ਕੇ ਪਿਤਾ ਦੀਆਂ ਅੱਖਾਂ 'ਚ ਰਾਹਤ ਦੇ ਹੰਝੂ ਸਨ।
ਦਿਨੇਸ਼ ਕੁਮਾਰ ਨੇ ਭਰੀਆਂ ਅੱਖਾਂ ਨਾਲ ਆਪਣੇ ਪੁੱਤਰ ਨੂੰ ਕਿਹਾ, “ਬੇਟਾ, ਤੈਨੂੰ ਸਾਈਕਲ ਮਿਲ ਜਾਵੇਗੀ, ਮੇਰੇ ਨਾਲ ਚੱਲ।” ਪਿਤਾ ਦੀ ਇਹ ਗੱਲ ਸੁਣ ਕੇ ਪੁੱਤਰ ਵੀ ਰੋਣ ਲੱਗ ਪਿਆ। ਪੁੱਤਰ ਦੀ ਛੋਟੀ ਜਿਹੀ ਜ਼ਿੱਦ ਤੋਂ ਸ਼ੁਰੂ ਹੋਈ ਇਹ ਕਹਾਣੀ ਆਖ਼ਰਕਾਰ ਪਿਤਾ-ਪੁੱਤਰ ਦੇ ਭਾਵੁਕ ਮਿਲਾਪ ਨਾਲ ਸੁਖਦ ਅੰਤ ਤਕ ਪਹੁੰਚੀ।