ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਪਹੁੰਚੀ ਪਾਕਿਸਤਾਨ, ਜਾਣੋ ਅਸਮਾਨ 'ਚ ਕੀ ਹੋਈ ਸੀ ਗੜਬੜੀ ਤੇ ਫਿਰ ਕਿਵੇਂ ਹੋਈ ਵਾਪਸੀ!
ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਫਲਾਈਟ AI-479 ਤਕਨੀਕੀ ਖ਼ਰਾਬੀ ਕਾਰਨ ਆਪਣੇ ਤੈਅ ਕੀਤੇ ਰੂਟ ਤੋਂ ਭਟਕ ਕੇ ਪਾਕਿਸਤਾਨ ਦੇ ਹਵਾਈ ਖੇਤਰ 'ਚ ਦਾਖ਼ਲ ਹੋ ਗਈ। ਪਾਕਿਸਤਾਨ ਦੀ ਏਅਰ ਟ੍ਰੈਫਿਕ ਕੰਟਰੋਲ ਏਜੰਸੀ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਦਾ ਰੂਟ ਬਦਲਿਆ ਗਿਆ ਅਤੇ ਉਸ ਨੂੰ ਵਾਪਸ ਭਾਰਤੀ ਹਵਾਈ ਖੇਤਰ 'ਚ ਲਿਆਂਦਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਮੁੜ ਦਿੱਲੀ ਵੱਲ ਡਾਇਵਰਟ ਕਰ ਦਿੱਤਾ ਗਿਆ।
Publish Date: Wed, 24 Jun 2026 12:03 PM (IST)
Updated Date: Wed, 24 Jun 2026 12:06 PM (IST)

ਅੰਮ੍ਰਿਤਸਰ : ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਫਲਾਈਟ AI-479 ਤਕਨੀਕੀ ਖ਼ਰਾਬੀ ਕਾਰਨ ਆਪਣੇ ਤੈਅ ਕੀਤੇ ਰੂਟ ਤੋਂ ਭਟਕ ਕੇ ਪਾਕਿਸਤਾਨ ਦੇ ਹਵਾਈ ਖੇਤਰ 'ਚ ਦਾਖ਼ਲ ਹੋ ਗਈ। ਪਾਕਿਸਤਾਨ ਦੀ ਏਅਰ ਟ੍ਰੈਫਿਕ ਕੰਟਰੋਲ ਏਜੰਸੀ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਦਾ ਰੂਟ ਬਦਲਿਆ ਗਿਆ ਅਤੇ ਉਸ ਨੂੰ ਵਾਪਸ ਭਾਰਤੀ ਹਵਾਈ ਖੇਤਰ 'ਚ ਲਿਆਂਦਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਮੁੜ ਦਿੱਲੀ ਵੱਲ ਡਾਇਵਰਟ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ, ਏਅਰਬੱਸ A-321 ਜਹਾਜ਼ ਨੇ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ ਸੀ। ਉਡਾਣ ਦੌਰਾਨ ਆਈ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਦਾ ਰੂਟ ਪ੍ਰਭਾਵਿਤ ਹੋ ਗਿਆ ਅਤੇ ਉਹ ਨਿਰਧਾਰਤ ਏਅਰ ਕੋਰੀਡੋਰ ਤੋਂ ਹਟ ਗਿਆ। ਜਹਾਜ਼ ਕੁਝ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ 'ਚ ਪਹੁੰਚ ਗਿਆ, ਜਿਸ ਤੋਂ ਬਾਅਦ ਪਾਕਿਸਤਾਨ ਏਅਰ ਟ੍ਰੈਫਿਕ ਕੰਟਰੋਲ ਏਜੰਸੀਆਂ ਨਾਲ ਤਾਲਮੇਲ ਕਾਇਮ ਕੀਤਾ ਗਿਆ।
ਸਥਿਤੀ ਨੂੰ ਦੇਖਦੇ ਹੋਏ ਜਹਾਜ਼ ਨੂੰ ਸਿੱਧਾ ਅੰਮ੍ਰਿਤਸਰ ਲੈ ਕੇ ਜਾਣ ਦੀ ਬਜਾਏ ਵਾਪਸ ਦਿੱਲੀ ਭੇਜਿਆ ਗਿਆ, ਜਿੱਥੇ ਉਸ ਦੀ ਤਕਨੀਕੀ ਜਾਂਚ ਕੀਤੀ ਗਈ। ਜਾਂਚ ਮੁਕੰਮਲ ਹੋਣ ਅਤੇ ਲੋੜੀਂਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਨੇ ਦੁਬਾਰਾ ਅੰਮ੍ਰਿਤਸਰ ਲਈ ਉਡਾਣ ਭਰੀ ਅਤੇ ਤੜਕਸਾਰ ਸੁਰੱਖਿਅਤ ਲੈਂਡਿੰਗ ਕੀਤੀ।
ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਵਾਈ ਖੇਤਰ ਦੀ ਨਿਗਰਾਨੀ ਨੂੰ ਲੈ ਕੇ ਵਿਸ਼ੇਸ਼ ਚੌਕਸੀ ਵਰਤੀ ਜਾਂਦੀ ਹੈ। ਜਹਾਜ਼ ਦਾ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਦੂਜੇ ਦੇਸ਼ ਦੇ ਹਵਾਈ ਖੇਤਰ 'ਚ ਪਹੁੰਚਣਾ ਹਵਾਨਬਾਜ਼ੀ ਖੇਤਰ 'ਚ ਇੱਕ ਗੰਭੀਰ ਘਟਨਾ ਮੰਨਿਆ ਜਾਂਦਾ ਹੈ, ਹਾਲਾਂਕਿ ਅਜਿਹੀਆਂ ਸਥਿਤੀਆਂ 'ਚ ਏਅਰ ਟ੍ਰੈਫਿਕ ਕੰਟਰੋਲ ਏਜੰਸੀਆਂ ਨਿਰਧਾਰਤ ਅੰਤਰਰਾਸ਼ਟਰੀ ਪ੍ਰੋਟੋਕੋਲ ਦੇ ਤਹਿਤ ਸਥਿਤੀ ਨੂੰ ਸੰਭਾਲਦੀਆਂ ਹਨ।
ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ
ਇਸ ਪੂਰੀ ਘਟਨਾ ਕਾਰਨ ਯਾਤਰੀਆਂ ਨੂੰ ਕਰੀਬ ਚਾਰ ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਪਹੁੰਚਣ ਦਾ ਨਿਰਧਾਰਤ ਸਮਾਂ ਲੰਘਣ ਤੋਂ ਬਾਅਦ ਜਹਾਜ਼ ਬੁੱਧਵਾਰ ਸਵੇਰੇ ਆਪਣੇ ਗੰਤਵ 'ਤੇ ਪਹੁੰਚ ਸਕਿਆ। ਹਵਾਨਬਾਜ਼ੀ ਅਧਿਕਾਰੀਆਂ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਖ਼ਰਾਬੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।