- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ, ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਏਐਸਆਈ ਹਰਜੀਤ ਸਿੰਘ ਦੇ ਕਤਲ ਦੀ ਪੂਰੀ ਪੁਲਿਸ ਕਮਿਸ਼ਨਰੇਟ ਤਨਦੇਹੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਖੁਫੀਆ ਜਾਣਕਾਰੀ, ਤਕਨੀਕੀ ਨਿਗਰਾਨੀ, ਡੰਪ ਡੇਟਾ ਵਿਸ਼ਲੇਸ਼ਣ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ ਕੀਤੀ।

ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਅਧੀਨ ਦਾਣਾ ਮੰਡੀ ਇਲਾਕੇ ਵਿਚ ਏਐੱਸਆਈ ਹਰਜੀਤ ਸਿੰਘ ਦਾ ਕਤਲ ਕਰਨ ਵਾਲੇ ਸ਼ੂਟਰਾਂ ਨਾਲ ਸ਼ਨੀਵਾਰ ਦੇਰ ਰਾਤ ਪੁਲਿਸ ਦਾ ਮੁਕਾਬਲਾ ਹੋ ਗਿਆ। ਪੁਲਿਸ ਵੱਲੋਂ ਸਵੈ-ਰੱਖਿਆ ਵਿਚ ਕੀਤੀ ਜਵਾਬੀ ਕਾਰਵਾਈ ਦੌਰਾਨ ਇਕ ਸ਼ੂਟਰ ਗੋਲੀ ਲੱਗਣ ਨਾਲ ਮਾਰਿਆ ਗਿਆ, ਜਦਕਿ ਉਸ ਦਾ ਦੂਜਾ ਸਾਥੀ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਏਐੱਸਆਈ ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਪੁਲਿਸ ਨੇ ਮਨੁੱਖੀ ਸੂਚਨਾ, ਤਕਨੀਕੀ ਨਿਗਰਾਨੀ, ਮੋਬਾਈਲ ਡੰਪ ਡਾਟਾ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਹੈ। ਸੂਬਾ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਮਦਦ ਨਾਲ ਜਾਂਚ ਦੌਰਾਨ ਸ਼ੂਟਰਾਂ ਦੇ ਪਾਕਿਸਤਾਨ ਨਾਲ ਸਬੰਧ ਹੋਣ ਦੇ ਸਬੂਤ ਮਿਲੇ ਹਨ।
ਨਾਕਾਬੰਦੀ ਦੇਖ ਕੇ ਪੁਲਿਸ ’ਤੇ ਚਲਾਈਆਂ ਗੋਲੀਆਂ : ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਏਐੱਸਆਈ ਦਾ ਕਤਲ ਕਰਨ ਵਾਲੇ ਸ਼ੂਟਰ ਵਾਰਦਾਤ ਦੀ ਤਾਕ ਵਿਚ ਇਲਾਕੇ ਵਿਚ ਮੌਜੂਦ ਹਨ। ਇਸ ’ਤੇ ਥਾਂਦਾ ਰੋਡ ’ਤੇ ਨਾਕਾਬੰਦੀ ਕੀਤੀ ਗਈ ਤਾਂ ਸਕੂਟਰ ’ਤੇ ਆ ਰਹੇ ਸ਼ੱਕੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਇਕ ਮੁਲਜ਼ਮ ਨੇ 30 ਬੋਰ ਦੀ ਪਿਸਤੌਲ ਨਾਲ ਚਾਰ ਗੋਲੀਆਂ ਚਲਾਈਆਂ। ਇਸ ਦੌਰਾਨ ਇਕ ਗੋਲੀ ਸੀਆਈਏ ਸਟਾਫ ਦੇ ਜਵਾਨ ਦੀ ਛਾਤੀ ’ਤੇ ਲੱਗੀ ਪਰ ਬੁਲੇਟਪਰੂਫ ਜੈਕਟ ਹੋਣ ਸਦਕਾ ਜਾਨ ਬੱਚ ਗਈ। ਦੋ ਗੋਲੀਆਂ ਪੁਲਿਸ ਦੀ ਸਰਕਾਰੀ ਗੱਡੀ ’ਤੇ ਵੀ ਲੱਗੀਆਂ।
ਜਵਾਬੀ ਕਾਰਵਾਈ ਵਿਚ ਇਕ ਸ਼ੂਟਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਮਾਰੇ ਗਏ ਸ਼ੂਟਰ ਦੀ ਪਛਾਣ ਦੀਪਕ ਸਿੰਘ ਵਾਸੀ ਪਿੰਡ ਮੂਲੇਚੱਕ ਵਜੋਂ ਹੋਈ ਹੈ। ਉਸ ਦਾ ਦੂਜਾ ਸਾਥੀ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ।