ਚੋਣਾਂ ’ਚ ਵੱਡੀ ਵਾਰਦਾਤ ਦੀ ਸਾਜ਼ਿਸ਼! ਐੱਮਪੀ-5 ਮੰਗਵਾਉਣ ਵਾਲਿਆਂ ਦੀ ਭਾਲ; 4 ਪੁਰਾਣੇ ਤਸਕਰਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਤੋਂ ਬਾਅਦ ਛੱਡਿਆ
ਪੁਲਿਸ ਕਈ ਮੁਲਜਮਾਂ ਤੋਂ ਆਈਈਡੀ, ਗ੍ਰਨੇਡ, ਆਰਪੀਜੀ, ਪਿਸਤੌਲ ਅਤੇ ਹੁਣ ਐੱਮਪੀ-5 ਬਰਾਮਦ ਕਰ ਚੁੱਕੀ ਹੈ। ਪਰ ਜਿਨ੍ਹਾਂ ਤੋਂ ਹਥਿਆਰ ਬਰਾਮਦ ਕੀਤੇ ਜਾਂਦੇ ਹਨ, ਉਸ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਹੈ ਕਿ ਇਹ ਕਿਥੇ ਅਤੇ ਕਿਸ ਨੂੰ ਪਹੁੰਚਾਇਆ ਜਾਣਾ ਹੈ। ਇਸ ਤੋਂ ਬਾਅਦ ਪੁਲਿਸ ਦੀ ਜਾਂਚ ਰੁਕ ਜਾਂਦੀ ਹੈ। ਪੁਲਿਸ ਦੇ ਸਾਹਮਣੇ ਕਈ ਮਾਮਲੇ ਅਜਿਹੇ ਵੀ ਆਏ ਹਨ, ਜਿਨ੍ਹਾਂ ਵਿਚ ਹਥਿਆਰ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ, ਪਰ ਜਾਂਚ ਉਥੇ ਹੀ ਰੁਕ ਗਈ।
Publish Date: Sat, 28 Nov 2026 11:50 AM (IST)
Updated Date: Sat, 28 Nov 2026 11:54 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਗੜਬੜੀ ਫੈਲਾਉਣ ਦੀ ਨੀਯਤ ਨਾਲ ਹੁਣ ਐੱਮਪੀ-5 ਵਰਗੇ ਖਤਰਨਾਕ ਅਤੇ ਵਜ਼ਨ ਵਿਚ ਹਲਕੇ ਕਿਸਮ ਦੇ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਉਕਤ ਏਜੰਸੀ ਇਸ ਚੋਣ ਵਿਚ ਪੰਜਾਬ ਵਿਚ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ਵੀ ਕਰ ਚੁੱਕੀ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੰਕਾ ਹੈ ਕਿ ਉਕਤ ਸਾਜ਼ਿਸ਼ ਨੂੰ ਕਾਮਯਾਬ ਕਰਨ ਲਈ ਆਈਐੱਸਆਈ ਵੱਲੋਂ ਸਲੀਪਰ ਸੈੱਲ ਵੀ ਤਿਆਰ ਕੀਤੇ ਜਾ ਚੁੱਕੇ ਹਨ, ਜੋ ਇਕ ਇਸ਼ਾਰੇ ’ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਬੈਠੇ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਸਵੇਰੇ ਥਾਣਾ ਘਰਿੰਡਾ ਦੀ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਮੋਦੇ ਪਿੰਡ ਦੇ ਨੇੜੇ ਐੱਮਪੀ-5 ਗੰਨ, ਪੱਚੀ ਕਾਰਤੂਸ ਅਤੇ ਮੈਗਜ਼ੀਨ ਬਰਾਮਦ ਕੀਤੀ ਸੀ। ਅੰਕੜਾ ਖੰਗਾਲਿਆ ਗਿਆ ਤਾਂ ਇਸ ਤੋਂ ਵੱਡੀ ਅਤੇ ਕੁਝ ਵਜ਼ਨਦਾਰ ਰਾਈਫਲ ਇਸੇ ਸਾਲ ਤਿੰਨ ਮਈ ਨੂੰ ਵੀ ਭਾਰਤੀ ਹੱਦ ਵਿਚ ਡਰੋਨ ਰਾਹੀਂ ਸੁੱਟੀ ਗਈ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਸੀ। ਪਰ ਹੁਣ ਫਿਰ ਇਹ ਵਜ਼ਨ ਵਿਚ ਹਲਕਾ ਅਤੇ ਖਤਰਨਾਕ ਹਥਿਆਰ ਦੀ ਬਰਾਮਦਗੀ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਮੱਥੇ ’ਤੇ ਸ਼ਿਕਨ ਵਧ ਗਈ ਹੈ।
ਖੁਫੀਆ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਐੱਮਪੀ-5 ਗੰਨ ਨੂੰ ਚੰਡੀਗੜ੍ਹ ਪਹੁੰਚਾਇਆ ਜਾਣਾ ਸੀ। ਫਿਲਹਾਲ ਇਸ ਨੂੰ ਕਿਸ ਵੱਲੋਂ ਅਤੇ ਕਿਵੇਂ ਪਹੁੰਚਾਇਆ ਜਾਣਾ ਸੀ, ਇਸ ’ਤੇ ਪੁਲਿਸ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਘਰਿੰਡਾ ਇਲਾਕੇ ਤੋਂ ਬਰਾਮਦ ਕੀਤੀ ਗਈ ਇਸ ਐੱਮਪੀ-5 ਗੰਨ ਨੂੰ ਕਿਸ ਨੇ ਚੁੱਕਣਾ ਸੀ ਅਤੇ ਕਿਥੇ ਸੁਰੱਖਿਅਤ ਲੁਕਾ ਕੇ ਰੱਖਣਾ ਸੀ। ਇਹ ਸਪੱਸ਼ਟ ਹੈ ਕਿ ਇਸ ਹਥਿਆਰ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਜ਼ਰੂਰ ਦਿੱਤਾ ਜਾਣਾ ਸੀ।
ਐਂਟੀ ਟੈਂਕ ਮਿਜ਼ਾਈਲ ਲਾਂਚਰ ਕੀਤਾ ਸੀ ਬਰਾਮਦ
ਨੌਂ ਨਵੰਬਰ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਐਂਟੀ ਟੈਂਕ ਮਿਜ਼ਾਈਲ ਲਾਂਚਰ ਸਣੇ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਹਥਿਆਰ ਨਾਲ ਟੈਂਕ ਅਤੇ ਪੁਲਿਸ ਜਾਂ ਫ਼ੌਜ ਦੀ ਕਿਸੇ ਵੱਡੀ ਇਮਾਰਤ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਕੇ ਉਸ ਨੂੰ ਬੁਰੀ ਤਰ੍ਹਾਂ ਨਸ਼ਟ ਕੀਤਾ ਜਾ ਸਕਦਾ ਹੈ। ਦੋਸ਼ੀ ਜੇਲ੍ਹ ਵਿਚ ਹੈ। ਫਰਵਰੀ ਮਹੀਨੇ ਵਿਚ ਪੁਲਿਸ ਨੇ ਰਾਜਾਸਾਂਸੀ ਇਲਾਕੇ ਤੋਂ ਪੰਜ ਹੈਂਡ ਗ੍ਰਨੇਡ ਅਤੇ 42 ਕਿਲੋ ਹੈਰੋਇਨ ਬਰਾਮਦ ਕਰ ਕੇ ਸੱਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲਾ ਵਿਚਾਰ ਅਧੀਨ ਹੈ। ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ।
ਵਾਰ-ਵਾਰ ਰੁਕ ਜਾਂਦੀ ਹੈ ਪੁਲਿਸ ਜਾਂਚ
ਪੁਲਿਸ ਕਈ ਮੁਲਜਮਾਂ ਤੋਂ ਆਈਈਡੀ, ਗ੍ਰਨੇਡ, ਆਰਪੀਜੀ, ਪਿਸਤੌਲ ਅਤੇ ਹੁਣ ਐੱਮਪੀ-5 ਬਰਾਮਦ ਕਰ ਚੁੱਕੀ ਹੈ। ਪਰ ਜਿਨ੍ਹਾਂ ਤੋਂ ਹਥਿਆਰ ਬਰਾਮਦ ਕੀਤੇ ਜਾਂਦੇ ਹਨ, ਉਸ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਹੈ ਕਿ ਇਹ ਕਿਥੇ ਅਤੇ ਕਿਸ ਨੂੰ ਪਹੁੰਚਾਇਆ ਜਾਣਾ ਹੈ। ਇਸ ਤੋਂ ਬਾਅਦ ਪੁਲਿਸ ਦੀ ਜਾਂਚ ਰੁਕ ਜਾਂਦੀ ਹੈ। ਪੁਲਿਸ ਦੇ ਸਾਹਮਣੇ ਕਈ ਮਾਮਲੇ ਅਜਿਹੇ ਵੀ ਆਏ ਹਨ, ਜਿਨ੍ਹਾਂ ਵਿਚ ਹਥਿਆਰ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ, ਪਰ ਜਾਂਚ ਉਥੇ ਹੀ ਰੁਕ ਗਈ।
ਚਾਰ ਤਸਕਰ ਲਏ ਹਿਰਾਸਤ ’ਚ
ਐੱਮਪੀ-5 ਰਾਈਫਲ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਸਥਾਨਕ ਤਸਕਰਾਂ ਦਾ ਡਾਟਾ ਕੱਢਿਆ ਅਤੇ ਉਸ ਦੀ ਜਾਂਚ ਕੀਤੀ। ਪਿਛਲੇ ਦੋ ਦਿਨਾਂ ਵਿਚ ਪੁਲਿਸ ਵੱਲੋਂ ਚਾਰ ਪੁਰਾਣੇ ਤਸਕਰਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ, ਪਰ ਮਾਮਲਾ ਸਾਫ਼ ਨਹੀਂ ਹੋ ਸਕਿਆ। ਪਤਾ ਲੱਗਾ ਹੈ ਕਿ ਚਾਰਾਂ ਦੇ ਮੋਬਾਈਲ ਅਜੇ ਤੱਕ ਪੁਲਿਸ ਦੇ ਕਬਜ਼ੇ ਵਿਚ ਹਨ। ਫੋਰੈਂਸਿਕ ਟੀਮਾਂ ਉਨ੍ਹਾਂ ਦੀ ਜਾਂਚ ਕਰ ਰਹੀਆਂ ਹਨ।