ਬਜਟ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਾਲ 2025-26 ਦੇ ਬਜਟ ਨਾਲੋਂ ਸਾਲ 2026-27 ਦਾ ਬਜਟ ਤਕਰੀਬਨ 20 ਫ਼ੀਸਦ ਵਾਧੇ ਨਾਲ ਪਾਸ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲਾਂ ਦੇ ਪਾਸ ਹੋਏ ਬਜਟਾਂ ਵਿਚੋਂ ਰਿਕਾਰਡ ਬਜਟ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਵੱਲੋਂ ਜਨਰਲ ਇਜਲਾਸ ਵਿਚ ਸਾਲ 2026-27 ਲਈ ਬਜਟ ਪੇਸ਼ ਕੀਤਾ ਗਿਆ, ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਵਿਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਆਨਰੇਰੀ ਸਕੱਤਰ ਰਮਣੀਕ ਸਿੰਘ ਵੱਲੋਂ ਬਜਟ ਪੇਸ਼ ਕੀਤਾ ਗਿਆ। ਅਰਦਾਸ ਉਪਰੰਤ ਸਾਲ 2026-27 ਲਈ 213 ਕਰੋੜ 25 ਲੱਖ 68 ਹਜਾਰ 68 ਹਜਾਰ 654 ਰੁਪਏ ਦਾ ਬਜਟ ਪੇਸ਼ ਕਰਨ ’ਤੇ ਮੌਜੂਦ ਜਨਰਲ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ।
ਬਜਟ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਾਲ 2025-26 ਦੇ ਬਜਟ ਨਾਲੋਂ ਸਾਲ 2026-27 ਦਾ ਬਜਟ ਤਕਰੀਬਨ 20 ਫ਼ੀਸਦ ਵਾਧੇ ਨਾਲ ਪਾਸ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲਾਂ ਦੇ ਪਾਸ ਹੋਏ ਬਜਟਾਂ ਵਿਚੋਂ ਰਿਕਾਰਡ ਬਜਟ ਹੈ। ਉਨ੍ਹਾਂ ਕਿਹਾ ਕਿ ਦੀਵਾਨ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਵਿਦਿਆ ਦੇ ਖੇਤਰ ਵਿਚ ਨਾਮਣਾ ਖੱਟਦੇ ਹੋਏ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੀਵਾਨ ਦਾ ਮੁੱਖ ਕਾਰਜ ਵਿਦਿਅਕ ਸੰਸਥਾਵਾਂ ਨੂੰ ਚਲਾਉਣਾ ਹੈ। ਬਜਟ ਵਿਚ ਜ਼ਿਆਦਾਤਰ ਰਾਸ਼ੀ ਵਿਦਿਅਕ ਫੰਡਾਂ ਲਈ ਰੱਖੀ ਗਈ ਹੈ। ਚੀਫ ਖਾਲਸਾ ਦੀਵਾਨ ਵੱਲੋਂ ਇਸ ਸਾਲ ਸਕੂਲਾਂ ਦਾ ਵਿਸਥਾਰ, ਖੇਡ ਮੈਦਾਨ, ਧਰਮ ਪ੍ਰਚਾਰ, ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਜਾਣਗੇ। ਦੀਵਾਨ ਵੱਲੋਂ ਸਕੂਲਾਂ ਦੇ ਵਿਸਥਾਰ ਤੇ ਨਵੇਂ ਸਕੂਲ ਖੋਲ੍ਹਣ ਦੇ ਯਤਨ ਜਾਰੀ ਰੱਖਦਿਆਂ ਲੋੜ ਪੈਣ ’ਤੇ ਜ਼ਮੀਨਾਂ ਖਰੀਦਣ ਦੇ ਵੀ ਉਪਰਾਲੇ ਕੀਤੇ ਜਾਣਗੇ। ਇਹ ਬਜਟ ਸਕੂਲਾਂ ਤੋਂ ਇਲਾਵਾਂ, ਹਸਪਤਾਲ, ਬਿਰਧ ਘਰ, ਯਤੀਮਖਾਨਾ, ਗੁਰਦੁਆਰਾ ਸਾਹਿਬ, ਖਾਲਸਾ ਪ੍ਰਚਾਰਕ ਵਿਦਿਆਲਾ, ਵਿਦਿਅਕ ਕਮੇਟੀ, ਲੋਕਲ ਕਮੇਟੀਆਂ, ਮੈਨੇਜਮੈਂਟ ਕਾਲਜ, ਨਰਸਿੰਗ ਕਾਲਜ, ਅਦਰਸ਼ ਸਕੂਲ, ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਮੁੱਖ ਦਫਤਰ, ਚੀਫ ਖਾਲਸਾ ਦੀਵਾਨ ਸਹਾਇਕ ਟਰੱਸਟ, ਡਾਇਰੈਕਟੋਰੇਟ ਆਫ ਐਜੂਕੇਸ਼ਨ, ਖਾਲਸਾ ਟ੍ਰੈਕਟ ਸੁਸਾਇਟੀ ਤੇ ਵਿਦਿਆਰਥੀ ਭਲਾਈ ਫੰਡ ਮੁੱਖ ਆਮਦਨ ਅਤੇ ਖਰਚ ’ਤੇ ਨਿਰਭਰ ਹੁੰਦਾ ਹੈ। ਸਾਲ 2025-26 ਵਿਚ 175 ਕਰੋੜ ਦੇ ਕਰੀਬ ਆਮਦਨ ਹੋਈ ਸੀ, ਜੋ ਹੁਣ ਵੱਧ ਕੇ 213 ਕਰੋੜ ਰੁਪਏ ਹੋਣ ਦੀ ਉਮੀਦ ਹੈ।
ਦਸਣਯੋਗ ਹੈ ਕਿ ਇਸ ਬਜਟ ਤੋਂ ਪਹਿਲਾਂ ਕਾਰਕਾਰਨੀ ਦੀ ਵੀ ਇਕੱਤਰਤਾ ਹੋਈ ਜਿਸ ਵਿਚ ਵੀ ਅਹਿਮ ਫੈਸਲੇ ਲਏ ਗਏ। ਭਗਵੰਤਪਾਲ ਸਿੰਘ ਸੱਚਰ ਦੀ ਮੈਂਬਰਸ਼ਿਪ ਨੂੰ ਬਹਾਲ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ ਅਤੇ ਕੱਢੇ ਗਏ ਮੈਂਬਰਾਂ ਨੂੰ ਬਹਾਲ ਕਰਨ ਲਈ ਸਬ ਕਮੇਟੀ ਨੂੰ ਕੇਸ ਵਿਚਾਰਨ ਦਾ ਮਤਾ ਪਾਸ ਕੀਤਾ ਗਿਆ।