ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੋਟਲ ਤਾਜ ਸਵਰਨਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਵਾਗਤ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੀ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ।

ਜੈ ਸਿੰਘ ਛਿੱਬਰ/ਅੰਮ੍ਰਿਤਪਾਲ ਸਿੰਘ, ਚੰਡੀਗੜ੍ਹ/ਅੰਮ੍ਰਿਤਸਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਅੰਮ੍ਰਿਤਸਰ 'ਚ ਉੱਤਰੀ ਖੇਤਰੀ ਪ੍ਰੀਸ਼ਦ ਦੀ 31ਵੀਂ ਬੈਠਕ ਹੋਈ ਜਿਸ ਵਿਚ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਮੌਜੂਦ ਰਹੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਸਿੱਧਾ ਮੀਟਿੰਗ ਲਈ ਹੋਟਲ ਤਾਜ ਸਵਰਨਾ ਪਹੁੰਚੇ। ਹਵਾਈ ਅੱਡੇ 'ਤੇ ਪੰਜਾਬ ਸਰਕਾਰ ਦੀ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਦਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਬੀਐੱਮਬੀ 'ਚ ਮੈਂਬਰ ਪਾਵਰ ਨਿਯੁਕਤੀ, ਹੜ੍ਹ ਰਾਹਤ ਨਿਯਮਾਂ 'ਚ ਤਬਦੀਲੀ, ਫਰਜ਼ੀ ਟਰੈਵਲ ਏਜੰਟਾਂ ਵੱਲੋਂ ਧੋਖਾਧੜੀ, ਆਰਡੀਐੱਫ, ਪੰਜਾਬ ਯੂਨੀਵਰਸਿਟੀ, ਰਾਜਧਾਨੀ ਚੰਡੀਗੜ੍ਹ, ਸ਼ਾਨਨ ਪਾਵਰ ਪ੍ਰੋਜੈਕਟ, ਐੱਸਵਾਈਐੱਲ, ਨੀਮ ਫ਼ੌਜੀ ਬਲਾਂ ਦੇ ਖਰਚੇ ਆਦਿ ਮੁੱਦੇ ਚੁੱਕੇ।
ਚੰਡੀਗੜ੍ਹ ਸਿਰਫ਼ ਪੰਜਾਬ ਦੀ ਰਾਜਧਾਨੀ
ਮੀਟਿੰਗ 'ਚ ਚੰਡੀਗੜ੍ਹ ਨੂੰ ਸਿਰਫ਼ ਪੰਜਾਬ ਦੀ ਰਾਜਧਾਨੀ ਬਣਾਉਣ ਦਾ ਮੁੱਦਾ ਉਠਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਹੈ। ਚੰਡੀਗੜ੍ਹ ਦਾ ਪੰਜਾਬ ਦੀ ਰਾਜਧਾਨੀ ਦੇ ਤੌਰ 'ਤੇ ਦਰਜਾ ਬਹਾਲ ਕੀਤਾ ਜਾਵੇ। ਪੰਜਾਬ ਦੀ ਇਹ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ।
NZC ਦੀ ਮੀਟਿੰਗ 'ਚ SYL ਦਾ ਮੁੱਦਾ
ਐੱਸਵਾਈਐੱਲ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਸਾਡੇ ਕੋਲ ਕਿਸੇ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਇਸ ਮੁੱਦੇ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਇਸ ਦਾ ਅਸਰ ਹਰਿਆਣਾ ਅਤੇ ਰਾਜਸਥਾਨ 'ਤੇ ਵੀ ਪਵੇਗਾ। ਮੌਜੂਦਾ ਸਥਿਤੀ 'ਚ ਉਪਲਬਧ ਪਾਣੀ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਨਹਿਰ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਬੀਬੀਐੱਮਬੀ 'ਚ ਮੈਂਬਰ ਪਾਵਰ ਨਿਯੁਕਤੀ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ NZC ਦੀ ਮੀਟਿੰਗ 'ਚ ਬੀਬੀਐਮਬੀ 'ਚ ਮੈਂਬਰ ਪਾਵਰ ਨਿਯੁਕਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਮੈਂਬਰ ਪਾਵਰ ਦੀ ਨਿਯੁਕਤੀ ਲਈ ਪੁਰਾਣੀ ਪ੍ਰਕਿਰਿਆ ਦੀ ਮੰਗ ਰੱਖੀ ਤੇ ਮੈਂਬਰ ਦੀ ਖੁੱਲ੍ਹੀ ਭਰਤੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੇਂਦਰੀ ਬਿਜਲੀ ਮੰਤਰੀ ਨਾਲ ਵੀ ਗੱਲ ਕਰ ਚੁੱਕੇ ਹਨ। ਇਹ ਭਰਤੀ ਪੰਜਾਬ ਪੁਨਰਗਠਨ ਐਕਟ 1966 ਤਹਿਤ ਹੁੰਦੀ ਹੈ।
ਹੜ੍ਹ ਰਾਹਤ ਦੇ ਨਿਯਮਾਂ 'ਚ ਤਬਦੀਲੀ
ਉੱਤਰੀ ਖੇਤਰੀ ਪ੍ਰੀਸ਼ਦ ਦੀ ਮੀਟਿੰਗ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦਾ ਮੁੱਦਾ ਵੀ ਚੁੱਕਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਤੇ ਰਾਜਸਥਾਨ ਨੂੰ ਲਿਤਾੜਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਏ ਹੜ੍ਹਾਂ ਨਾਲ 16 ਜ਼ਿਲ੍ਹਿਆਂ 'ਚ ਨੁਕਸਾਨ ਹੋਇਆ। ਬਦਕਿਸਮਤੀ ਨਾਲ ਪਾਣੀ ਮੰਗਣ ਵਾਲੇ ਸੂਬਿਆਂ ਨੇ ਪਿੱਠ ਦਿਖਾਈ। ਉਨ੍ਹਾਂ ਕਿਹਾ ਕਿ ਉਂਝ ਤਾਂ ਪਾਣੀ ਮੰਗਦੇ ਹਨ ਪਰ ਹੜ੍ਹਾਂ ਵੇਲੇ ਪਾਣੀ ਲੈਣ ਲਈ ਤਿਆਰ ਨਾ ਹੋਏ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫੰਡ ਮੌਜੂਦ ਹੈ। ਸਿਰਫ਼ ਫੰਡ ਜਾਰੀ ਕਰਨ ਦੇ ਨਿਯਮਾਂ 'ਚ ਬਦਲਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਇਸ ਮੁਸ਼ਕਲ ਦੀ ਘੜੀ 'ਚ ਆਪਣੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ।
ਫਰਜ਼ੀ ਟਰੈਵਲ ਏਜੰਟਾਂ ਦੇ ਮੁੱਦੇ 'ਤੇ ਸਖ਼ਤੀ
ਮੁੱਖ ਮੰਤਰੀ ਭਗਵੰਤ ਮਾਨ ਨੇ NZC ਦੀ ਮੀਟਿੰਗ 'ਚ ਫਰਜ਼ੀ ਟਰੈਵਲ ਏਜੰਟਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਕੁਝ ਏਜੰਟ ਲੋਕਾਂ ਨੂੰ ਟੂਰਿਸਟ ਵੀਜ਼ੇ 'ਤੇ ਕੰਮ ਕਰਨ ਲਈ ਬਾਹਰ ਭੇਜਦੇ ਹਨ ਜਿਸ ਕਾਰਨ ਬੇਕਸੂਰ ਲੋਕ ਉੱਥੇ ਫਸ ਜਾਂਦੇ ਹਨ। ਅਜਿਹੇ ਟਰੈਵਲ ਏਜੰਟਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਪੰਜਾਬ 'ਚ ਹੁੰਦੀ ਹੈ, ਇਸ ਬਾਰੇ ਬਾਕੀ ਸੂਬਿਆਂ ਨੂੰ ਵੀ ਦੱਸਿਆ ਜਾਵੇ। ਮੁੱਖ ਮੰਤਰੀ ਮਾਨ ਫਰਜ਼ੀ ਏਜੰਟਾਂ ਦੀਆਂ ਗਤੀਵਿਧੀਆਂ 'ਤੇ ਸਾਂਝੇ ਤੌਰ 'ਤੇ ਨਜ਼ਰ ਰੱਖਣ ਦੀ ਲੋੜ ਹੈ। ਇੰਡੀਅਨ ਇਮੀਗ੍ਰੇਸ਼ਨ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਜ਼ਿਲ੍ਹਾ ਮੈਜਿਸਟਰੇਟ ਅਤੇ ਐਸਐਸਪੀ ਨੂੰ ਹੋਰ ਤਾਕਤਾਂ ਦਿੱਤੀਆਂ ਜਾਣ।
ਸੀਐੱਮ ਮਾਨ ਨੇ RDF ਦੇ ਮੁੱਦੇ 'ਤੇ ਰੱਖਿਆ ਪੱਖ
ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਹਾਤੀ ਵਿਕਾਸ ਫੰਡ (RDF) ਦੇ ਮੁੱਦੇ 'ਤੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁੱਦਾ ਮੇਰੇ ਦਿਲ ਦੇ ਸਭ ਤੋਂ ਨੇੜੇ ਹੈ। ਪੰਜਾਬ ਦੇ ਕਿਸਾਨ ਲਗਾਤਾਰ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ। ਕੇਂਦਰ ਸਰਕਾਰ ਦੀਆਂ ਨਜ਼ਰਾਂ 'ਚ ਕਿਸਾਨ ਸਭ ਤੋਂ ਵੱਧ ਅਣਗੌਲਿਆ ਗਿਆ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਰਵੱਈਆ ਅਪਣਾਇਆ ਹੋਇਆ ਹੈ। ਪੰਜਾਬ ਨੇ ਲੋੜ ਤੋਂ ਵੱਧ ਅਨਾਜ ਉਗਾਇਆ ਹੈ। ਅਸੀਂ ਆਪਣੀ ਜ਼ਮੀਨ ਅਤੇ ਪਾਣੀ ਦੋਵੇਂ ਖਰਾਬ ਕਰ ਲਏ ਹਨ। ਬਦਕਿਸਮਤੀ ਨਾਲ ਪੰਜਾਬ ਅਤੇ ਇਸ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਰਹੇ। ਐਫ.ਸੀ.ਆਈ. ਨੂੰ ਅਨਾਜ ਖਰੀਦ ਬਦਲੇ ਪੰਜਾਬ ਦੇ ਖਰਚਿਆਂ ਦੀ ਭਰਪਾਈ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀ।
ਨੀਮ ਫ਼ੌਜੀ ਬਲਾਂ 'ਤੇ ਖਰਚੇ ਦਾ ਮੁੱਦਾ
ਨੀਮ ਫੌਜੀ ਬਲਾਂ ਦੀ ਤਾਇਨਾਤੀ ਦੇ ਖਰਚੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਰਵੱਈਆ ਸਖ਼ਤ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਇਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣਾ ਜ਼ਰੂਰੀ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਨੀਮ ਫੌਜੀ ਬਲਾਂ ਦੀ ਤਾਇਨਾਤੀ ਲਈ ਵੀ ਸਾਡੇ ਤੋਂ ਪੈਸੇ ਲਏ ਜਾਂਦੇ ਹਨ। ਜਿਸ ਰਾਜ ਦੇ ਪੁੱਤਰ ਫੌਜ 'ਚ ਸ਼ਹੀਦ ਹੋਏ, ਉਨ੍ਹਾਂ ਤੋਂ ਫੀਸਾਂ ਵਸੂਲੀਆਂ ਜਾਂਦੀਆਂ ਹਨ। ਉਨ੍ਹਾਂ ਨੀਮ ਸੈਨਿਕ ਬਲਾਂ ਦੇ ਇਸ ਖਰਚੇ ਤੋਂ ਪੰਜਾਬ ਨੂੰ ਮੁਕਤ ਕਰਨ ਦੀ ਮੰਗ ਕੀਤੀ।
NZC ਦੀ ਮੀਟਿੰਗ 'ਚ ਗੂੰਜਿਆ ਪੰਜਾਬ ਯੂਨੀਵਰਸਿਟੀ ਦਾ ਮੁੱਦਾ
ਹਰਿਆਣਾ ਨੇ ਆਪਣੇ ਕਾਲਜਾਂ ਨੂੰ ਮਾਨਤਾ ਦੇਣ ਦਾ ਮੁੱਦਾ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ। ਹਰਿਆਣਾ ਨੇ 50 ਸਾਲ ਤਕ ਕੋਈ ਮਾਨਤਾ ਨਹੀਂ ਲਈ। ਫਿਰ ਹੁਣ ਕਿਹੜੇ ਹਾਲਾਤ ਬਦਲ ਗਏ ਹਨ ਕਿ ਪਛਾਣ ਦੀ ਲੋੜ ਹੈ। ਮੇਰੀ ਅਪੀਲ ਹੈ ਕਿ ਇਸ ਮੁੱਦੇ ਨੂੰ ਭਵਿੱਖ ਲਈ ਵੀ ਬੰਦ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨੂੰ NZC ਮੀਟਿੰਗ ਦੇ ਏਜੰਡੇ ਤੋਂ ਵੀ ਹਟਾ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਤੀ ਘਾਟੇ ਨੂੰ ਦੂਰ ਕੀਤਾ ਹੈ। ਅਸੀਂ ਗ੍ਰਾਂਟ-ਇਨ-ਏਡ 'ਚ ਵਾਧਾ ਕੀਤਾ ਹੈ। ਯੂਨੀਵਰਸਿਟੀ ਵਿੱਚ ਨਵੇਂ ਹੋਸਟਲ ਲਈ ਫੰਡ ਜਾਰੀ ਕੀਤਾ। ਕੇਂਦਰ ਸਰਕਾਰ ਨੂੰ ਵੀ ਯੂਜੀਸੀ ਦੇ ਤਨਖਾਹ ਸਕੇਲ ਲਈ ਫੰਡ ਜਾਰੀ ਕਰਨਾ ਚਾਹੀਦਾ ਹੈ।
ਸ਼ਾਨਨ ਪਾਵਰ ਪ੍ਰੋਜੈਕਟ ਦੇ ਮੁੱਦੇ 'ਤੇ ਹਿਮਾਚਲ ਸਰਕਾਰ ਦਾ ਵਿਰੋਧ
ਸ਼ਾਨਨ ਪਾਵਰ ਪ੍ਰੋਜੈਕਟ ਦਾ ਮੁੱਦਾ ਵੀ NZC ਦੀ ਮੀਟਿੰਗ ਵਿੱਚ ਉਠਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੀ ਮੰਗ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਪ੍ਰੋਜੈਕਟ ਦੇ ਰੂਪ 'ਚ ਕੋਈ ਬਦਲਾਅ ਨਹੀਂ ਹੋਣਾ ਚਾਹੀਦਾ । ਹਿਮਾਚਲ ਨੂੰ ਪਾਵਰ ਪ੍ਰੋਜੈਕਟ ਦੇਣ ਦਾ ਫੈਸਲਾ ਗਲਤ ਹੋਵੇਗਾ। ਪੰਜਾਬ ਨੇ 1975 ਤੋਂ 1982 ਦਰਮਿਆਨ ਇਸ ਪ੍ਰੋਜੈਕਟ ਦਾ ਵਿਸਥਾਰ ਕੀਤਾ ਹੈ। ਪ੍ਰੋਜੈਕਟ ਸਮਰੱਥਾ 48 ਮੈਗਾਵਾਟ ਤੋਂ 110 ਮੈਗਾਵਾਟ ਤਕ ਵਧ ਗਈ ਹੈ। ਇਸ ਦੇ ਉਲਟ ਕੋਈ ਵੀ ਫੈਸਲਾ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੋਵੇਗਾ।
ਹੋਟਲ ਤਾਜ ਸਵਰਨਾ 'ਚ ਮਾਨ ਤੇ ਪੁਰੋਹਿਤ ਨੇ ਕੀਤਾ ਸ਼ਾਹ ਦਾ ਸਵਾਗਤ
ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੋਟਲ ਤਾਜ ਸਵਰਨਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਵਾਗਤ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੀ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ।
ਭਾਜਪਾ ਵੱਲੋਂ ਲਾਏ ਹੋਰਡਿੰਗ ਹਟਾਏ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਨਗਰ ਨਿਗਮ ਨੇ ਹੋਟਲ ਤਾਜ ਤੇ ਸਰਕੂਲਰ ਰੋਡ ਤੋਂ ਭਾਜਪਾ ਵੱਲੋਂ ਲਗਾਏ ਹੋਰਡਿੰਗ ਹਟਾ ਦਿੱਤੇ ਹਨ।